ਖੇਤੀ ਟਿਊਬਵੈੱਲਾਂ ਦੇ ਬਿੱਲ ਲਾਉਣ ਦੇ ਫ਼ੈਸਲੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਢੀਂਡਸਾ

05/29/2020 4:06:00 PM

ਸੰਗਰੂਰ (ਸਿੰਗਲਾ) : ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਖੇਤੀ ਟਿਊਬਵੈੱਲਾਂ ਦੇ ਬਿੱਲ ਲਾਉਣ ਦੇ ਫੈਸਲੇ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੰਜਾਬ ਦਾ ਕਿਸਾਨ ਬਹੁਤ ਔਖੀ ਆਰਥਿਕ ਆਫਤ 'ਚੋਂ ਲੰਘ ਰਿਹਾ ਹੈ। ਖੇਤੀਬਾੜੀ ਘਾਟੇ ਦਾ ਧੰਦਾ ਬਣ ਕੇ ਰਹਿ ਗਈ ਹੈ। ਇਸ ਕਾਰਨ ਕਿਸਾਨ ਬਿਜਲੀ ਬਿੱਲ ਭਰਨ ਦੇ ਸਮਰੱਥ ਵੀ ਨਹੀਂ ਹੈ। ਢੀਂਡਸਾ ਨੇ ਕਿਹਾ ਕਿ ਇਹ ਬਹੁਤ ਹੀ ਸੰਵੇਦਨਸ਼ੀਲ ਮਾਮਲਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨ ਜਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਰਜ਼ਾਮੰਦੀ ਤੋਂ ਬਗੈਰ ਅਜਿਹਾ ਕੋਈ ਫੈਸਲਾ ਨਹੀਂ ਲੈਣਾ ਚਾਹੀਦਾ, ਜਿਸ ਨਾਲ ਪਹਿਲਾਂ ਹੀ ਆਰਥਿਕ ਮੰਦਹਾਲੀ ਨਾਲ ਜੂਝ ਰਹੇ ਕਿਸਾਨਾਂ ਨੂੰ ਹੋਰ ਦਿੱਕਤਾਂ ਨਾਲ ਨਜਿੱਠਣਾ ਪਵੇ। ਉਨ੍ਹਾਂ ਕੈਬਨਿਟ ਬੈਠਕ ਦੇ ਖੇਤੀ ਟਿਊਬਵੈੱਲਾਂ ਬਾਰੇ ਲਏ ਫ਼ੈਸਲੇ ਨੂੰ ਬਹੁਤ ਹੀ ਮੰਦਭਾਗਾ ਦੱਸਦਿਆ ਕਿਹਾ ਕਿ ਇਸ ਤਰ੍ਹਾਂ ਕਿਸਾਨ ਹੋਰ ਨਿਰਾਸ਼ਾ ਦੇ ਆਲਮ 'ਚ ਖੜ੍ਹ ਗਏ ਹਨ। 

ਇਹ ਵੀ ਪੜ੍ਹੋ ► ਭਾਰਤ ਦੀ ਲੜਖੜਾਉਂਦੀ ਕੂਟਨੀਤੀ ਦਾ ਨਤੀਜਾ ਹੈ ਚੀਨ ਦੀ ਜ਼ੁਰਅੱਤ 

ਇਥੇ ਜਾਰੀ ਪ੍ਰੈਸ ਨੋਟ ਰਾਹੀਂ ਢੀਂਡਸਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਪਹਿਲਾਂ ਆਪਣੇ ਵਜ਼ੀਰਾਂ ਅਤੇ ਵਿਧਾਇਕਾਂ ਨੂੰ ਮੁਫ਼ਤ ਬਿਜਲੀ ਛੱਡਣ ਦੀ ਅਪੀਲ ਕਰਕੇ ਵੇਖ ਵੀ ਲਈ ਹੈ ਜਦੋਂ ਉਨ੍ਹਾਂ ਨੇ ਹੱਥ ਨਹੀਂ ਧਰਾਇਆ ਤਾਂ ਸਹਿਜੇ ਹੀ ਅੰਦਾਜ਼ਾ ਲੱਗ ਸਕਦਾ ਹੈ ਕਿ ਫਿਰ ਆਮ ਕਿਸਾਨ ਦੀ ਆਰਥਿਕ ਸਥਿਤੀ ਕੀ ਹੋਵੇਗੀ। ਉਨ੍ਹਾਂ ਟਿਊਬਵੈਲਾਂ ਦੀ ਸਬਸਿਡੀ ਖਾਤਿਆਂ 'ਚ ਪਾਉਣ ਦੀ ਪ੍ਰਣਾਲੀ ਨੂੰ ਮੁੱਢੋਂ ਹੀ ਰੱਦ ਕਰਦਿਆ ਕਿਹਾ ਕਿ ਇਸ ਨਾਲ ਕਿਸਾਨ ਹੋਰ ਵੱਡੀ ਮੁਸ਼ਕਲ ਵਿੱਚ ਫਸ ਜਾਣਗੇ ਕਿਉਂਕਿ ਬਹੁਤੇ ਕਿਸਾਨਾਂ ਦੇ ਟਿਊਬਵੈੱਲ ਬਜ਼ੁਰਗਾਂ ਦੇ ਨਾਂ ਖੜ੍ਹੇ ਹਨ।
ਢੀਂਡਸਾ ਨੇ ਕਿਹਾ ਕਿ ਸਿੱਧੇ ਖਾਤਿਆਂ ਵਿੱਚ ਪੈਸੇ ਪਾਉਣ ਦੀਆਂ ਬਹੁਤੀਆਂ ਸਕੀਮਾਂ ਫੇਲ੍ਹ ਹੋ ਕੇ ਰਹਿ ਗਈਆਂ ਹਨ। ਇਸ ਕਾਰਨ ਇਹ ਸਕੀਮ ਕਿਸਾਨਾਂ ਨੂੰ ਉੱਕਾ ਹੀ ਮਨਜ਼ੂਰ ਨਹੀਂ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਨਾਲ ਨਜਿੱਜਣ 'ਚ ਕਿਸਾਨਾਂ ਨੇ ਆਰਥਿਕ ਮੁਸੀਬਤਾਂ ਝੱਲਕੇ ਵੱਡਾ ਯੋਗਦਾਨ ਪਾਇਆ ਹੈ।
ਉਧਰ ਨਕਲੀ ਬੀਜਾਂ ਦੀ ਵਿਕਰੀ ਨੇ ਕਿਸਾਨਾਂ ਦਾ ਨੁਕਸਾਨ ਕੀਤਾ ਹੈ। ਕਿਸਾਨ ਕਰਜ਼ਾ ਨਾ ਮੋੜ ਸਕਣ ਦੀ ਮੁਸੀਬਤ ਅਤੇ ਮਜ਼ਬੂਰੀ ਕਾਰਨ ਖੁਦਕੁਸ਼ੀ ਕਰ ਰਹੇ ਹਨ ਅਜਿਹੇ ਹਾਲਾਤ 'ਚ ਕਿਸਾਨਾਂ ਉਪਰ ਹੋਰ ਬੋਝ ਪਾਉਣਾ ਨਿਰਾ ਧੱਕਾ ਹੈ।

 

Anuradha

This news is Content Editor Anuradha