ਛੁੱਟੀ ਲੈ ਕੇ ਵਿਦੇਸ਼ ਜਾਣ ਵਾਲੇ ਮੁਲਾਜ਼ਮਾਂ 'ਤੇ ਸਿੱਖਿਆ ਵਿਭਾਗ ਨੇ ਕੱਸਿਆ ਸ਼ਿਕੰਜਾ, ਜਾਰੀ ਕੀਤਾ ਇਹ ਫ਼ਰਮਾਨ

07/13/2022 5:19:33 PM

ਲੁਧਿਆਣਾ(ਵਿੱਕੀ) : ਸਕੂਲ ਸਿੱਖਿਆ ਵਿਭਾਗ ਪੰਜਾਬ ’ਚ ਕੰਮ ਕਰਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਵਲੋਂ ਆਮ ਕਰ ਕੇ ਵਿਦੇਸ਼ੀ ਛੁੱਟੀ ਤੇ ਹੋਰ ਛੁੱਟੀਆਂ ਲਈਆਂ ਜਾਂਦੀਆਂ ਹਨ ਪਰ ਵਿਭਾਗ ਨੇ ਪਾਇਆ ਹੈ ਕਿ ਸਬੰਧਤ ਅਧਿਕਾਰੀ ਅਤੇ ਮੁਲਾਜ਼ਮ ਛੁੱਟੀ ਅਪਲਾਈ ਕਰਨ ਦੇ ਨਾਲ ਹੀ ਆਪਣੀ ਵਿਦੇਸ਼ ਯਾਤਰਾ ਲਈ ਹਵਾਈ ਟਿਕਟ ਵੀ ਬੁੱਕ ਕਰਵਾ ਲੈਂਦੇ ਹਨ, ਜਦੋਂਕਿ ਉਨ੍ਹਾਂ ਦੀ ਛੁੱਟੀ ਮਨਜ਼ੂਰ ਨਹੀਂ ਹੋਈ ਹੁੰਦੀ।

ਇਹ ਵੀ ਪੜ੍ਹੋ: ਮੁਹੱਲਾ ਕਲੀਨਿਕਾਂ 'ਚ ਸਟਾਫ਼ ਭਰਤੀ ਲਈ ਨਿਯਮ ਤਿਆਰ, ਇਸ ਆਧਾਰ 'ਤੇ ਮਿਲੇਗੀ ਤਨਖ਼ਾਹ

ਇਸ ਸਬੰਧੀ ਸਿੱਖਿਆ ਵਿਭਾਗ ਵਲੋਂ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਵਿਸ਼ੇਸ਼ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਨ੍ਹਾਂ ਨਿਰਦੇਸ਼ਾਂ ’ਚ ਕਿਹਾ ਗਿਆ ਹੈ ਕਿ ਵਿਭਾਗ ਦੇ ਧਿਆਨ ਵਿਚ ਆਇਆ ਹੈ ਕਿ ਸਿੱਖਿਆ ਵਿਭਾਗ ਦੇ ਅਧਿਕਾਰੀਆਂ, ਮੁਲਾਜ਼ਮਾਂ ਵਲੋਂ ਅਪਲਾਈ ਕੀਤੀ ਜਾਣ ਵਾਲੀ ਵਿਦੇਸ਼ੀ ਛੁੱਟੀ ਤੇ ਹੋਰ ਛੁੱਟੀਆਂ ਈ–ਪੰਜਾਬ ਪੋਰਟਲ ’ਤੇ ਆਨਲਾਈਨ ਮਨਜ਼ੂਰ ਹੋਣ ਤੋਂ ਪਹਿਲਾਂ ਹੀ ਫਲਾਈਟ ਦੀ ਟਿਕਟ ਜਾਂ ਯਾਤਰਾ ਸਬੰਧੀ ਜ਼ਰੂਰੀ ਬੁਕਿੰਗਸ ਪਹਿਲਾਂ ਹੀ ਕਰਵਾ ਲਈਆਂ ਜਾਂਦੀਆਂ ਹਨ। ਪੱਤਰ ’ਚ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਨ੍ਹਾਂ ਤਹਿਤ ਕੰਮ ਕਰ ਰਹੇ ਸਾਰੇ ਅਧਿਕਾਰੀਆਂ, ਮੁਲਾਜ਼ਮਾਂ ਨੂੰ ਸੂਚਿਤ ਕੀਤਾ ਜਾਵੇ ਕਿ ਉਨ੍ਹਾਂ ਵਲੋਂ ਈ-ਪੰਜਾਬ ਪੋਰਟਲ ’ਤੇ ਆਨਲਾਈਨ ਅਪਲਾਈ ਕੀਤੀ ਜਾਣ ਵਾਲੀ ਵਿਦੇਸ਼ੀ ਛੁੱਟੀ ਜਾਂ ਹੋਰ ਛੁੱਟੀਆਂ ਦੀ ਮਨਜ਼ੂਰੀ ਉਪਰੰਤ ਹੀ ਫਲਾਈਟ ਦੀ ਟਿਕਟ ਜਾਂ ਯਾਤਰੀ ਸਬੰਧੀ ਜ਼ਰੂਰੀ ਬੁਕਿੰਗ ਕਰਵਾਈ ਜਾਵੇ।

ਇਹ ਵੀ ਪੜ੍ਹੋ: ਪਰਿਵਾਰ 'ਤੇ ਟੁੱਟਾ ਦੁੱਖਾਂ ਦਾ ਪਹਾੜ, ਪੁੱਤ ਦੀ ਸੱਪ ਦੇ ਡੰਗਣ ਨਾਲ ਮੌਤ, ਫੁੱਲ ਚੁਗਦਿਆਂ ਪਿਓ ਨੇ ਵੀ ਤੋੜਿਆ ਦਮ

ਜ਼ਿਲ੍ਹਾ ਸਿੱਖਿਆ ਅਧਿਕਾਰੀ ਚੈੱਕ ਕਰਨਗੇ ਪੂਰੇ ਦਸਤਾਵੇਜ਼

ਵਿਭਾਗ ਵਲੋਂ ਜਾਰੀ ਨਿਰਦੇਸ਼ਾਂ ਵਿਚ ਇਹ ਵੀ ਕਿਹਾ ਗਿਆ ਹੈ ਕਿ ਅਧਿਕਾਰੀਆਂ, ਮੁਲਾਜ਼ਮਾਂ ਵਲੋਂ ਲਈ ਜਾਣ ਵਾਲੀ ਛੁੱਟੀ ਸਬੰਧੀ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਵਲੋਂ ਆਨਲਾਈਨ ਪੋਰਟਲ ’ਤੇ ਅਟੈਚਡ ਦਸਤਾਵੇਜ਼ ਚੰਗੀ ਤਰ੍ਹਾਂ ਚੈੱਕ ਕਰ ਕੇ ਹੀ ਦਫ਼ਤਰ ਨੂੰ ਭੇਜੇ ਜਾਣ।

ਛੁੱਟੀ ਤੋਂ ਬਾਅਦ ਗੈਰ-ਹਾਜ਼ਰ ਹੋਣ ਵਾਲੇ ਮੁਲਾਜ਼ਮਾਂ ਦੀ ਦੇਣੀ ਹੋਵੇਗੀ ਸੂਚਨਾ

ਇਸ ਤੋਂ ਇਲਾਵਾ ਵਿਭਾਗ ਕਿਹਾ ਕਿ ਅਧਿਕਾਰੀ, ਮੁਲਾਜ਼ਮ ਆਪਣੀ ਮਨਜ਼ੂਰ ਛੁੱਟੀ ਲੈਣ ਉਪਰੰਤ ਨਿਰਧਾਰਿਤ ਸਮੇਂ ’ਤੇ ਆਪਣੇ ਡਿਊਟੀ ਸਟੇਸ਼ਨ ’ਤੇ ਹਾਜ਼ਰ ਨਹੀਂ ਹੁੰਦੇ ਅਤੇ ਉਨ੍ਹਾਂ ਵਲੋਂ ਮਨਜ਼ੂਰ ਕੀਤੀ ਛੁੱਟੀ ਤੋਂ ਜ਼ਿਆਦਾ ਛੁੱਟੀ ਲੈ ਲਈ ਜਾਂਦੀ ਹੈ। ਇਸ ਲਈ ਵਿਭਾਗ ਵਲੋਂ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਕੋਈ ਅਧਿਕਾਰੀ, ਮੁਲਾਜ਼ਮ ਆਪਣੀ ਮਨਜ਼ੂਰ ਕੀਤੀ ਗਈ ਛੁੱਟੀ ਲੈਣ ਉਪਰੰਤ ਜੇਕਰ ਸਮੇਂ ’ਤੇ ਆਪਣੇ ਡਿਊਟੀ ਸਥਾਨ ’ਤੇ ਹਾਜ਼ਰ ਨਹੀਂ ਹੁੰਦਾ ਤਾਂ ਸਬੰਧਤ ਜ਼ਿਲ੍ਹਾ ਸਿੱਖਿਆ ਅਧਿਕਾਰੀ ਅਤੇ ਸਕੂਲ ਮੁਖੀ ਇਸ ਦੀ ਸੂਚਨਾ ਤੁਰੰਤ ਮੁੱਖ ਦਫ਼ਤਰ ਨੂੰ ਦੇਣਗੇ।

ਇਹ ਵੀ ਪੜ੍ਹੋ:  ਨਵੀਂ ਉਦਯੋਗਿਕ ਨੀਤੀ : ਇਨ੍ਹਾਂ 5 ਪਹਿਲੂਆਂ ’ਤੇ ਵਿਚਾਰ ਕਰੇ ਪੰਜਾਬ ਸਰਕਾਰ

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।

Harnek Seechewal

This news is Content Editor Harnek Seechewal