ਤਸਵੀਰਾਂ ''ਚ ਦੇਖੋਂ ਕਲਯੁਗੀ ਮਾਂ ਦੀ ਕਰਤੂਤ, ਦੁੱਧਮੂੰਹੀਆਂ ਧੀਆਂ ਨੂੰ ਦਿੱਤੀ ਦਿਲ-ਦਹਿਲਾਉਣ ਵਾਲੀ ਮੌਤ

08/14/2017 9:35:09 PM

ਫਗਵਾੜਾ (ਜਲੋਟਾ) - ਫਗਵਾੜਾ ਦੇ ਪਿੰਡ ਕਿਸ਼ਨਪੁਰ 'ਚ ਵਾਪਰੀ ਦਿਲ-ਦਹਿਲਾਉਣ ਵਾਲੀ ਘਟਨਾ 'ਚ ਇਕ ਕਲਯੁਗੀ ਮਾਂ ਵਲੋਂ ਆਪਣੇ ਹੱਥਾਂ ਨਾਲ 2 ਦੁੱਧਮੂੰਹੀਆਂ ਬੇਟੀਆਂ ਨੂੰ ਕਥਿਤ ਤੌਰ 'ਤੇ ਤਲਾਬ 'ਚ ਸੁੱਟਕੇ ਉਨ੍ਹਾਂ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀ ਮਾਂ ਜਿਸ ਦੀ ਪਛਾਣ ਮੁੰਨੀ ਪਤਨੀ ਮੁਖਲ ਉਰਫ ਸੂਰਜ ਵਾਸੀ ਤੇਜਪੁਰ ਆਸਾਮ ਹਾਲ ਵਾਸੀ ਨਕੋਦਰ ਹੈ, ਵਲੋਂ ਇਸਦੇ ਬਾਅਦ ਉਸ ਹੀ ਤਲਾਬ ਦੇ ਕੋਲ ਸਥਿਤ ਇਕ ਦਰੱਖਤ ਦੇ ਨਾਲ ਚੁੰਨੀ ਬੰਨ੍ਹ ਕੇ ਖੁਦ ਨੂੰ ਫੰਦਾ ਲਗਾ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਪਰ ਦਰੱਖਤ ਦੀ ਟਾਹਣੀ ਟੁੱਟ ਗਈ ਤੇ ਉਹ ਬਚ ਗਈ।


ਇਸਦੇ ਬਾਅਦ ਘਟਨਾ ਸਥਾਨ 'ਤੇ ਪਹੁੰਚੇ ਪੁਲਸ ਥਾਣਾ ਸਦਰ ਦੇ ਐੱਸ. ਐੱਚ. ਓ. ਲਖਬੀਰ ਸਿੰਘ ਦੀ ਅਗਵਾਈ 'ਚ ਪੁਲਸ ਚੌਕੀ ਚਹੇੜੂ ਦੀ ਟੀਮ ਨੇ ਦੋਸ਼ੀ ਮੁੰਨੀ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਥਾਣਾ ਸਦਰ ਦੀ ਟੀਮ ਨੇ ਤਲਾਬ 'ਚੋਂ ਬੱਚਿਆਂ ਜਿਨ੍ਹਾਂ ਦੀ ਪਛਾਣ ਨੇਹਾ(3 ਸਾਲ) ਤੇ ਮੀਨਾ (1 ਸਾਲ) ਹੈ, ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਤੇ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਦੇ ਮੁਰਦਾਘਰ 'ਚ ਭੇਜ ਦਿੱਤਾ। ਪੁਲਸ ਨੇ ਘਟਨਾ ਨੂੰ ਲੈ ਕੇ ਸ਼ਿਕਾਇਤਕਰਤਾ ਹਰਜਿੰਦਰ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਖੋਥੜਾਂ ਖੱਲਣ ਪੁਲਸ ਥਾਣਾ ਬੰਗਾ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਬਿਆਨ 'ਤੇ ਦੋਸ਼ੀ ਮੁੰਨੀ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


ਪਤੀ ਦੇ ਘਰ ਛੱਡ ਕੇ ਜਾਣ 'ਤੇ ਦਿੱਤਾ ਵਾਰਦਾਤ ਨੂੰ ਅੰਜਾਮ
ਇਸ ਦੌਰਾਨ ਦੋਸ਼ੀ ਮੁੰਨੀ ਨੇ 'ਜਗ ਬਾਣੀ' ਨੂੰ ਗੱਲਬਾਤ ਦੌਰਾਨ ਦੱਸਿਆ ਕਿ ਉਸਨੇ ਪੂਰੇ ਹੋਸ਼ 'ਚ ਆਪਣੀਆਂ ਬੇਟੀਆਂ ਦੀ ਤਾਲਾਬ 'ਚ ਡੁੱਬੋ ਕੇ ਹੱਤਿਆ ਕੀਤੀ। ਉਸਨੇ ਦੱਸਿਆ ਕਿ ਪਿਛਲੇ ਇਕ ਹਫਤੇ ਤੋਂ ਉਸਦਾ ਪਤੀ ਮੁਖਲ ਜੋ ਝਾਰਖੰਡ ਦੇ ਰਹਿਣ ਵਾਲਾ ਹੈ, ਘਰ ਛੱਡ ਕੇ ਕਿਧਰੇ ਚਲਾ ਗਿਆ ਹੈ। ਉਸਨੇ ਕਿਹਾ ਕਿ ਉਸਦੇ ਪਤੀ ਨੂੰ ਉਸਦੇ ਚਰਿੱਤਰ 'ਤੇ ਸ਼ੱਕ ਸੀ ਤੇ ਉਹ ਕਈ ਵਾਰ ਗੱਲਾਂ-ਗੱਲਾਂ 'ਚ ਉਸਨੂੰ ਇਹ ਤਾਅਨਾ ਮਾਰਦਾ ਸੀ ਕਿ ਇਹ ਬੇਟੀਆਂ ਉਸਦੀਆਂ ਨਹੀਂ ਹਨ। ਉਹ ਇਹ ਸੁਣਕੇ ਪ੍ਰੇਸ਼ਾਨ ਹੋ ਜਾਂਦੀ ਸੀ ਪਰ ਹੱਦ ਤਾਂ ਉਦੋਂ ਹੋ ਗਈ, ਜਦ ਉਸਦੇ ਪਤੀ ਸੂਰਜ ਨੇ ਪਿਛਲੇ ਦਿਨੀਂ ਉਸਨੂੰ ਕੁਝ ਅਜਿਹੀਆਂ ਗੱਲਾਂ ਕਹੀਆਂ, ਜੋ ਬਰਦਾਸ਼ਤ ਤੋਂ ਬਾਹਰ ਸੀ। ਇਸ 'ਤੇ ਉਸਦਾ ਪਤੀ ਉਸਨੂੰ ਤੇ ਉਸਦੀਆਂ ਬੇਟੀਆਂ ਨੂੰ ਛੱਡ ਕੇ ਕਿਤੇ ਚਲਾ ਗਿਆ ਤੇ ਉਸਦਾ ਕੋਈ ਅਤਾ-ਪਤਾ ਨਹੀਂ ਹੈ। ਜਿਸਦੇ ਕਾਰਨ ਉਸਨੇ ਆਪਣੀਆਂ ਬੇਟੀਆਂ ਦੀ ਹੱਤਿਆ ਕਰਨ ਦੇ ਬਾਅਦ ਖੁਦ ਆਤਮਹੱਤਿਆ ਕਰਕੇ ਆਪਣੀ ਜੀਵਨ-ਲੀਲਾ ਸਮਾਪਤ ਕਰਨ ਜਾ ਰਹੀ ਸੀ।