ਕਾਲੇ ਪੀਲੀਏ ਨਾਮਕ ਬਿਮਾਰੀ ਦਾ ਸ਼ਿਕਾਰ ਹੋਏ ਗਰੀਬ ਨੌਜਵਾਨ ਦੀ ਮੌਤ

04/23/2018 5:06:48 PM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ, ਪਵਨ ਤਨੇਜਾ) - ਇਸ ਖੇਤਰ ਵਿਚ ਕਾਲੇ ਪੀਲੀਏ ਦੀ ਬਿਮਾਰੀ ਨੇ ਆਪਣੇ ਪੈਰ ਪਸਾਰ ਲਏ ਹਨ ਅਤੇ ਇਸ ਬਿਮਾਰੀ ਕਾਰਨ ਕਈ ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ। ਬੀਤੀ ਸ਼ਾਮ ਪਿੰਡ ਭਾਗਸਰ ਵਿਖੇ ਵੀ ਇਕ ਗਰੀਬ ਨੌਜਵਾਨ ਇਸ ਬਿਮਾਰੀ ਦਾ ਸ਼ਿਕਾਰ ਹੋ ਗਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। 
ਮਿਲੀ ਜਾਣਕਾਰੀ ਅਨੁਸਾਰ ਬਾਵਰੀਆਂ ਸਿੱਖ ਜਾਤੀ ਨਾਲ ਸਬੰਧ ਰੱਖਦੇ ਰੁਲਦੂ ਸਿੰਘ ਪੁੱਤਰ ਗੁਰਚਰਨ ਸਿੰਘ ਉਮਰ 30 ਸਾਲ ਪਿਛਲੇਂ ਕਰੀਬ ਦੋ ਸਾਲਾਂ ਤੋਂ ਉਕਤ ਬਿਮਾਰੀ ਤੋਂ ਪੀੜਤ ਸੀ। ਉਸ ਦੇ ਗਰੀਬ ਮਾਂ-ਬਾਪ ਨੇ ਸ੍ਰੀ ਮੁਕਤਸਰ ਸਾਹਿਬ , ਬਠਿੰਡਾ ਅਤੇ ਹੋਰ ਕਈ ਥਾਵਾਂ ਦੇ ਹਸਪਤਾਲਾਂ ਵਿਚ ਜਾ ਕੇ ਆਪਣੇ ਪੁੱਤਰ ਦਾ ਇਲਾਜ ਕਰਵਾਇਆ ਪਰ ਇਸ ਦੇ ਬਾਵਜੂਦ ਉਕਤ ਨੌਜਵਾਨ ਬਚ ਨਹੀਂ ਸਕਿਆ। ਮ੍ਰਿਤਕ ਨੌਜਵਾਨ ਰੁਲਦੂ ਸਿੰਘ ਆਪਣੇ ਮਾਂ-ਬਾਪ ਤੋਂ ਇਲਾਵਾ ਆਪਣੀ ਪਤਨੀ , ਦੋ ਨਿੱਕੇ ਪੁੱਤਰਾਂ ਤੇ ਇਕ ਨਿੱਕੀ ਪੁੱਤਰੀ ਨੂੰ ਛੱਡ ਗਿਆ ਹੈ। ਇਸ ਮੌਕੇ ਸਮੁੱਚੇ ਪਿੰਡ ਵਾਸੀਆਂ ਨੇ ਨੌਜਵਾਨ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਇਕਾਈ ਪ੍ਰਧਾਨ ਬੱਬਲਜੀਤ ਸਿੰਘ, ਸਾਬਕਾ ਸਰਪੰਚ ਪਰਮਜੀਤ ਸਿੰਘ , ਪੰਚਾਇਤ ਮੈਂਬਰ ਮਹਿੰਦਰ ਸਿੰਘ ਛਿੰਦੀ ਆਦਿ ਨੇ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਮੰਗ ਕੀਤੀ ਕਿ ਉਕਤ ਗਰੀਬ ਪਰਿਵਾਰ ਦੀ ਆਰਥਿਕ ਤੌਰ 'ਤੇ ਮਦਦ ਕਰਨ। ਇਸੇ ਦੌਰਾਨ ਇਕ ਹੋਰ ਨੌਜਵਾਨ ਸੁਖਵਿੰਦਰ ਸਿੰਘ ਉਰਫ਼ ਫੌਜੀ ਪੁੱਤਰ ਸਵ : ਬਹਾਦਰ ਸਿੰਘ ਉਮਰ 21 ਸਾਲ ਦੀ ਵੀ ਬੀਤੀ ਸ਼ਾਮ ਹੀ ਮੌਤ ਹੋ ਗਈ। ਦੋਵੇਂ ਮ੍ਰਿਤਕ ਨੌਜਵਾਨ ਇਕ ਦੂਜੇ ਦੇ ਗੁਆਂਢੀ ਸਨ।