ਸਡ਼ਕ ਹਾਦਸੇ ’ਚ ਨੌਜਵਾਨ ਦੀ ਮੌਤ

06/23/2018 12:22:06 AM

ਸ੍ਰੀ ਕੀਰਤਪੁਰ ਸਾਹਿਬ, (ਬਾਲੀ)- ਚੰਗਰ ਇਲਾਕੇ ਦੇ ਪਿੰਡ ਚੀਕਣਾ ਨਜ਼ਦੀਕ ਇਕ ਮੋਟਰਸਾਈਕਲ ਦੇ ਅੱਗੇ ਅਾਵਾਰਾ ਪਸ਼ੂ ਆਉਣ ਕਾਰਨ ਮੋਟਰਸਾਈਕਲ ਸਲਿੱਪ ਹੋ ਗਿਆ, ਜਿਸ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ ਤੇ ਇਕ ਜ਼ਖਮੀ ਹੋ ਗਿਆ। 
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ ਜੀਤ ਰਾਮ ਨੇ ਦੱਸਿਆ ਕਿ ਬੀਤੀ ਸ਼ਾਮ ਹੁਸ਼ਿਆਰ ਸਿੰਘ (23) ਪੁੱਤਰ ਹਰਪਾਲ ਸਿੰਘ ਵਾਸੀ ਵਾਰਡ ਨੰਬਰ 5 ਮਾਜਰਾ ਬੈਹਲ ਥਾਣਾ ਕੋਟ ਕਹਿਲੂਰ ਜ਼ਿਲਾ ਬਿਲਾਸਪੁਰ (ਹਿ.ਪ੍ਰ)  ਆਪਣੇ ਰਿਸ਼ਤੇਦਾਰ ਮੇਜਰ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਬਰੂਵਾਲ ਨਾਲ ਉਸ ਦੇ  ਮੋਟਰਸਾਈਕਲ ਪਿੱਛੇ ਬੈਠ ਕੇ ਪਿੰਡ ਬੇਹਲ ਮਾਜਰਾ ਨੂੰ ਜਾ ਰਹੇ ਸਨ। ਜਦੋਂ ਉਹ ਪਿੰਡ ਚੀਕਣਾ ਦੇ ਚੌਂਕ ਤੋਂ ਥੋਡ਼ੀ ਅੱਗੇ ਆਉਂਦੀ ਉਤਰਾਈ  ’ਤੇ ਪਹੁੰਚੇ ਤਾਂ ਉਨ੍ਹਾਂ ਦੇ ਮੋਟਰਸਾਈਕਲ ਅੱਗੇ ਅਾਵਾਰਾ ਪਸ਼ੂ ਆ ਗਿਆ, ਜਿਸ ਨੂੰ ਬਚਾਉਣ ਦੇ ਚੱਕਰ ਵਿਚ ਮੋਟਰਸਾਈਕਲ ਸਲਿੱਪ ਹੋ ਗਿਆ, ਜਿਸ ਕਾਰਨ ਮੋਟਰਸਾਈਕਲ ਚਾਲਕ ਮੇਜਰ ਸਿੰਘ ਅਤੇ ਹੁਸ਼ਿਆਰ ਸਿੰਘ ਡਿੱਗ ਗਏ। 
ਹੁਸ਼ਿਆਰ ਸਿੰਘ ਦੇ ਸਿਰ ਵਿਚ ਗੰਭੀਰ ਸੱਟ ਲੱਗੀ, ਜਿਸ ਨੂੰ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਦੇ ਇਕ ਨਿੱਜੀ ਹਸਪਤਾਲ ਵਿਚ  ਦਾਖਲ ਕਰਵਾਇਆ ਗਿਆ, ਜਿਥੇ ਡਾਕਟਰ ਵੱਲੋਂ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਪੀ.ਜੀ.ਆਈ ਚੰਡੀਗਡ਼੍ਹ ਰੇਫਰ ਕਰ ਦਿੱਤਾ ਗਿਆ ਪਰ ਉਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ।
ਪੁਲਸ ਨੇ ਮੋਟਰਸਾਈਕਲ ਚਾਲਕ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟਮਾਰਟਮ ਕਰਵਾ  ਕੇ ਵਾਰਸਾਂ ਹਵਾਲੇ ਕਰ ਦਿੱਤੀ ਹੈ। ਮ੍ਰਿਤਕ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ।