ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਵਾਪਸ ਆ ਰਹੇ ਨੌਜਵਾਨ ਦੀ ਸੜਕ ਹਾਦਸੇ ''ਚ ਮੌਤ

05/07/2018 2:56:47 AM

ਤਰਨਤਾਰਨ,   (ਰਮਨ)-  ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਤਰਨਤਾਰਨ ਦੇ ਪਿੰਡ ਮਲ੍ਹੀਆ ਵਿਖੇ ਵਾਪਸ ਪਰਤ ਰਹੇ ਨੌਜਵਾਨਾਂ ਦੇ ਮੋਟਰਸਾਈਕਲ ਦੀ ਆਟੋ ਨਾਲ ਆਹਮੋ-ਸਾਹਮਣੇ ਟੱਕਰ ਹੋ ਗਈ। ਹਾਦਸੇ 'ਚ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ, ਜਦਕਿ ਮੋਟਰਸਾਈਕਲ ਦੇ ਪਿੱਛੇ ਬੈਠਾ ਨੌਜਵਾਨ ਜ਼ਖ਼ਮੀ ਹੋ ਗਿਆ। ਪੁਲਸ ਨੇ ਦੋਸ਼ੀ ਆਟੋ ਚਾਲਕ ਵਿਰੁੱਧ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਹਾਦਸਾ ਐਤਵਾਰ ਤੜਕੇ 3 ਵਜੇ ਵਾਪਰਿਆ।
 ਇਸ ਸਬੰਧੀ ਚੌਕੀ ਦੋਬੁਰਜੀ ਦੇ ਇੰਚਾਰਜ ਏ. ਐੱਸ. ਆਈ. ਸਤਪਾਲ ਸਿੰਘ ਨੇ ਦੱਸਿਆ ਕਿ ਜੁਗਰਾਜ ਸਿੰਘ (18) ਪੁੱਤਰ ਸੁਖਵਿੰਦਰ ਸਿੰਘ ਨਿਵਾਸੀ ਪਿੰਡ ਮਲ੍ਹੀਆ ਅਤੇ ਰਾਜਵਿੰਦਰ ਰਾਜਾ (15) ਪੁੱਤਰ ਸੋਹਣ ਸਿੰਘ ਨਿਵਾਸੀ ਪਿੰਡ ਮਲ੍ਹੀਆ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਮੱਥਾ ਟੇਕਣ ਉਪਰੰਤ ਡਿਸਕਵਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਿੰਡ ਮਲ੍ਹੀਆ ਪਰਤ ਰਹੇ ਸਨ। ਜਦੋਂ ਅੰਮ੍ਰਿਤਸਰ ਰੋਡ (ਨਜ਼ਦੀਕ ਗੋਹਲਵੜ ਚੌਕੀ) 'ਤੇ ਪੁੱਜੇ ਤਾਂ ਸਾਹਮਣਿਓਂ ਤੇਜ਼ ਰਫ਼ਤਾਰ ਆਟੋ (ਪੀ. ਬੀ.-02-ਸੀ. ਆਰ. 8902) ਦੇ ਚਾਲਕ ਨੇ ਗਲਤ ਸਾਈਡ ਆ ਕੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ 'ਚ ਜੁਗਰਾਜ ਸਿੰਘ ਅਤੇ ਰਾਜਵਿੰਦਰ ਰਾਜਾ ਜ਼ਖ਼ਮੀ ਹੋ ਗਏ। ਦੋਵਾਂ ਨੂੰ ਜਦੋਂ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਜੁਗਰਾਜ ਸਿੰਘ ਨੂੰ ਮ੍ਰਿਤਕ ਕਰਾਰ ਦਿੱਤਾ।
 ਜ਼ਖ਼ਮੀ ਰਾਜਵਿੰਦਰ ਰਾਜਾ ਦਾ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪਤਾਲ ਤਰਨਤਾਰਨ ਵਿਖੇ ਇਲਾਜ ਜਾਰੀ ਹੈ। ਹਾਦਸੇ ਤੋਂ ਬਾਅਦ ਆਟੋ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਦੱਸਣਯੋਗ ਹੈ ਕਿ ਜੁਗਰਾਜ ਸਿੰਘ ਦੀ ਮਾਂ ਕੁਲਦੀਪ ਕੌਰ ਆਪਣੇ ਹੋਰ ਰਿਸ਼ਤੇਦਾਰ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਆ ਰਹੀ ਸੀ। 
ਕੁਲਦੀਪ ਕੌਰ ਨੇ ਜੁਗਰਾਜ ਸਿੰਘ ਅਤੇ ਰਾਜਵਿੰਦਰ ਰਾਜਾ ਨੂੰ ਜ਼ਖ਼ਮੀ ਹਾਲਤ 'ਚ ਵੇਖ ਕੇ ਪੁਲਸ ਨੂੰ ਸੂਚਿਤ ਕੀਤਾ। ਇਸ ਸਬੰਧੀ ਥਾਣਾ ਸਿਟੀ ਦੇ ਮੁਖੀ ਸਬ ਇੰਸਪੈਕਟਰ ਮਨਜਿੰਦਰ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਸਤਪਾਲ ਸਿੰਘ ਨੇ ਜੁਗਰਾਜ ਸਿੰਘ ਦੀ ਲਾਸ਼ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਮਾਪਿਆਂ ਦੇ ਹਵਾਲੇ ਕਰ ਦਿੱਤੀ। ਮ੍ਰਿਤਕ ਜੁਗਰਾਜ ਸਿੰਘ ਦੀ ਮਾਂ ਕੁਲਦੀਪ ਕੌਰ ਪਤਨੀ ਸੁਖਵਿੰਦਰ ਸਿੰਘ ਦੇ ਬਿਆਨਾਂ 'ਤੇ ਅਣਪਛਾਤੇ ਆਟੋ ਚਾਲਕ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ।