ਗੁਰਦਾਸਪੁਰ ਜ਼ਿਲ੍ਹੇ ''ਚ ਕੋਰੋਨਾ ਤੋਂ ਪੀੜਤ 35ਵੇਂ ਮਰੀਜ਼ ਦੀ ਮੌਤ, 28 ਦੀ ਰਿਪੋਰਟ ਪਾਜ਼ੇਟਿਵ

08/21/2020 2:14:31 AM

ਗੁਰਦਾਸਪੁਰ/ਬਟਾਲਾ/ਫਹਿਤਗੜ੍ਹ ਚੂੜੀਆਂ, (ਹਰਮਨ, ਬੇਰੀ, ਸਰੰਗਲ, ਬਿਕਰਮਜੀਤ)- ਜ਼ਿਲ੍ਹਾ ਗੁਰਦਾਸਪੁਰ ’ਚ ਕੋਰੋਨਾ ਪੀੜਤਾਂ ਦੀ ਗਿਣਤੀ ’ਚ ਨਿਰੰਤਰ ਹੋ ਰਹੇ ਵਾਧੇ ਕਾਰਣ ਅੱਜ ਅੰਮ੍ਰਿਤਸਰ ਵਿਖੇ ਜ਼ੇਰੇ ਇਲਾਜ 67 ਸਾਲ ਦੇ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ ਹੈ ਜਿਸ ਕਾਰਣ ਜ਼ਿਲੇ ’ਚ ਇਸ ਵਾਇਰਸ ਦੀ ਲਪੇਟ ਵਿਚ ਆ ਕੇ ਮਰਨ ਵਾਲਿਆਂ ਦੀ ਗਿਣਤੀ 35 ਤੱਕ ਪਹੁੰਚ ਗਈ ਹੈ। ਇਸ ਦੇ ਨਾਲ ਹੀ ਅੱਜ 28 ਹੋਰ ਵਿਅਕਤੀਆਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਈਆਂ, ਜਿਸ ਦੇ ਬਾਅਦ ਹੁਣ ਤੱਕ ਇਸ ਜ਼ਿਲੇ ਅੰਦਰ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦਾ ਅੰਕੜਾ 1285 ਤੱਕ ਪਹੁੰਚ ਗਿਆ ਹੈ। ਡਾ. ਕਿਸ਼ਨ ਚੰਦ ਸਿਵਲ ਸਰਜਨ ਨੇ ਦੱਸਿਆ ਕਿ ਹੁਣ ਤਕ 928 ਪੀੜਤਾਂ ਨੇ ਕੋਰੋਨਾ ਵਾਇਰਸ ’ਤੇ ਜਿੱਤ ਹਾਸਲ ਕਰ ਲਈ ਹੈ।

ਉਨ੍ਹਾਂ ਦੱਸਿਆ ਕਿ ਬੇਸ਼ੱਕ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸੈਂਪਲਿੰਗ ਕਰਵਾਉਣ ਦੀਆਂ ਅਪੀਲਾਂ ਕੀਤੀਆਂ ਜਾ ਰਹੀਆਂ ਹਨ ਪਰ ਇਸ ਦੇ ਬਾਵਜੂਦ ਕਈ ਲੋਕ ਅਜੇ ਵੀ ਸੈਂਪਲ ਦੇਣ ਤੋਂ ਡਰ ਰਹੇ ਹਨ। ਲੋਕਾਂ ਦੇ ਮਨਾਂ ’ਚ ਸੈਂਪਲਿੰਗ ਨੂੰ ਲੈ ਕੇ ਕਈ ਤਰ੍ਹਾਂ ਦੇ ਭੁਲੇਖੇ ਅਤੇ ਡਰ ਅਜੇ ਵੀ ਬਰਕਰਾਰ ਹਨ ਜਦੋਂ ਕਿ ਡਿਪਟੀ ਕਮਿਸ਼ਨਰ ਸਮੇਤ ਹੋਰ ਅਧਿਕਾਰੀ ਲੋਕਾਂ ਨੂੰ ਵਾਰ-ਵਾਰ ਅਪੀਲ ਕਰ ਰਹੇ ਹਨ ਕਿ ਉਨ੍ਹਾਂ ਨੂੰ ਕੋਈ ਪ੍ਰੇਸ਼ਾਨੀ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਦੂਜੇ ਪਾਸੇ ਜਿਹੜੇ ਇਲਾਕਿਆਂ ਅੰਦਰ ਨਵੇਂ ਮਰੀਜ਼ ਸਾਹਮਣੇ ਆਏ ਹਨ, ਉਨ੍ਹਾਂ ਨੂੰ ਸੀਲ ਕਰ ਕੇ ਪ੍ਰਸ਼ਾਸਨ ਵੱਲੋਂ ਸਖਤੀ ਨਾਲ ਲੋਕਾਂ ਦੀ ਸੈਂਪਲਿੰਗ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਜਾ ਰਹੀ ਹੈ ਤਾਂ ਜੋ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ।

ਬਾਕਸ--ਅੱਜ ਹੋਈ 1300 ਵਿਅਕਤੀਆਂ ਦੀ ਸੈਂਪਲਿੰਗ

ਅੱਜ ਪੂਰੇ ਜ਼ਿਲੇ ’ਚ ਕਰੀਬ 1300 ਸ਼ੱਕੀ ਮਰੀਜ਼ਾਂ ਦੀ ਸੈਂਪਲਿੰਗ ਕੀਤੀ ਗਈ ਹੈ। ਜ਼ਿਲੇ ਅੰਦਰ ਹੁਣ ਤੱਕ 53677 ਸ਼ੱਕੀ ਮਰੀਜ਼ਾਂ ਦੀ ਸੈਂਪਲਿੰਗ ਕੀਤੀ ਗਈ ਹੈ, ਜਿਸ ’ਚੋਂ 50222 ਨੈਗੇਵਿਟ, 1285 ਪਾਜ਼ੇਟਿਵ ਮਰੀਜ਼ ਪਾਏ ਗਏ ਅਤੇ 2399 ਸੈਂਪਲ ਪੈਂਡਿੰਗ ਹਨ। ਇਸ ਮੌਕੇ ਜ਼ਿਲੇ ਅੰਦਰ 322 ਐਕਟਿਵ ਮਰੀਜ਼ ਹਨ।

ਬਾਕਸ--ਕਿਹੜੇ-ਕਿਹੜੇ ਪਿੰਡਾਂ ਅਤੇ ਸ਼ਹਿਰਾਂ ਨਾਲ ਸਬੰਧਤ ਹਨ ਪੀੜਤ

ਅੱਜ ਸਾਹਮਣੇ ਆਏ ਮਰੀਜ਼ਾਂ ’ਚ ਪਿੰਡ ਊਦੋਕੇ ਕਲਾਂ ਦੀ 5 ਸਾਲ ਦੀ ਬੱਚੀ, ਦੌਡ ਪਿੰਡ ਦਾ 34 ਸਾਲ ਦਾ ਨੌਜਵਾਨ, ਬਟਾਲਾ ਦਾ 28 ਸਾਲ ਦਾ ਨੌਜਵਾਨ, ਕਲਾਨੌਰ ਦਾ 46 ਸਾਲ ਦਾ ਵਿਅਕਤੀ, ਮੌੜ ਪਿੰਡ ਦੀ 66 ਸਾਲ ਦੀ ਔਰਤ, ਕਾਹਨੂੰਵਾਨ ਦਾ 35 ਸਾਲ ਦਾ ਨੌਜਵਾਨ ਅਤੇ 65 ਸਾਲ ਦੀ ਔਰਤ, ਤਿੱਬੜ ਦਾ 30 ਸਾਲ ਦਾ ਨੌਜਵਾਨ, ਕਲਿਆਣਪੁਰ ਨਾਲ ਸਬੰਧਤ 36, 40 ਤੇ 74 ਸਾਲ ਦੇ ਵਿਅਕਤੀ, ਕੋਟ ਸੰਤੋਖ ਰਾਏ ਦਾ 21 ਸਾਲ ਦਾ ਨੌਜਵਾਨ, ਤਰੀਜਾ ਨਗਰ ਦੀ 40 ਸਾਲ ਦੀ ਔਰਤ, ਸੋਹਲ ਦੀ 45 ਸਾਲ ਦੀ ਔਰਤ, ਸ਼ੱਕਰੀ ਪਿੰਡ ਦੀ 23 ਸਾਲ ਦੀ ਲੜਕੀ ਅਤੇ 50 ਸਾਲ ਦਾ ਪੁਰਸ਼, ਫੱਤੂਪੁਰ ਦਾ 65 ਸਾਲ ਦਾ ਵਿਅਕਤੀ, ਧਾਰੀਵਾਲ ਨਾਲ ਸਬੰਧਤ 30 ਸਾਲ ਦਾ ਨੌਜਵਾਨ ਅਤੇ ਸਿਟੀ ਪੁਲਸ ਲਾਈਨ ਵਿਖੇ ਪਾਜ਼ੇਟਿਵ ਪਾਏ ਗਏ ਪੁਲਸ ਮੁਲਾਜ਼ਮ ਦਾ 85 ਸਾਲ ਦਾ ਪਿਤਾ ਵੀ ਪਾਜ਼ੇਟਿਵ ਪਾਇਆ ਗਿਆ ਹੈ।

Bharat Thapa

This news is Content Editor Bharat Thapa