ਜਲੰਧਰ: ਘਰ ਦੀ ਛੱਤ ਡਿੱਗਣ ਕਾਰਨ 10 ਸਾਲਾਂ ਬੱਚੀ ਦੀ ਮੌਤ, ਪਿਤਾ ਜ਼ਖਮੀ

07/15/2019 1:15:16 AM

ਜਲੰਧਰ (ਮ੍ਰਿਦੁਲ)- ਕ੍ਰਿਸ਼ਨਾ ਨਗਰ 'ਚ ਰਾਤ 11.30 ਵਜੇ ਇਕ ਘਰ ਦੀ ਛੱਤ ਡਿੱਗ ਗਈ, ਜਿਸ ਦੇ ਹੇਠਾਂ ਸੌਂ ਰਹੇ ਪਿਤਾ ਅਤੇ ਧੀ ਮਲਬੇ ਹੇਠ ਦੱਬ ਗਏ। ਜਦ ਤੱਕ ਲੋਕ ਰਾਹਤ ਕਾਰਜ ਕਰ ਕੇ ਧੀ ਨੂੰ ਮਲਬੇ 'ਚੋਂ ਕੱਢਦੇ ਉਦੋਂ ਤੱਕ ਬੱਚੀ ਨੇ ਦਮ ਤੋੜ ਦਿੱਤਾ। ਜਦਕਿ ਜ਼ਖਮੀ ਹਾਲਤ 'ਚ ਪਿਤਾ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਜਾਣਕਾਰੀ ਅਨੁਸਾਰ ਕ੍ਰਿਸ਼ਨਾ ਨਗਰ ਦੀ ਗਲੀ ਨੰਬਰ-3 ਵਿਚ ਬਣੇ ਇਕ ਪੁਰਾਣੇ ਮਕਾਨ ਨਾਲ ਲੱਗਦੀ ਬਿਲਡਿੰਗ ਦਾ ਕੁੱਝ ਦਿਨ ਪਹਿਲਾਂ ਹੀ ਲੈਂਟਰ ਪਿਆ ਸੀ, ਜਿਸਦਾ ਮਲਬਾ ਨਾਲ ਵਾਲੇ ਘਰ ਦੀ ਪੁਰਾਣੀ ਬਣੀ ਛੱਤ ਉੱਤੇ ਰੱਖ ਦਿੱਤਾ। ਲੱਕੜੀ ਅਤੇ ਲੋਹੇ ਦੇ ਗਾਰਡਰ ਨਾਲ ਬਣੀ ਪੁਰਾਣੀ ਛੱਤ ਮਲਬੇ ਦਾ ਭਾਰ ਨਹੀਂ ਸਹਿ ਸਕੀ ਅਤੇ ਐਤਵਾਰ ਰਾਤ 11.30 ਵਜੇ ਛੱਤ ਡਿੱਗ ਗਈ। ਹਾਦਸੇ ਮੌਕੇ ਮਕਾਨ 'ਚ ਰਹਿੰਦੇ ਪਰਿਵਾਰ ਦੇ ਕੁੱਝ ਮੈਂਬਰ ਘਰ ਦੇ ਬਾਹਰ ਵਿਹੜੇ 'ਚ ਬੈਠੇ ਸਨ ਜਦੋਂ ਕਿ ਕਮਰੇ ਵਿਚ ਪਿਤਾ ਅਤੇ ਧੀ ਸੌਂ ਰਹੇ ਸਨ। ਹਾਦਸੇ ਦੌਰਾਨ 10 ਸਾਲ ਦੀ ਬੱਚੀ ਮਲਬੇ ਹੇਠਾਂ ਦੱਬਣ ਨਾਲ ਗੰਭੀਰ ਜ਼ਖ਼ਮੀ ਹੋ ਗਈ ਸੀ, ਜਿਸ ਨੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਦਿੱਤਾ। ਮ੍ਰਿਤਕਾ ਦੀ ਪਛਾਣ ਸੁਸ਼ਮਾ (10) ਪੁੱਤਰੀ ਰਾਧੇ ਸ਼ਿਆਮ ਵਜੋਂ ਹੋਈ ਹੈ।


ਸੂਤਰਾਂ ਮੁਤਾਬਕ ਛੱਤ ਡਿੱਗਣ ਨਾਲ ਹੋਏ ਧਮਾਕੇ ਨੇ ਪੂਰੇ ਮੁਹੱਲੇ ਨੂੰ ਹਿਲਾ ਕੇ ਰੱਖ ਦਿੱਤਾ। ਅਚਾਨਕ ਜਦੋਂ ਰੋਣ ਦੀਆਂ ਚੀਕਾਂ ਸੁਣ ਕੇ ਆਸ-ਪਾਸ ਦੇ ਲੋਕ ਬਾਹਰ ਆਏ ਤਾਂ ਉਨ੍ਹਾਂ ਨੇ ਪਰਿਵਾਰ ਵਾਲਿਆਂ ਨਾਲ ਮਿਲਕੇ ਬਚਾਅ ਕਾਰਜ ਸ਼ੁਰੂ ਕੀਤੇ, ਜਿਸ ਤੋਂ ਬਾਅਦ ਥਾਣਾ ਬਸਤੀ ਬਾਵਾ ਖੇਲ ਦੇ ਐੱਸ. ਐੱਚ. ਓ. ਮੇਜਰ ਸਿੰਘ ਅਤੇ ਥਾਣਾ 5 ਦੇ ਐੱਸ. ਐੱਚ. ਓ. ਰਵਿੰਦਰ ਕੁਮਾਰ ਮੌਕੇ 'ਤੇ ਪੁਲਸ ਸਮੇਤ ਪੁੱਜੇ ਅਤੇ ਮਲਬੇ ਵਲੋਂ ਜ਼ਖ਼ਮੀਆਂ ਨੂੰ ਬਾਹਰ ਕੱਢਿਆ।

ਐੱਸ. ਐੱਚ. ਓ. ਮੇਜਰ ਸਿੰਘ ਨੇ ਦੱਸਿਆ ਕਿ ਜਿਸ ਘਰ ਦੀ ਛੱਤ ਡਿੱਗੀ ਹੈ, ਉਸਦੇ ਨਾਲ ਵਾਲੀ ਦੁਕਾਨਦਾਰ ਮੰਗਾ ਨਾਮਕ ਵਿਅਕਤੀ ਦੀ ਸੀ। ਜਿਸ ਨੇ ਕੁੱਝ ਦਿਨ ਪਹਿਲਾਂ ਦੁਕਾਨ ਦਾ ਲੈਂਟਰ ਪਵਾਇਆ ਸੀ ਅਤੇ ਲੈਂਟਰ ਦਾ ਸਾਰਾ ਮਲਬਾ ਕੱਚੀ ਛੱਤ ਉੱਤੇ ਰੱਖਵਾ ਦਿੱਤਾ ਸੀ । ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਦੁਕਾਨਦਾਰ ਮੰਗਾ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ।

 

Karan Kumar

This news is Content Editor Karan Kumar