ਦੋਰਾਹਾ ''ਚ ਦਰਦਨਾਕ ਹਾਦਸਾ, ਮਾਲ ਗੱਡੀ ਹੇਠਾਂ ਆਉਣ ਕਾਰਨ ਗੇਟਮੈਨ ਦੀ ਮੌਤ

04/18/2020 1:14:32 PM

ਦੋਰਾਹਾ (ਵਿਨਾਇਕ) : ਲੁਧਿਆਣਾ-ਅੰਬਾਲਾ ਰੇਲ ਮਾਰਗ 'ਤੇ ਸਵੇਰੇ 5.50 ਵਜੇ ਦੇ ਕਰੀਬ ਸਰਹਿੰਦ ਨਹਿਰ ਦੋਰਾਹਾ ਵਿਖੇ ਸਥਿਤ ਰੇਲਵੇ ਫਾਟਕ ‘ਤੇ ਤਾਇਨਾਤ ਗੇਟਮੈਨ ਦੀ ਮਾਲ ਗੱਡੀ ਥੱਲੇ ਆਉਣ ਕਾਰਨ ਦਰਦਨਾਕ ਮੌਤ ਹੋ ਗਈ। ਬਾਅਦ 'ਚ ਮ੍ਰਿਤਕ ਦੀ ਪਛਾਣ ਗੁਰਮੇਲ ਸਿੰਘ ਉਮਰ 55 ਸਾਲ ਵਾਸੀ, ਪਿੰਡ ਭੋਰਲਾ, ਲੁਧਿਆਣਾ ਵਜੋਂ ਹੋਈ ਹੈ। ਰੇਲਵੇ ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਗੁਰਮੇਲ ਸਿੰਘ ਰਾਤ 12 ਵਜੇ ਡਿਊਟੀ 'ਤੇ ਹਾਜ਼ਰ ਆਇਆ ਸੀ ਅਤੇ ਉਸ ਨੇ ਸਵੇਰੇ 8 ਵਜੇ ਡਿਊਟੀ ਛੱਡਣੀ ਸੀ।

ਇਸ ਸਮੇਂ ਦੌਰਾਨ ਗੁਰਮੇਲ ਸਿੰਘ ਰੇਲਵੇ ਲਾਈਨਾਂ ਨੇੜੇ ਹੀ ਜੰਗਲ-ਪਾਣੀ ਲਈ ਚਲਾ ਗਿਆ ਅਤੇ ਵਾਪਸ ਆਉਂਦੇ ਸਮੇਂ ਮੋਗਾ ਤੋਂ ਸਹਾਰਨਪੁਰ ਵਾਇਆ ਲੁਧਿਆਣਾ ਜਾ ਰਹੀ ਮਾਲ ਗੱਡੀ ਦੀ ਜ਼ਬਰਦਸਤ ਚਪੇਟ 'ਚ ਆ ਗਿਆ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੋਤ ਹੋ ਗਈ। ਦੋਰਾਹਾ ਰੇਲਵੇ ਪੁਲਸ ਨੇ ਇਸ ਘਟਨਾ ਸੰਬੰਧੀ ਧਾਰਾ-174 ਸੀ. ਆਰ. ਪੀ. ਸੀ ਅਧੀਨ ਕਾਰਵਾਈ ਕਰਦਿਆਂ ਲਾਸ਼ ਨੂੰ ਆਪਣੇ ਕਬਜੇ 'ਚ ਲੈ ਕੇ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ। ਦੱਸਣਯੋਗ ਹੈ ਕਿ ਮ੍ਰਿਤਕ ਗੁਰਮੇਲ ਸਿੰਘ ਉੱਘਾ ਲਿਖਾਰੀ ਵੀ ਸੀ, ਜੋ ਕਿ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੀਆਂ ਮੀਟਿੰਗਾਂ 'ਚ ਵੀ ਵੱਧ-ਚੜ੍ਹ ਕੇ ਹਿੱਸਾ ਲੈਂਦਾ ਸੀ।
 

Babita

This news is Content Editor Babita