ਪਾਵਰਕਾਰਮ ਦੇ ਠੇਕੇਦਾਰ ਅਧੀਨ ਕੰਮ ਕਰਦੇ ਕੱਚੇ ਕਰਮਚਾਰੀ ਦੀ ਕਰੰਟ ਲੱਗਣ ਨਾਲ ਮੌਤ

04/06/2021 7:54:41 PM

ਮਲੋਟ, (ਜੁਨੇਜਾ)- ਮਲੋਟ ਵਿਖੇ ਪਾਵਰਕਾਰਮ ਦੇ ਠੇਕੇਦਾਰ ਅਧੀਨ ਕੰਮ ਕਰਦੇ ਕੱਚੇ ਕਰਮਚਾਰੀ ਦੀ ਡਿਊਟੀ ਦੌਰਾਨ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ। ਇਹ 27 ਸਾਲਾ ਮ੍ਰਿਤਕ ਇਕ ਵਿਧਵਾ ਮਾਂ ਦਾ ਇਕਲੋਤਾ ਸਹਾਰਾ ਸੀ। ਇਹ ਹਾਦਸਾ ਚਲਦੇ ਕੰਮ ਦੌਰਾਨ ਬਿਜਲੀ ਛੱਡ ਦੇਣ ਨਾਲ ਅਤੇ ਸੁਰੱਖਿਆ ਇੰਤਜਾਮ ਨਾ ਹੋਣ ਕਰ ਕੇ ਵਾਪਰਿਆ ਹੈ ਇਸ ਲਈ ਠੇਕਾ ਕਰਮਚਾਰੀਆਂ ਦੀ ਜਥੇਬੰਦੀ ਨੇ ਇਸ ਹਾਦਸੇ ਨੂੰ ਬਿਜਲੀ ਬੋਰਡ ਦੇ ਅਧਿਕਾਰੀਆਂ ਅਤੇ ਠੇਕੇਦਾਰ ਦੀ ਲਾਪ੍ਰਵਾਹੀ ਦਾ ਨਤੀਜਾ ਦੱਸਿਆ ਹੈ ਅਤੇ ਯੋਗ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਸਬੰਧੀ ਪਾਵਰਕਾਮ ਅਤੇ ਟਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਚੌਧਰ ਸਿੰਘ ਨੇ ਦੱਸਿਆ ਕਿ ਜਗਵਿੰਦਰ ਸਿੰਘ ਉਰਫ ਜੱਗਾ ਪੁੱਤਰ ਸੁਰਜਨ ਸਿੰਘ ਵਾਸੀ ਡੱਬਵਾਲੀ ਕਲਾਂ ਜ਼ਿਲ੍ਹਾ ਫਾਜ਼ਿਲਕਾ ਮਲੋਟ ਵਿਖੇ ਇਕ ਪਾਵਰਕਾਮ ਦੇ ਠੇਕਾਦਾਰ ਕੋਲ ਕੰਮ ਕਰਦਾ ਸੀ। ਕੱਲ ਉਕਤ ਨੌਜਵਾਨ ਜਦੋਂ ਭਗਵਾਨਪੁਰਾ ਕਰਮਗੜ ਲਾਈਨ ’ਤੇ ਰਿਪੇਅਰ ਕਰ ਰਿਹਾ ਸੀ ਤਾਂ ਗਰਿੱਡ ਤੋਂ ਪਰਮਿਟ ਤੋਂ ਨਿਰਧਾਰਤ ਸਮੇਂ ਤੋਂ ਇਕ ਘੰਟਾ ਪਹਿਲਾਂ ਬਿਜਲੀ ਛੱਡ ਦਿੱਤੀ। ਜਿਸ ਕਰ ਕੇ ਉਕਤ ਨੌਜਵਾਨ ਖੰਬੇ ਤੋਂ ਡਿੱਗ ਪਿਆ ਅਤੇ ਡਿੱਗਣ ਸਾਰ ਉਸਦਾ ਮਨਕਾ ਟੁੱਟ ਗਿਆ। ਜਿਸ ਨੂੰ ਹੋਰ ਕਰਮਚਾਰੀਆਂ ਵੱਲੋਂ ਡਾਕਟਰੀ ਸਹਾਇਤਾ ਲਈ ਹਸਪਤਾਲ ਲਿਜਾਇਆ ਗਿਆ ਪਰ ਉਸਦੀ ਮੌਤ ਹੋ ਗਈ। ਉਨ੍ਹਾਂ ਇਸ ਹਾਦਸੇ ਲਈ ਸਬੰਧਤ ਜੇ. ਈ. ਅਤੇ ਗਰਿੱਡ ਤੋਂ ਬਿਜਲੀ ਛੱਡਣ ਵਾਲਾ ਕਰਮਚਾਰੀ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ ਜਿਨ੍ਹਾਂ ਦੇ ਬਿਨਾਂ ਆਪਸੀ ਤਾਲਮੇਲ ਦੇ ਇਕ ਨੌਜਵਾਨ ਦੀ ਜਾਨ ਚਲੀ ਗਈ। ਉਨ੍ਹਾਂ ਕਿਹਾ ਕਿ ਜੇਕਰ ਠੇਕੇਦਾਰ ਵੱਲੋਂ ਕਰਮਚਾਰੀ ਨੂੰ ਹੈਲਮੇਟ , ਬੂਟ ਅਤੇ ਸੁਰੱਖਿਆ ਬੈਲਟ ਆਦਿ ਦਿੱਤੀ ਹੁੰਦੀ ਤਾਂ ਉਸਦੀ ਜਾਨ ਨਾ ਜਾਂਦੀ। ਠੇਕੇਦਾਰ ਧਿਰ ਹਾਦਸੇ ਦੀ ਸਾਰੀ ਜ਼ਿੰਮੇਵਾਰੀ ਜੇ. ਈ. ਅਤੇ ਗਰਿੱਡ ਕਰਮਚਾਰੀ ’ਤੇ ਪਾ ਰਹੀ ਹੈ।

ਉਧਰ ਵਾਰ ਵਾਰ ਫੋਨ ਕਰਨ ’ਤੇ ਜੇ. ਈ. ਹਰਜਿੰਦਰ ਸਿੰਘ ਵੱਲੋਂ ਫੋਨ ਨਹੀਂ ਚੁੱਕਿਆ ਜਾ ਰਿਹਾ ਸੀ। ਮ੍ਰਿਤਕ ਦੇ ਸਾਥੀਆਂ ਦਾ ਕਹਿਣਾ ਹੈ ਕਿ ਉਹ ਵਿਧਵਾ ਮਾਂ ਦਾ ਇਕਲੋਤਾ ਸਹਾਰਾ ਸੀ। ਇਸ ਲਈ ਉਸਦੀ ਮੌਤ ’ਤੇ ਪਰਿਵਾਰ ਲਈ ਨੌਕਰੀ ਅਤੇ ਬਣਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਥਾਣਾ ਸਦਰ ਮਲੋਟ ਦੇ ਮੁੱਖ ਅਫਸਰ ਪਰਮਜੀਤ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।

Bharat Thapa

This news is Content Editor Bharat Thapa