ਝੋਨੇ ’ਤੇ ਕੀਟਨਾਸ਼ਕ ਦਵਾਈ ਦਾ ਛਿਡ਼ਕਾਅ ਕਰਦੇ ਕਿਸਾਨ ਦੀ ਮੌਤ

07/17/2018 1:15:09 AM

ਸਮਾਣਾ(ਦਰਦ)-ਬਲਾਕ ਸਮਾਣਾ ਦੇ ਪਿੰਡ ਫਤਿਹਗਡ਼੍ਹ ਛੰਨਾਂ ’ਚ ਝੋਨੇ  ’ਤੇ ਕੀਟਨਾਸ਼ਕ ਦਵਾਈ ਦੇ ਛਿਡ਼ਕਾਅ ਕਰਦੇ ਸਮੇਂ ਇਕ ਕਿਸਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਗਾਜੇਵਾਸ ਪੁਲਸ ਨੇ ਪੋਸਟਮਾਰਟਮ ਕਰਵਾਉਣ ਉਪਰੰਤ ਉਸ ਦੀ ਪਤਨੀ ਦੇ ਬਿਆਨਾਂ ਅਨੁਸਾਰ 174 ਤਹਿਤ ਕਾਰਵਾਈ ਕਰਦੇ ਹੋਏ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕ ਗੁਰਦਰਸ਼ਨ ਸਿੰਘ (42) ਦੇ ਪਿਤਾ ਮੁਖਤਿਆਰ ਸਿੰਘ ਨੇ ਦੱਸਿਆ ਕਿ ਉਸ ਦਾ ਲਡ਼ਕਾ ਐਤਵਾਰ ਨੂੰ ਦੁਪਹਿਰ ਸਮੇਂ ਖੇਤ ਵਿਚ ਲੱਗੀ ਜੀਰੀ ਨੂੰ ਕੀਟਨਾਸ਼ਕ ਦਵਾਈ ਦਾ ਛਿਡ਼ਕਾਅ ਕਰਨ ਗਿਆ ਸੀ। ਇਸ ਦੌਰਾਨ ਉਹ ਮੂਧੇ ਮੂੰਹ ਡਿੱਗ ਪਿਆ ਜਿਸ ਦਾ ਪਤਾ ਉਸ ਨੂੰ ਉਸ ਸਮੇਂ ਲੱਗਾ ਜਦੋਂ ਉਹ ਉਸ ਲਈ ਖੇਤ ਵਿਚ ਚਾਹ ਲੈ ਕੇ ਗਿਆ ਤਾਂ ਗੁਰਦਰਸ਼ਨ ਸਿੰਘ ਖੇਤ ਵਿਚ ਡਿੱਗਾ ਪਿਆ ਸੀ। ਉਸ ਨੂੰ ਅਾਵਾਜ਼ਾਂ ਮਾਰਨ ’ਤੇ ਵੀ ਜਦੋਂ ਉਹ ਨਾ ਬੋਲਿਆ ਤਾਂ ਉਸ ਨੇ ਨੇਡ਼ਲੇ ਖੇਤਾਂ ਦੇ ਕਿਸਾਨਾਂ ਦੀ ਮਦਦ ਨਾਲ ਸਿਵਲ ਹਸਪਤਾਲ ਸਮਾਣਾ ਲਿਆਂਦਾ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।