ਪ੍ਰੇਮ ਵਿਆਹ ਕਰਵਾਉਣ ਵਾਲੀ ਵਿਆਹੁਤਾ ਦੀ ਭੇਤਭਰੇ ਹਾਲਾਤ ''ਚ ਮੌਤ

09/19/2017 3:52:23 AM

ਗੁਰਾਇਆ (ਮੁਨੀਸ਼)-ਕਰੀਬ ਤਿੰਨ ਮਹੀਨੇ ਪਹਿਲਾਂ ਪ੍ਰੇਮ ਵਿਆਹ ਕਰਵਾਉਣ ਵਾਲੀ 19 ਸਾਲਾ ਨਵ-ਵਿਆਹੁਤਾ ਦੀ ਭੇਤਭਰੇ ਹਾਲਾਤ ਵਿਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਮਾਂ ਨੇ ਸਹੁਰੇ ਪਰਿਵਾਰ 'ਤੇ ਉਸਦੀ ਬੇਟੀ ਦੀ ਹੱਤਿਆ ਕਰਨ ਦਾ ਦੋਸ਼ ਲਾਇਆ ਹੈ, ਜਦਕਿ ਸਹੁਰੇ ਪਰਿਵਾਰ ਨੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 
ਗੁਰਾਇਆ ਦੇ ਪਿੰਡ ਜੰਡ ਦੀ ਰਹਿਣ ਵਾਲੀ ਰਾਜ ਪਤਨੀ ਕੁਲਦੀਪ ਕੁਮਾਰ ਨੇ ਦੱਸਿਆ ਕਿ ਉਸਦੀ 19 ਸਾਲਾ ਪੁੱਤਰੀ ਅਨੂੰ ਦਾ ਵਿਆਹ ਤਿੰਨ ਮਹੀਨੇ ਪਹਿਲਾਂ ਗੁਰਾਇਆ ਦੇ ਪਿੰਡ ਰੁੜਕਾਂ ਖੁਰਦ ਦੇ ਰਹਿਣ ਵਾਲੇ ਬਲਜੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ ਨਾਲ ਹੋਇਆ ਸੀ। ਉਸਨੇ ਦੱਸਿਆ ਕਿ ਉਹ ਅਨੁਸੂਚਿਤ ਵਰਗ ਨਾਲ ਸੰਬੰਧਿਤ ਹਨ, ਜਦ ਕਿ ਲੜਕੇ ਵਾਲੇ ਜਨਰਲ ਜਾਤੀ ਜੱਟ ਹਨ। ਰਾਜ ਦੇ ਮੁਤਾਬਕ ਦੋਵਾਂ ਦਾ ਵਿਆਹ ਦੋਵਾਂ ਦੇ ਪਰਿਵਾਰ ਵਾਲਿਆਂ ਦੀ ਸਹਿਮਤੀ ਨਾਲ ਹੋਇਆ ਸੀ ਪਰ ਵਿਆਹ ਦੇ ਕੁਝ ਦਿਨਾਂ ਬਾਅਦ ਹੀ ਅਨੂ ਦੇ ਸਹੁਰੇ ਵਾਲੇ ਉਸਨੂੰ ਜਾਤੀਵਾਦ ਕਾਰਨ ਪ੍ਰੇਸ਼ਾਨ ਕਰਨ ਲੱਗ ਗਏ, ਜਿਸ ਕਾਰਨ ਉਹ ਪ੍ਰੇਸ਼ਾਨ ਸੀ। ਇਸੇ ਕਾਰਨ ਅਨੂੰ ਦਾ ਭਰਾ ਉਸਦੇ ਸਹੁਰੇ ਪਰਿਵਾਰ ਵਿਚ ਹੀ ਰਹਿ ਰਿਹਾ ਸੀ। ਉਨ੍ਹਾਂ ਕਿਹਾ ਕਿ ਦੋ ਦਿਨ ਪਹਿਲਾਂ ਹੀ ਅਨੂੰ ਉਨ੍ਹਾਂ ਨੂੰ ਮਿਲ ਕੇ ਗਈ ਸੀ, ਜੋ ਪੂਰੀ ਤਰ੍ਹਾਂ ਨਾਲ ਠੀਕ ਸੀ। ਐਤਵਾਰ ਨੂੰ ਸਵੇਰੇ ਵੀ ਫੋਨ 'ਤੇ ਅਨੂੰ ਨਾਲ ਉਨ੍ਹਾਂ ਦੀ ਗੱਲ ਵੀ ਹੋਈ ਸੀ। ਜਿਸਦੇ ਬਾਅਦ ਸਾਰਾ ਦਿਨ ਅਨੂ ਦਾ ਫੋਨ ਨਹੀਂ ਆਇਆ। ਮ੍ਰਿਤਕਾ ਦੀ ਮਾਤਾ ਮੁਤਾਬਕ ਐਤਵਾਰ ਰਾਤ ਉਸਦੇ ਪੁੱਤਰ ਦਾ ਉਸਨੂੰ ਫੋਨ ਆਇਆ ਕਿ ਅਨੂੰ ਖਾਣਾ ਨਹੀਂ ਖਾ ਰਹੀ ਪਰ ਉਸਦੇ ਸਹੁਰੇ ਪਰਿਵਾਰ ਵਿਚੋਂ ਕਿਸੇ ਨੇ ਇਹ ਨਹੀਂ ਦੱਸਿਆ ਕਿ ਉਹ ਬੀਮਾਰ ਹੋਈ ਹੈ, ਨਾ ਹੀ ਉਸਨੂੰ ਕੋਈ ਰਾਤ ਨੂੰ ਹਸਪਤਾਲ ਲੈ ਕੇ ਗਿਆ। ਜੇਕਰ ਉਸਨੂੰ ਸਮੇਂ ਸਿਰ ਹਸਪਤਾਲ ਲਿਜਾਂਦੇ ਤਾਂ ਉਨ੍ਹਾਂ ਦੀ ਪੁੱਤਰੀ ਬਚ ਸਕਦੀ ਸੀ। ਉਨ੍ਹਾਂ ਕਿਹਾ ਕਿ ਸੋਮਵਾਰ ਸਵੇਰੇ ਵੀ ਉਨ੍ਹਾਂ ਦੇ ਪੁੱਤਰ ਦਾ ਹੀ ਫੋਨ ਆਇਆ ਕਿ ਅਨੂੰ ਬੋਲ ਨਹੀਂ ਰਹੀ। ਜਿਸਨੂੰ ਉਹ ਮੋਟਰਸਾਈਕਲ 'ਤੇ ਸਿਵਲ ਹਸਪਤਾਲ ਬੜਾ ਪਿੰਡ ਵਿਚ ਲੈ ਕੇ ਆਏ ਪਰ ਤਦ ਤੱਕ ਉਸਦੀ ਮੌਤ ਹੋ ਚੁੱਕੀ ਸੀ।
ਮੇਰੇ ਅਤੇ ਮੇਰੇ ਪਰਿਵਾਰ 'ਤੇ ਲਗਾਏ ਗਏ ਦੋਸ਼ ਬੇਬੁਨਿਆਦ : ਬਲਜੀਤ ਸਿੰਘ
ਦੂਜੇ ਪਾਸੇ ਮ੍ਰਿਤਕਾ ਅਨੂ ਦੇ ਪਤੀ ਬਲਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਵਿਆਹ ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ  ਹੋਇਆ ਸੀ ਅਤੇ ਜਾਤੀਵਾਦ ਦਾ ਕਦੇ ਵੀ ਉਨ੍ਹਾਂ ਨੇ ਕੋਈ ਮੁੱਦਾ ਨਹੀਂ ਬਣਾਇਆ। ਵਿਆਹ ਦੇ ਬਾਅਦ ਅਨੂ ਦਾ ਭਰਾ ਵੀ ਉਸਦੇ ਨਾਲ ਹੀ ਰੁੜਕਾ ਖੁਰਦ ਵਿਚ ਹੀ ਪਲੰਬਰ ਦਾ ਕੰਮ ਕਰਦਾ ਸੀ ਅਤੇ ਸਾਡੇ ਕੋਲ ਰਹਿੰਦਾ ਸੀ। ਅਨੂੰ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਸੀ। ਐਤਵਾਰ ਨੂੰ ਅਚਾਨਕ ਉਸਦੇ ਪੇਟ ਵਿਚ ਦਰਦ ਹੋਇਆ ਜੋ ਪਿੰਡ ਦੇ ਹੀ ਮੈਡੀਕਲ ਸਟੋਰ ਤੋਂ ਦਵਾਈ ਲੈ ਕੇ  ਅਤੇ ਟੀਕਾ ਲਗਵਾ ਕੇ ਆਈ ਸੀ, ਜੋ ਠੀਕ ਹੋ ਗਈ ਸੀ ਅਤੇ ਸ਼ਾਮ ਨੂੰ ਘਰ ਦਾ ਕੰਮ ਕੀਤਾ ਤੇ ਸੌਂ ਗਈ ਸੀ। ਜਿਸ ਨੂੰ ਸਵੇਰੇ ਉਠਾਇਆ ਤਾਂ ਉਹ ਉਠੀ ਨਹੀਂ। ਸਿਵਲ ਹਸਪਤਾਲ ਬੜਾ ਪਿੰਡ ਵਿਚ ਲਿਜਾਇਆ ਗਿਆ ਪਰ ਤਦ ਤੱਕ ਉਸਦੀ ਮੌਤ ਹੋ ਗਈ ਸੀ।
ਹਸਪਤਾਲ 'ਚ ਆਉਣ ਤੋਂ ਪਹਿਲਾਂ ਹੀ ਹੋ ਗਈ ਸੀ ਅਨੂੰ ਦੀ ਮੌਤ : ਡਾ. ਵਿਰਦੀ
ਸਿਵਲ ਹਸਪਤਾਲ ਵਿਚ ਡਿਊਟੀ 'ਤੇ ਮੌਜੂਦ ਡਾਕਟਰ ਜਸਵਿੰਦਰ ਕੌਰ ਵਿਰਦੀ ਨੇ ਦੱਸਿਆ ਕਿ ਉਨ੍ਹਾਂ ਨੇ ਜਾਂਚ ਕੀਤੀ ਤਾਂ ਦੇਖਿਆ ਕਿ ਹਸਪਤਾਲ ਆਉਣ ਤੋਂ ਪਹਿਲਾਂ ਹੀ ਅਨੂੰ ਦੀ ਮੌਤ ਹੋ ਚੁੱਕੀ ਸੀ। ਮਾਮਲਾ ਭੇਤ ਭਰਿਆ ਹੋਣ ਕਾਰਨ ਉਨ੍ਹਾਂ ਨੇ ਪੁਲਸ ਨੂੰ ਇਸ ਦੀ ਸੂਚਨਾ ਦੇ ਦਿੱਤੀ ਸੀ ਅਤੇ ਮ੍ਰਿਤਕ ਦੀ ਮਾਤਾ ਨਾਲ ਫੋਨ 'ਤੇ ਉਨ੍ਹਾਂ ਨੇ ਗੱਲ ਕੀਤੀ ਸੀ, ਜਿਨ੍ਹਾਂ ਨੇ ਅਨੂੰ ਦੀ ਲਾਸ਼ ਨੂੰ ਇਨ੍ਹਾਂ ਨੂੰ ਨਾ ਦੇਣ ਲਈ ਕਿਹਾ ਸੀ। ਉਨ੍ਹਾਂ ਦੱਸਿਆ ਕਿ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਫਿਲੌਰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਡਾ. ਵਿਰਦੀ ਨੇ ਕਿਹਾ ਕਿ ਮ੍ਰਿਤਕਾ ਦੇ ਸਰੀਰ 'ਤੇ ਕਿਸੇ ਵੀ ਪ੍ਰਕਾਰ ਦੇ ਸੱਟ ਦੇ ਨਿਸ਼ਾਨ ਨਹੀਂ ਸਨ। ਪੋਸਟਮਾਰਟਮ ਦੀ ਰਿਪੋਰਟ ਆਉਣ ਦੇ ਬਾਅਦ ਹੀ ਸੱਚ ਦਾ ਪਤਾ ਲੱਗੇਗਾ।
ਪੋਸਟਮਾਰਟਮ ਰਿਪੋਰਟ ਆਉਣ ਦੇ ਬਾਅਦ ਸੱਚ ਆਵੇਗਾ ਸਾਹਮਣੇ : ਐੱਸ. ਐੱਚ. ਓ. ਗੁਰਾਇਆ
ਇਸ ਮਾਮਲੇ 'ਚ ਐੱਸ. ਐੱਚ. ਓ. ਗੁਰਾਇਆ ਸੁਖਜਿੰਦਰ ਸਿੰਘ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਲੜਕੀ ਪਰਿਵਾਰ ਵਲੋਂ ਲੜਕੇ ਪਰਿਵਾਰ ਤੋਂ ਪਹਿਲਾਂ ਕੋਈ ਵੀ ਸ਼ਿਕਾਇਤ ਪੁਲਸ ਨੂੰ ਪ੍ਰੇਸ਼ਾਨ ਕਰਨ ਸੰਬੰਧੀ ਨਹੀਂ ਦਿੱਤੀ ਗਈ ਸੀ, ਨਾ ਹੀ ਪੰਚਾਇਤ ਨੂੰ ਕਿਸੇ ਵੀ ਪ੍ਰਕਾਰ ਦੀ ਸ਼ਿਕਾਇਤ ਦਿੱਤੀ ਗਈ ਸੀ। ਲੜਕੀ ਦੀ ਮੌਤ ਦੀ ਸੂਚਨਾ ਮਿਲਣ 'ਤੇ ਪੁਲਸ ਪਾਰਟੀ ਸਿਵਲ ਹਸਪਤਾਲ ਬੜਾ ਪਿੰਡ ਪਹੁੰਚ ਗਈ ਸੀ, ਜਿੱਥੇ ਡਾਕਟਰਾਂ ਨੇ ਦੱਸਿਆ ਕਿ ਲੜਕੀ ਦੇ ਸਰੀਰ 'ਤੇ ਕੁੱਟਮਾਰ ਜਾਂ ਸੱਟ ਦਾ ਕੋਈ ਨਿਸ਼ਾਨ ਨਹੀਂ ਹੈ। ਮੌਤ ਕਿਸ ਵਜ੍ਹਾ ਨਾਲ ਹੋਈ ਹੈ ਇਸਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਦੇ ਬਾਅਦ ਹੋਵੇਗਾ। ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਫਿਲੌਰ ਵਿਚ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਅਤੇ 174 ਦੀ ਕਾਰਵਾਈ ਕੀਤੀ ਗਈ ਹੈ।