ਪੰਜਾਬ ਸਰਕਾਰ ਖਿਲਾਫ ਕਿਸਾਨ ਤੇ ਪੈਟਰੋਲ ਪੰਪ ਡੀਲਰ ਇਕੁਜੱਟ, ਦਿੱਤੀ ਚਿਤਾਵਨੀ

10/09/2018 3:59:15 PM

ਚੰਡੀਗੜ੍ਹ (ਭੁੱਲਰ) : ਪੰਜਾਬ 'ਚ ਲਗਾਤਾਰ ਵਧ ਰਹੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਿਰੋਧ 'ਚ ਪੈਟਰੋਲ ਪੰਪ ਡੀਲਰਜ਼, ਟਰਾਂਸਪੋਰਟਰ ਅਤੇ ਭਾਰਤੀ ਕਿਸਾਨ ਯੂਨੀਅਨ ਪਹਿਲੀ ਵਾਰ ਇਕ ਮੰਚ 'ਤੇ ਇਕੱਠੇ ਹੋਏ, ਜਿਨ੍ਹਾਂ ਨੇ ਗੁਆਂਢੀ ਸੂਬਿਆਂ ਦੀ ਬਜਾਏ ਪੰਜਾਬ 'ਚ ਪੈਟਰੋਲ ਅਤੇ ਡੀਜ਼ਲ ਮਹਿੰਗੇ ਭਾਅ 'ਤੇ ਵੇਚਣ 'ਤੇ ਪੰਜਾਬ ਸਰਕਾਰ ਖਿਲਾਫ ਆਪਣੀ ਆਵਾਜ਼ ਬੁਲੰਦ ਕੀਤੀ।  ਭਾਰਤੀ ਕਿਸਾਨ ਯੂਨੀਅਨ ਅਤੇ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਨੇ ਹੱਥ ਮਿਲਾਉਂਦਿਆਂ ਕਿਹਾ ਕਿ ਉਹ ਪੈਟਰੋਲ ਅਤੇ ਡੀਜ਼ਲ 'ਤੇ ਵੈਟ ਘੱਟ ਕਰਨ ਲਈ ਮਿਲ ਕੇ ਅੰਦੋਲਨ ਕਰਨਗੇ।

ਉਨ੍ਹਾਂ ਨੇ ਇਸ ਦੇ ਲਈ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਇਕ ਮਹੀਨੇ ਦਾ ਸਮਾਂ ਦਿੱਤਾ ਹੈ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵਲੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘਟਾਏ ਜਾਣ ਤੋਂ ਬਾਅਦ ਪੰਜਾਬ ਦੇ ਨਾਲ ਲੱਗਦੇ ਗੁਆਂਢੀ ਸੂਬਿਆਂ ਚੰਡੀਗੜ੍ਹ, ਹਰਿਆਣਾ, ਜੰਮੂ-ਕਸ਼ਮੀਰ ਅਤੇ ਹਿਮਾਚਲ ਨੇ ਵੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘਟਾ ਦਿੱਤੀਆਂ ਹਨ ਪਰ ਪੰਜਾਬ 'ਚ ਇਹ ਕੀਮਤਾਂ ਅਜੇ ਤੱਕ ਨਹੀਂ ਘਟਾਈਆਂ ਗਈਆਂ, ਜਿਸ ਕਾਰਨ ਗੁਆਂਢੀ ਸੂਬਿਆਂ ਨਾਲੋਂ ਪੰਜਾਬ 'ਚ ਪੈਟਰੋਲ 10 ਰੁਪਏ, ਜਦੋਂ ਕਿ ਡੀਜ਼ਲ 4 ਰੁਪਏ ਮਹਿੰਗਾ ਵਿਕ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲਾ ਮੌਕਾ ਹੈ, ਜਦੋਂ ਡੀਲਰ, ਟਰਾਂਸਪੋਰਟਰ ਅਤੇ ਕਿਸਾਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਖਿਲਾਫ ਚੰਡੀਗੜ੍ਹ 'ਚ ਇੱਕੋ ਮੰਚ 'ਤੇ ਇੱਕਠੇ ਹੋ ਰਹੇ ਹਨ।  

ਕਿਸਾਨ ਯੂਨੀਅਨ ਆਗੂ ਰਾਜੇਵਾਲ ਨੇ ਕਿਹਾ ਕਿ ਤੇਲ ਦੀਆਂ ਕੀਮਤਾਂ ਵਧਣ ਨਾਲ ਕਿਸਾਨੀ ਵੀ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਸਮੇਂ ਜਦੋਂ ਕਰੂਡ ਆਇਲ ਦੇ ਭਾਅ ਜ਼ਿਆਦਾ ਸਨ ਤਾਂ ਕੀਮਤਾਂ ਘੱਟ ਸਨ। ਉਨ੍ਹਾਂ ਕਿਹਾ ਕਿ ਅਸੀਂ ਇਕ ਮਹੀਨੇ ਦਾ ਸਮਾਂ ਸਰਕਾਰ ਨੂੰ ਦੇ ਰਹੇ ਹਾਂ ਅਤੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਰਕਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘਟਾਵੇ। ਉਨ੍ਹਾਂ ਤੋਂ ਇਲਾਵਾ ਟਰਾਂਸਪੋਰਟ ਐਸੋਸੀਏਸ਼ਨ ਦੇ ਆਗੂਆਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਬੱਚਤ ਤਾਂ ਕੋਈ ਨਹੀਂ ਹੋ ਰਹੀ ਪਰ ਨੁਕਸਾਨ ਜ਼ਿਆਦਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਨੁਕਸਾਨ ਇੰਝ ਹੀ ਵਧਦਾ ਗਿਆ ਤਾਂ ਗੱਡੀਆਂ ਨਹੀਂ ਚੱਲਣਗੀਆਂ। ਰਾਜੇਵਾਲ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘੱਟ ਨਹੀਂ ਕੀਤੀਆਂ ਗਈਆਂ ਤਾਂ ਪੂਰੇ ਪੰਜਾਬ 'ਚ ਜਾਮ ਕੀਤਾ ਜਾਵੇਗਾ ਅਤੇ ਟਰੈਕਟਰ ਸੜਕਾਂ 'ਤੇ ਖੜ੍ਹੇ ਕੀਤੇ ਜਾਣਗੇ।