ਪਿੰਡ ਟਾਹਲੀ ''ਚ ਪ੍ਰਵਾਸੀ ਮਜ਼ਦੂਰ ਦਾ ਕਤਲ, ਖੇਤ ''ਚੋਂ ਮਿਲੀ ਲਾਸ਼

05/22/2020 2:58:58 PM

ਨਕੋਦਰ (ਪਾਲੀ) : ਥਾਣਾ ਸਦਰ ਦੇ ਪਿੰਡ ਟਾਹਲੀ 'ਚ ਬੀਤੀ ਰਾਤ ਇਕ ਪ੍ਰਵਾਸੀ ਮਜ਼ਦੂਰ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤੇ ਜਾਣ ਦਾ ਸਮਾਚਾਰ ਮਿਲਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਏ. ਐੱਸ. ਪੀ. ਨਕੋਦਰ ਵਤਸਲਾ ਗੁਪਤਾ, ਸਦਰ ਥਾਣਾ ਮੁਖੀ ਸਿਕੰਦਰ ਸਿੰਘ, ਚੌਕੀ ਇੰਚਾਰਜ ਸ਼ੰਕਰ ਏ. ਐੱਸ. ਆਈ. ਗੁਰਨਾਮ ਸਿੰਘ ਸਮੇਤ ਪੁਲਸ ਪਾਰਟੀ ਮੌਕੇ 'ਤੇ ਪਹੁੰਚੇ ਅਤੇ ਖੂਨ ਨਾਲ ਲੱਥ-ਪੱਥ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਮੁਹੰਮਦ ਅਜ਼ੀਮ (40) ਪੁੱਤਰ ਅਜੂਬ ਵਾਸੀ ਰੰਦਾ ਥਾਣਾ ਬਰਗਾਚੀ (ਬਿਹਾਰ) ਵਜੋਂ ਹੋਈ ਹੈ, ਜੋ ਪਿੰਡ ਟਾਹਲੀ ਦੇ ਕਿਸਾਨ ਗੁਲਵਿੰਦਰ ਸਿੰਘ ਦੇ ਖੂਹ 'ਤੇ ਕੰਮ ਕਰਦਾ ਸੀ। ਪੁਲਸ ਨੂੰ ਦਿੱਤੇ ਬਿਆਨਾਂ 'ਚ ਕਿਸਾਨ ਗੁਲਵਿੰਦਰ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਟਾਹਲੀ ਨੇ ਦੱਸਿਆ ਕਿ ਉਸ ਨੇ 7 ਦਿਨ ਪਹਿਲਾਂ ਆਪਣੇ ਪਸ਼ੂਆਂ ਅਤੇ ਖੇਤੀਬਾੜੀ ਦੇ ਕੰੰਮ ਲਈ ਮੁਹੰਮਦ ਅਜ਼ੀਮ ਨੂੰ ਕੰਮ 'ਤੇ ਰੱਖਿਆ ਸੀ। ਉਹ ਸਾਡੇ ਖੂਹ 'ਤੇ ਰਹਿੰਦਾ ਸੀ। ਬੀਤੀ ਰਾਤ ਕਰੀਬ 9 ਵਜੇ ਮੈਂ ਉਸ ਨੂੰ ਖਾਣਾ ਦੇ ਕੇ ਆਪਣੇ ਕਮਰੇ ਵਿਚ ਚਲਾ ਗਿਆ। ਅੱਜ ਸਵੇਰੇ ਜਦੋਂ ਮੈਂ ਕਮਰਾ ਦੇਖਿਆ ਤਾਂ ਮੁਹੰਮਦ ਅਜ਼ੀਮ ਕਮਰੇ 'ਚ ਨਹੀਂ ਸੀ ਅਤੇ ਉਸ ਦੇ ਰਿਸ਼ਤੇਦਾਰ ਉਸ ਦੀ ਭਾਲ ਕਰ ਰਹੇ ਸਨ। ਮੁਹੰਮਦ ਅਜ਼ੀਮ ਦੀ ਖੂਨ ਨਾਲ ਲੱਥ-ਪੱਥ ਲਾਸ਼ ਇੱਟਾਂ ਵਾਲੇ ਰਸਤੇ 'ਤੇ ਕਣਕ ਦੇ ਵੱਢ 'ਚ ਪਈ ਸੀ। ਸਿਰ ਵਿਚ ਸੱਟਾਂ ਦੇ ਕਾਫੀ ਨਿਸ਼ਾਨ ਹਨ। ਉਸ ਨੇ ਦੱਸਿਆ ਕਿ ਉਸ ਨੂੰ ਪੱਕਾ ਯਕੀਨ ਹੈ ਕਿ ਮੁਹੰਮਦ ਅਜ਼ੀਮ ਨੂੰ ਹਾਬੜ ਕਰੇਟਾ ਉਰਫ ਜੌਨ ਕੁਮਾਰ ਜੌਨੀ ਪੁੱਤਰ ਸ਼ਾਮਲ ਕਰੇਟਾ, ਜੋ ਪਿੰਡ ਦੇ ਇਕ ਕਿਸਾਨ ਨਾਲ ਕੰਮ ਕਰਦਾ ਹੈ, ਨੇ ਸਿਰ ਵਿਚ ਸੱਟਾਂ ਮਾਰ ਕੇ ਮਾਰਿਆ ਹੈ, ਕਿਉਂਕਿ 4-5 ਦਿਨ ਪਹਿਲਾਂ ਵੀ ਉਸ ਨੇ ਮੁਹੰਮਦ ਅਜ਼ੀਮ ਨਾਲ ਹਾਬੜ ਕਰੇਟਾ ਉਰਫ ਜੌਨ ਨੇ ਪੇਸੈ ਦੇ ਲੈਣ-ਦੇਣ ਕਾਰਨ ਝਗੜਾ ਕੀਤਾ ਸੀ ਅਤੇ ਪੈਸੇ ਨਾ ਦੇਣ 'ਤੇ ਮਾਰਨ ਦੀ ਵੀ ਧਮਕੀ ਦਿੱਤੀ ਸੀ।

ਹਾਬੜ ਕਰੇਟਾ ਉਰਫ ਜੌਨ ਖਿਲਾਫ ਕਤਲ ਦਾ ਮਾਮਲਾ ਦਰਜ : ਥਾਣਾ ਮੁਖੀ ਸਿਕੰਦਰ ਸਿੰਘ
ਸਦਰ ਥਾਣਾ ਮੁਖੀ ਸਿਕੰਦਰ ਸਿੰਘ ਅਤੇ ਚੌਕੀ ਇੰਚਾਰਜ ਸ਼ੰਕਰ ਏ. ਐੱਸ. ਆਈ ਗੁਰਨਾਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਮੁਹੰਮਦ ਅਜ਼ੀਮ ਦੇ ਮਾਲਕ ਗੁਲਵਿੰਦਰ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਟਾਹਲੀ ਦੇ ਬਿਆਨਾਂ 'ਤੇ ਹਾਬੜ ਕਰੇਟਾ ਉਰਫ ਜੌਨ ਕੁਮਾਰਖਿਲਾਫ ਥਾਣਾ ਸਦਰ ਨਕੋਦਰ ਵਿਖੇ ਧਾਰਾ 302 ਆਈ. ਪੀ. ਸੀ. ਅਧੀਨ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਵਾਰਦਾਤ ਉਪਰੰਤ ਹਾਬੜ ਕਰੇਟਾ ਉਰਫ ਜੌਨ ਮੌਕੇ ਤੋਂ ਫਰਾਰ ਹੋ ਗਿਆ ਸੀ, ਜਿਸ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ ► ਕੋਰੋਨਾ ਦੀ ਆਫ਼ਤ ਅਜੇ ਠੱਲ੍ਹੀ ਨਹੀਂ, ਪੰਜਾਬ ਦੇ ਸਰਹੱਦੀ ਇਲਾਕਿਆਂ 'ਤੇ ਮੰਡਰਾਇਆ ਇਕ ਹੋਰ ਖਤਰਾ  ► ਸ਼ਰਾਬ ਫੈਕਟਰੀਆਂ ਦੀ ਨਿਗਰਾਨੀ 'ਤੇ ਲੱਗੀ ਅਧਿਆਪਕਾਂ ਦੀ ਡਿਊਟੀ 'ਤੇ ਬਵਾਲ     

Anuradha

This news is Content Editor Anuradha