ਲੁਧਿਆਣਾ ''ਚ ਦਿਲ ਦਹਿਲਾ ਦੇਣ ਵਾਲਾ ਕਾਂਡ, ਟੁਕੜੇ-ਟੁਕੜੇ ਕਰਕੇ ਕੂੜੇ ਦੇ ਢੇਰ ''ਤੇ ਸੁੱਟੀ ਲਾਸ਼ (ਤਸਵੀਰਾਂ)

03/01/2017 5:09:37 PM

ਲੁਧਿਆਣਾ (ਕੁਲਵੰਤ) : ਲੁਧਿਆਣਾ ''ਚ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਨੌਜਵਾਨ ਦਾ ਕਤਲ ਕਰਕੇ ਉਸ ਦੀ ਲਾਸ਼ ਦੇ ਟੁਕੜੇ-ਟੁਕੜੇ ਕਰਕੇ ਕੂੜੇ ਦੇ ਢੇਰ ''ਤੇ ਸੁੱਟ ਦਿੱਤਾ ਗਿਆ। ਲੋਕਾਂ ਵਲੋਂ ਕੂੜੇ ਦੇ ਢੇਰ ਨੂੰ ਅੱਗ ਲਾਉਣ ਕਾਰਨ ਲਾਸ਼ ਵੀ ਬੁਰੀ ਤਰ੍ਹਾਂ ਸੜ ਗਈ, ਜਿਸ ਕਾਰਨ ਇਸ ਦੀ ਪਛਾਣ ਨਹੀਂ ਹੋ ਸਕੀ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਕਾਕੋਵਾਲ ਰੋਡ ਇਲਾਕੇ ''ਚ ਇਕ ਸਕੂਲ ਦੇ ਸਾਹਮਣੇ ਵਾਲੀ ਗਲੀ ''ਚ ਵਾਪਰੀ। ਇਸ ਦੀ ਸੂਚਨਾ ਮਿਲਣ ''ਤੇ ਪੁਲਸ ਅਧਿਕਾਰੀ ਘਟਨਾ ਸਥਾਨ ''ਤੇ ਪੁੱਜੇ ਪਰ ਲਾਸ਼ ਦੀ ਸ਼ਨਾਖਤ ਨਹੀਂ ਹੋ ਸਕੀ। ਪੁਲਸ ਨੇ ਲਾਸ਼ ਨੂੰ ਮੁਰਦਾ ਘਰ ''ਚ ਰੱਖ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਲਾਸ਼ ਦਾ ਸਿਰ, ਧੜ ਅਤੇ ਦੋਵੇਂ ਲੱਤਾਂ ਵੱਖ-ਵੱਖ ਪਈਆਂ ਹੋਈਆਂ ਸੀ। ਮਮਤਾ ਐਂਬਰਾਇਡਰੀ ਦੇ ਮਾਲਕ ਗਿਆਨ ਚੰਦ ਨੇ ਬੁੱਧਵਾਰ ਸਵੇਰੇ 11 ਵਜੇ ਇਹ ਲਾਸ਼ ਦੇਖੀ ਤਾਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਜਿਸ ਜਗ੍ਹਾ ਲਾਸ਼ ਮਿਲੀ ਹੈ, ਉਸ ਪਲਾਟ ''ਚ ਇਲਾਕੇ ਦੇ ਲੋਕ ਕੂੜਾ ਸੁੱਟਦੇ ਹਨ ਅਤੇ ਇਸ ਕੂੜੇ ਨੂੰ ਰੋਜ਼ ਸਾੜਿਆ ਜਾਂਦਾ ਹੈ। ਗਿਆਨ ਚੰਦ ਦਾ ਕਹਿਣਾ ਹੈ ਕਿ ਇਸ ਕੂੜੇ ਦੇ ਢੇਰ ਨੂੰ 2 ਦਿਨ ਪਹਿਲਾਂ ਅੱਗ ਲਾਈ ਗਈ ਸੀ, ਇਸ ਤੋਂ ਜ਼ਾਹਰ ਹੁੰਦਾ ਹੈ ਕਿ ਲਾਸ਼ 2 ਤੋਂ 3 ਦਿਨ ਪੁਰਾਣੀ ਹੋ ਸਕਦੀ ਹੈ। ਮ੍ਰਿਤਕ ਦੀ ਉਮਰ ਕਰੀਬ 22 ਸਾਲ ਦੱਸੀ ਜਾ ਰਹੀ ਹੈ। ਫਿਲਹਾਲ ਪੁਲਸ ਲਾਸ਼ ਦੀ ਸ਼ਨਾਖਤ ਕਰਨ ''ਚ ਜੁੱਟ ਗਈ ਹੈ।

Babita Marhas

This news is News Editor Babita Marhas