PAU ਦੀ ਵਿਦਿਆਰਥਣ ਨੇ ਪੜ੍ਹਾਈ ਦੇ ਡਿਪਰੈਸ਼ਨ ਕਾਰਨ ਕੀਤੀ ਖ਼ੁਦਕੁਸ਼ੀ, ਨਹਿਰ ''ਚ ਤੈਰਦੀ ਮਿਲੀ ਲਾਸ਼

08/09/2022 2:50:00 PM

ਲੁਧਿਆਣਾ (ਰਾਜ) : 2 ਦਿਨਾਂ ਤੋਂ ਲਾਪਤਾ ਚੱਲ ਰਹੀ ਪੀ. ਏ. ਯੂ. ਦੀ ਵਿਦਿਆਰਥਣ ਹੇਮਜੋਤ ਨੇ ਖ਼ੁਦਕੁਸ਼ੀ ਕਰ ਲਈ। ਉਸ ਦੀ ਲਾਸ਼ ਸਿੱਧਵਾਂ ਨਹਿਰ ’ਚ ਤੈਰਦੀ ਮਿਲੀ। ਰਾਹਗੀਰਾਂ ਨੇ ਲਾਸ਼ ਤੈਰਦੀ ਦੇਖ ਕੇ ਪੁਲਸ ਨੂੰ ਸੂਚਨਾ ਦਿੱਤੀ। ਥਾਣਾ ਸਰਾਭਾ ਨਗਰ ਦੀ ਪੁਲਸ ਨੇ ਮੌਕੇ 'ਤੇ ਪੁੱਜ ਕੇ ਗੋਤਾਖੋਰਾਂ ਦੀ ਮਦਦ ਨਾਲ ਲਾਸ਼ ਬਾਹਰ ਕੱਢ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਈ, ਜਿੱਥੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਗਈ। ਐੱਸ. ਐੱਚ. ਓ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਹੇਮਜੋਤ ਗਰਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ’ਚ ਐੱਸ. ਐੱਸ. ਸੀ. (ਇੰਟਮੋਲੋਜੀ) ਪਹਿਲੇ ਸਾਲ ਦੀ ਵਿਦਿਆਰਥਣ ਸੀ, ਜੋ ਬਠਿੰਡਾ ਦੀ ਰਹਿਣ ਵਾਲੀ ਸੀ ਅਤੇ ਯੂਨੀਵਰਸਿਟੀ ਦੇ ਹੋਸਟਲ ’ਚ ਰਹਿੰਦੀ ਸੀ।

ਸ਼ਨੀਵਾਰ ਨੂੰ ਉਹ ਆਪਣੀ ਸਹੇਲੀ ਦੀ ਐਕਟਿਵਾ ਲੈ ਕੇ ਯੂਨੀਵਰਸਿਟੀ ਤੋਂ ਬਿਨਾਂ ਕਿਸੇ ਨੂੰ ਕੁੱਝ ਦੱਸੇ ਕਿਤੇ ਚਲੀ ਗਈ ਸੀ। ਇਸ ਦੌਰਾਨ ਉਨ੍ਹਾਂ ਨੂੰ ਐਕਟਿਵਾ ਸਿੱਧਵਾਂ ਨਹਿਰ ਕੋਲੋਂ ਮਿਲੀ ਪਰ ਹੇਮਜੋਤ ਨਹੀਂ ਮਿਲੀ ਸੀ। ਪੁਲਸ ਨੇ ਉਸ ਦੇ ਪਿਤਾ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਸੀ। ਪੁਲਸ ਦਾ ਕਹਿਣਾ ਹੈ ਕਿ ਸੋਮਵਾਰ ਸਵੇਰੇ ਉਨ੍ਹਾਂ ਨੂੰ ਰਾਹਗੀਰ ਦਾ ਫੋਨ ਆਇਆ ਕਿ ਈਸੇਵਾਲ ਤੋਂ ਅੱਗੇ ਇਕ ਪੁਲ ਕੋਲ ਕੁੜੀ ਦੀ ਲਾਸ਼ ਤੈਰ ਰਹੀ ਹੈ। ਪੁਲਸ ਮੌਕੇ ’ਤੇ ਪੁੱਜੀ ਤਾਂ ਲਾਸ਼ ਹੇਮਜੋਤ ਦੀ ਨਿਕਲੀ।


Babita

Content Editor

Related News