ਬਜ਼ੁਰਗ ਦੀ ਲਾਸ਼ ਖਨੌਰੀ ਨਹਿਰ ਵਿਚੋਂ ਮਿਲੀ

03/03/2018 8:39:02 PM

ਭਵਾਨੀਗੜ੍ਹ (ਵਿਕਾਸ/ਅੱਤਰੀ)— ਭਵਾਨੀਗੜ੍ਹ ਦੇ ਨੇੜਲੇ ਪਿੰਡ ਰਾਮਪੁਰਾ ਦੇ ਇੱਕ ਵਿਅਕਤੀ ਦੀ ਲਾਸ਼ ਅੱਜ ਖਨੌਰੀ ਨੇੜੇ ਨਹਿਰ ਚੋਂ ਮਿਲਣ ਦੀ ਖਬਰ ਮਿਲੀ। ਇਸ ਸਬੰਧੀ ਪਿੰਡ ਦੇ ਸਰਪੰਚ ਨਰਿੰਦਰ ਸਿੰਘ ਨੇ ਦੱਸਿਆ ਕਿ ਬਜ਼ੁਰਗ ਚਮਕੌਰ ਸਿੰਘ ਪੁੱਤਰ ਮੇਵਾ ਸਿੰਘ ਬੀਤੇ ਕਈ ਦਿਨਾਂ ਤੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਘਰੋਂ ਅਚਾਨਕ ਗਾਇਬ ਹੋ ਗਿਆ ਸੀ। ਜਿਸ ਸਬੰਧੀ ਪਰਿਵਾਰ ਵਲੋਂ ਉਕਤ ਵਿਅਕਤੀ ਦੀ ਕਾਫੀ ਭਾਲ ਕਰਨ 'ਤੇ ਵੀ ਪਤਾ ਨਾ ਲੱਗਣ 'ਤੇ ਇਸ ਦੀ ਰਿਪੋਰਟ ਸਬੰਧਿਤ ਥਾਣੇ ਨੂੰ ਦੇਣ ਦੇ ਨਾਲ-ਨਾਲ ਇਸ ਦਾ ਪੂਰਾ ਵੇਰਵਾ ਸੋਸਲ ਮੀਡੀਆ 'ਤੇ ਵੀ ਪਾ ਦਿੱਤਾ ਸੀ। ਇਸੇ ਦੌਰਾਨ ਅੱਜ ਕਰੀਬ 10 ਦਿਨਾਂ ਬਾਅਦ ਚਮਕੌਰ ਸਿੰਘ ਦੀ ਲਾਸ਼ ਖਨੌਰੀ ਨਹਿਰ ਚੋਂ ਮਿਲੀ।
ਇਸ ਸਬੰਧੀ ਜਦੋਂ ਐਸ.ਐਚ.ਓ. ਭਵਾਨੀਗੜ੍ਹ ਇੰਸਪੈਕਟਰ ਚਰਨਜੀਵ ਲਾਂਬਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪੁਲਸ ਨੂੰ ਪਰਿਵਾਰ ਨੇ ਚਮਕੌਰ ਸਿੰਘ ਦੇ ਘਰੋਂ ਗਾਇਬ ਹੋਣ ਜਾਣ ਦੀ ਸੂਚਨਾ ਦਿੱਤੀ ਸੀ, ਪੁਲਸ ਵਲੋਂ ਪਰਿਵਾਰ ਸਮੇਤ ਖਨੌਰੀ ਜਾ ਕੇ ਲਾਸ਼ ਦੀ ਸਨਾਖ਼ਤ ਕਰਕੇ ਲਾਸ਼ ਨੂੰ ਸੰਗਰੂਰ ਹਸਪਤਾਲ ਵਿੱਚ ਰੱਖ ਦਿੱਤਾ। ਲਾਸ਼ ਦਾ ਐਤਵਾਰ ਨੂੰ ਪੋਸਟ ਮਾਰਟਮ ਕਰਵਾਉਣ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।