ਹੱਥਾਂ ਦੀ ਮਹਿੰਦੀ ਵੀ ਫਿੱਕੀ ਨਹੀਂ ਹੋਈ ਸੀ ਕਿ ਉੱਡ ਗਏ ਜ਼ਿੰਦਗੀ ਦੇ ਰੰਗ, ਦੋਹਾ ਕਤਰ ''ਚੋਂ ਪਤੀ ਦੀ ਲਾਸ਼, ਨਵ-ਵਿਆਹੀ ਮੰਗ ਰਹੀ ਇਨਸਾਫ

07/20/2017 6:56:38 PM

ਹੁਸ਼ਿਆਰਪੁਰ (ਘੁੰਮਣ)— ਅਜੇ ਨਵ-ਵਿਆਹੀ ਦੇ ਹੱਥਾਂ ਦੀ ਮਹਿੰਦੀ ਵੀ ਫਿੱਕੀ ਨਹੀਂ ਹੋਈ ਸੀ ਕਿ ਉਸ ਦੇ ਜ਼ਿੰਦਗੀ ਦੇ ਸਾਰੇ ਰੰਗ ਉਸ ਦੀ ਪਤੀ ਦੀ ਮੌਤ ਦੀ ਖਬਰ ਦੇ ਨਾਲ ਹੀ ਉੱਡ ਗਏ। ਰੋਟੀ-ਰੋਜ਼ੀ ਦੀ ਖਾਤਰ ਦੋਹਾ ਕਤਰ ਗਏ ਰਾਕੇਸ਼ ਕੁਮਾਰ ਉਰਫ ਬੰਟੀ ਦੀ ਵਿਦੇਸ਼ ਦੀ ਧਰਤੀ 'ਤੇ ਸ਼ੱਕੀ ਹਾਲਤ 'ਚ ਮੌਤ ਉਸ ਦੇ ਪਰਿਵਾਰ 'ਤੇ ਕਹਿਰ ਬਣ ਕੇ ਟੁੱਟੀ। ਮੌਤ ਤੋਂ ਕਰੀਬ 3 ਮਹੀਨੇ ਪਹਿਲਾਂ ਹੀ ਰਾਕੇਸ਼ ਦਾ ਵਿਆਹ ਹੋਇਆ ਸੀ। ਉਸ ਦੀ ਪਤਨੀ ਜਯੋਤਿਕਾ ਦੇ ਹੱਥਾਂ ਦੀ ਮਹਿੰਦੀ ਅਜੇ ਸੁੱਕੀ ਵੀ ਨਹੀਂ ਸੀ ਕਿ ਉਸ ਨੂੰ ਇਹ ਸੰਤਾਪ ਝੱਲਣਾ ਪੈ ਗਿਆ। ਜਯੋਤਿਕਾ ਦਾ ਕਹਿਣਾ ਹੈ ਕਿ ਉਸ ਦੇ ਪਤੀ ਦੀ ਕੁਦਰਤੀ ਮੌਤ ਨਹੀਂ ਬਲਕਿ ਹੱਤਿਆ ਕੀਤੀ ਗਈ ਹੈ। ਇਨਸਾਫ਼ ਪਾਉਣ ਲਈ ਜਯੋਤਿਕਾ ਨੇ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਲ ਭਾਜਪਾ ਦੇ ਰਾਸ਼ਟਰੀ ਉੱਪ ਪ੍ਰਧਾਨ ਅਵਿਨਾਸ਼ ਰਾਏ ਖੰਨਾ ਨਾਲ ਉਨ੍ਹਾਂ ਦੇ ਦਫ਼ਤਰ 'ਚ ਮੁਲਾਕਾਤ ਕਰਕੇ ਮਦਦ ਦੀ ਗੁਹਾਰ ਲਗਾਈ ਹੈ। 
ਜਯੋਤਿਕਾ ਨੇ ਸ੍ਰੀ ਖੰਨਾ ਨੂੰ ਦੱਸਿਆ ਕਿ ਬੀਤੀ 19 ਮਈ ਨੂੰ ਮੇਰੇ ਪਤੀ ਦਾ ਫੋਨ ਆਇਆ ਸੀ ਤੇ ਉਹ ਅਜੇ ਮੇਰੇ ਨਾਲ ਗੱਲਬਾਤ ਕਰ ਹੀ ਰਿਹਾ ਸੀ ਤਾਂ ਕਿਸੇ ਨੇ ਉਸ ਕੋਲੋਂ ਫੋਨ ਖੋਹ ਲਿਆ। ਜਯੋਤਿਕਾ ਅਨੁਸਾਰ ਫੋਨ ਚਾਲੂ ਹੋਣ ਕਰਕੇ ਉਸਨੇ ਸੁਣਿਆ ਕਿ ਦੋ ਵਿਅਕਤੀ ਜੋ ਕਿ ਪੰਜਾਬੀ ਬੋਲ ਰਹੇ ਸਨ, ਮੇਰੇ ਪਤੀ ਨਾਲ ਗਾਲੀ-ਗਲੋਚ ਤੇ ਕੁੱਟਮਾਰ ਕਰ ਰਹੇ ਸਨ। ਉਸਨੇ ਕਿਹਾ ਕਿ ਮੈਂ ਆਪਣੇ ਪਤੀ ਦੇ ਚੀਖਣ ਅਤੇ ਰੋਣ ਦੀਆਂ ਆਵਾਜ਼ਾਂ ਸਾਫ਼ ਸੁਣੀਆਂ ਅਤੇ ਇਸ ਤੋਂ ਬਾਅਦ ਰਾਕੇਸ਼ ਨਾਲ ਸੰਪਰਕ ਨਹੀਂ ਹੋ ਸਕਿਆ। ਉਸਨੇ ਦੱਸਿਆ ਕਿ 21 ਮਈ ਨੂੰ ਮੇਰੇ ਪਤੀ ਦੀ ਮੌਤ ਦੀ ਖ਼ਬਰ ਆ ਗਈ। ਜਯੋਤਿਕਾ ਨੇ ਦੱਸਿਆ ਕਿ ਦੋਹਾ ਕਤਰ ਦੀ ਪੁਲਸ ਨੇ ਵੀ ਕੋਈ ਕਾਰਵਾਈ ਕੀਤੇ ਬਿਨਾਂ ਮੇਰੇ ਪਤੀ ਦੀ ਲਾਸ਼ ਨੂੰ ਭਾਰਤ ਭੇਜ ਕੇ ਆਪਣਾ ਪਿੱਛਾ ਛੁੱਡਵਾ ਲਿਆ। ਗੱਲਬਾਤ ਦੌਰਾਨ ਜਯੋਤਿਕਾ ਬੇਹੱਦ ਸਦਮੇ 'ਚ ਸੀ ਤੇ ਇਨਸਾਫ ਦੀ ਮੰਗ ਕਰ ਰਹੀ ਸੀ।
ਪੀੜਤ ਪਰਿਵਾਰ ਦੀ ਵਿਥਿਆ ਸੁਣਨ ਤੋਂ ਬਾਅਦ ਖੰਨਾ ਨੇ ਕਿਹਾ ਕਿ ਪਹਿਲਾਂ ਵੀ ਕੁੱਝ ਅਜਿਹੀਆਂ ਸ਼ਿਕਾਇਤਾਂ ਮਿਲੀਆਂ ਹਨ, ਜਿਨ੍ਹਾਂ ਵਿਚ ਮੌਤ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਤਲ ਦਾ ਸ਼ੱਕ ਜਾਹਰ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਵਿਦੇਸ਼ ਮੰਤਰਾਲਿਆ ਨਾਲ ਇਸ ਸਬੰਧ 'ਚ ਗੱਲ ਕਰਨਗੇ। ਜੇਕਰ ਉਥੋਂ ਦੀ ਪੁਲਸ ਵੱਲੋਂ ਸਿਰਫ ਖਾਨਾਪੂਰਤੀ ਹੀ ਕੀਤੀ ਗਈ ਹੈ ਤਾਂ ਇਸ ਗੱਲ ਨੂੰ ਗੰਭੀਰਤਾ ਨਾਲ ਲੈਂਦਿਆਂ ਦੋਵੇਂ ਦੇਸ਼ ਆਪਸ 'ਚ ਜ਼ਰੂਰ ਗੱਲਬਾਤ ਕਰਨਗੇ। ਉਨ੍ਹਾਂ ਮ੍ਰਿਤਕ ਰਾਕੇਸ਼ ਦੇ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਿਵਾਉਣ ਦਾ ਭਰੋਸਾ ਦਿੱਤਾ। 
ਇਸ ਮੌਕੇ ਯੂਥ ਡਿਵੈਲਪਮੈਂਟ ਬੋਰਡ ਪੰਜਾਬ ਦੇ ਸਾਬਕਾ ਸੀਨੀ. ਵਾਈਸ ਚੇਅਰਮੈਨ ਤੇ ਸ੍ਰੀ ਖੰਨਾ ਦੇ ਰਾਜਨੀਤਿਕ ਸਕੱਤਰ ਸੰਜੀਵ ਤਲਵਾੜ, ਮੇਜਰ ਯਸ਼ਪਾਲ, ਸਰਪੰਚ ਇੰਦਰਪਾਲ ਸਿੰਘ, ਅਰੁਣ ਕੁਮਾਰ, ਸ਼ਿਵ ਕੁਮਾਰ, ਸਲਵਿੰਦਰ ਸਿੰਘ, ਗੁਰਪ੍ਰੀਤ ਸਿੰਘ ਤੇ ਹੋਰ ਵਿਅਕਤੀ ਵੀ ਮੌਜੂਦ ਸਨ।

Kulvinder Mahi

This news is News Editor Kulvinder Mahi