ਮੋਤੀ ਨਗਰ ਦੇ ਖਾਲੀ ਪਲਾਟ ''ਚੋਂ ਮਿਲੀ ਚੂਹਿਆਂ ਵੱਲੋਂ ਨੋਚੀ ਲਾਸ਼

05/06/2018 12:54:11 PM

ਲੁਧਿਆਣਾ (ਰਿਸ਼ੀ) - ਥਾਣਾ ਫੋਕਲ ਪੁਆਇੰਟ ਦੇ ਇਲਾਕੇ ਮੋਤੀ ਨਗਰ ਐਕਸਟੇਸ਼ਨ 'ਚ ਸ਼ਨੀਵਾਰ ਸਵੇਰੇ ਖਾਲੀ ਪਲਾਟ 'ਚੋਂ ਲਾਸ਼ ਦੇਖ ਆਸ-ਪਾਸ ਦੇ ਲੋਕਾਂ ਨੇ ਹੱਤਿਆ ਦੀ ਅਫਵਾਹ ਫੈਲਾ ਦਿੱਤੀ। ਪਤਾ ਲੱਗਦਿਆਂ ਹੀ ਏ. ਡੀ. ਸੀ. ਪੀ. ਸੰਦੀਪ ਸ਼ਰਮਾ, ਏ. ਸੀ. ਪੀ. ਧਰਮਪਾਲ, ਇੰਸਪੈਕਟਰ ਅਮਨਦੀਪ ਬਰਾੜ ਪੁਲਸ ਪਾਰਟੀ ਸਮੇਤ ਘਟਨਾ ਸਥਾਨ 'ਤੇ ਪਹੁੰਚ ਗਏ। 
ਇਸ ਮੌਕੇ ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਬਰਾੜ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸੁਭਾਸ਼ (35) ਦੇ ਰੂਪ ਵਿਚ ਹੋਈ ਹੈ। ਉਹ ਮਾਡਲ ਟਾਊਨ ਐਕਸਟੇਸ਼ਨ 'ਚ ਕੱਪੜੇ ਪ੍ਰੈੱਸ ਕਰਨ ਦਾ ਕੰਮ ਕਰਦਾ ਸੀ ਅਤੇ ਉਹ ਪਲਾਟ 'ਚ ਰਾਤ ਨੂੰ ਸੌਣ ਜਾਂਦਾ ਸੀ। ਸੁਭਾਸ਼ ਸ਼ਰਾਬ ਪੀਣ ਦਾ ਆਦੀ ਸੀ ਅਤੇ ਦਿਨ-ਰਾਤ ਨਸ਼ੇ 'ਚ ਧੁੱਤ ਰਹਿੰਦਾ ਸੀ। ਅੱਜ ਸਵੇਰੇ ਇਲਾਕੇ ਵਿਚ ਢਾਬਾ ਚਲਾਉਣ ਵਾਲੇ ਅਸ਼ੋਕ ਪਾਂਡੇ ਨੇ ਪੁਲਸ ਨੂੰ ਜਾਣਕਾਰੀ ਦਿੱਤੀ ਕਿ ਸੁਭਾਸ਼ ਦੀ ਹੱਤਿਆ ਕਰ ਕੇ ਲਾਸ਼ ਪਲਾਟ 'ਚ ਸੁੱਟ ਦਿੱਤੀ। ਪਾਂਡੇ ਰਾਤ 11 ਵਜੇ ਨਸ਼ੇ ਦੀ ਹਾਲਤ 'ਚ ਉਸ ਨੂੰ ਪਲਾਟ 'ਚ ਛੱਡ ਕੇ ਗਿਆ ਸੀ। 
ਮੌਕੇ 'ਤੇ ਪਹੁੰਚੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਤਾਂ ਸਰੀਰ ਤੋਂ ਕਈ ਜਗ੍ਹਾ ਮਾਸ ਨੋਚਿਆ ਗਿਆ ਸੀ। ਜਾਂਚ ਕਰਨ 'ਤੇ ਪਤਾ ਲੱਗਾ ਕਿ ਪਲਾਟ ਵਿਚ ਕਾਫੀ ਚੂਹੇ ਹਨ, ਦੇਰ ਰਾਤ ਜ਼ਿਆਦਾ ਨਸ਼ਾ ਕਰਨ ਕਰ ਕੇ ਸੁਭਾਸ਼ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਚੂਹਿਆਂ ਨੇ ਮ੍ਰਿਤਕ ਦਾ ਮਾਸ ਨੋਚ ਖਾਧਾ। ਰਾਇਬਰੇਲੀ ਤੋਂ ਉਸਦੇ ਰਿਸ਼ਤੇਦਾਰਾਂ ਦੇ ਆਉਣ ਤੋਂ ਬਾਅਦ ਪੋਸਟਮਾਰਟਮ ਕਰਵਾਇਆ ਜਾਵੇਗਾ। ਇਸ ਤੋਂ ਬਾਅਦ ਮੌਤ ਦੇ ਸਹੀ ਕਾਰਨਾਂ ਦਾ ਪਤਾ ਲੱਗੇਗਾ।