ਪਰਿਵਾਰਕ ਮੈਂਬਰਾਂ ਨੇ ਐੱਸ. ਡੀ. ਐੱਮ. ਦਫਤਰ ਅੱਗੇ ਲਾਸ਼ ਰੱਖ ਕੇ ਦਿੱਤਾ ਧਰਨਾ

04/26/2018 3:46:57 AM

ਤਲਵੰਡੀ ਸਾਬੋ(ਮੁਨੀਸ਼)-ਔਰਤ ਦੀ ਇਲਾਜ ਦੌਰਾਨ ਮੌਤ ਹੋਣ ਦਾ ਦਾਅਵਾ ਕਰਦਿਆਂ ਉਸਦੇ ਵਾਰਿਸਾਂ ਵੱਲੋਂ ਡਾਕਟਰ ਵਿਰੁੱਧ ਕਾਰਵਾਈ ਲਈ ਸਥਾਨਕ ਐੱਸ. ਡੀ. ਐੱਮ. ਦਫਤਰ ਅੱਗੇ ਲਾਸ਼ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ । ਜਾਣਕਾਰੀ ਅਨੁਸਾਰ ਤਲਵੰਡੀ ਸਾਬੋ ਦੀ ਸੀਤੋ ਦੇਵੀ (65) ਨੂੰ ਡਿਸਕ ਦੀ ਸਮੱਸਿਆ ਹੋਣ ਕਰ ਕੇ ਬਠਿੰਡਾ ਦੇ ਇਕ ਨਿੱਜੀ ਹਸਪਤਾਲ ਤੋਂ ਇਲਾਜ ਕਰਵਾਇਆ ਸੀ, ਜਿਥੇ ਉਨ੍ਹਾਂ ਤੋਂ ਇਲਾਜ ਦੇ ਬਦਲੇ ਵੱਡੀ ਰਕਮ ਲੈ ਲਈ ਗਈ ਸੀ ਪਰ ਉਕਤ ਔਰਤ ਦੀ ਸਮੱਸਿਆ ਜਿਉਂ ਦੀ ਤਿਉਂ ਬਣੀ ਰਹੀ ਤੇ ਜਦੋਂ ਔਰਤ ਦਾ ਇਲਾਜ ਕਿਸੇ ਹੋਰ ਡਾਕਟਰ ਤੋਂ ਕਰਵਾਇਆ ਗਿਆ ਤਾਂ ਡਾਕਟਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਤਾਂ ਉਕਤ ਔਰਤ ਦਾ ਇਲਾਜ ਹੀ ਨਹੀਂ ਹੋਇਆ, ਜਿਸ 'ਤੇ ਔਰਤ ਦੇ ਵਾਰਿਸ ਪਹਿਲਾਂ ਵਾਲੇ ਡਾਕਟਰ ਕੋਲ ਪੁੱਜ ਗਏ ਤੇ ਉਥੇ ਹੋਈ ਤੂੰ-ਤੂੰ ਮੈਂ-ਮੈਂ ਉਪਰੰਤ ਡਾਕਟਰ ਨੇ ਔਰਤ ਦੇ ਵਾਰਿਸਾਂ 'ਤੇ ਮਾਮਲਾ ਦਰਜ ਕਰਵਾ ਦਿੱਤਾ। ਬੀਤੀ ਦੇਰ ਰਾਤ ਸੀਤੋ ਦੇਵੀ ਦੀ ਮੌਤ ਹੋ ਗਈ। ਅੱਜ ਸੀਤੋ ਦੇਵੀ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੇ ਉਸ ਦੀ ਮੌਤ ਦਾ ਜ਼ਿੰਮੇਵਾਰ ਉਕਤ ਡਾਕਟਰ ਨੂੰ ਦੱਸਦਿਆਂ ਉਸ ਖਿਲਾਫ ਕਾਰਵਾਈ ਕਰਨ ਦੀ ਮੰਗ ਕਰਦੇ ਹੋਏ ਸਥਾਨਕ ਸਮਾਜ ਸੇਵੀ ਆਗੂ ਅਵਤਾਰ ਸਿੰਘ ਚੋਪੜਾ ਸਾਬਕਾ ਉਪ ਚੇਅਰਮੈਨ ਦੀ ਅਗਵਾਈ ਹੇਠ ਲਾਸ਼ ਨੂੰ ਐੱਸ. ਡੀ. ਐੱਮ. ਦਫਤਰ ਦੇ ਗੇਟ ਅੱਗੇ ਰੱਖ ਕੇ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ । ਮੌਕੇ 'ਤੇ ਪੁੱਜੇ ਪੁਲਸ ਅਧਿਕਾਰੀਆਂ ਨੇ ਧਰਨਾਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਧਰਨਾਕਾਰੀ ਡਾਕਟਰ 'ਤੇ ਮਾਮਲਾ ਦਰਜ ਕਰਵਾਉਣ ਤੱਕ ਅੜੇ ਰਹੇ। ਦੇਰ ਸ਼ਾਮ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਧਰਨਾਕਾਰੀਆਂ ਦਾ ਆਗੂ ਅਵਤਾਰ ਚੋਪੜਾ ਕੁਝ ਸਮੇਂ ਲਈ ਘਰ ਗਿਆ ਤਾਂ ਪਿੱਛੋਂ ਮ੍ਰਿਤਕ ਔਰਤ ਦੇ ਵਾਰਿਸਾਂ ਨੇ ਪੁਲਸ 'ਤੇ ਦੋਸ਼ ਲਾਇਆ ਕਿ ਪੁਲਸ ਨੇ ਧੱਕੇ ਨਾਲ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਤੇ ਨਾਲ ਹੀ ਸਮੁੱਚੇ ਧਰਨਾਕਾਰੀਆਂ ਨੂੰ ਘੇਰੇ 'ਚ ਲੈ ਕੇ ਉਨ੍ਹਾਂ ਦੇ ਮੋਬਾਇਲ ਤੱਕ ਖੋਹ ਲਏ।
     ਇਸ ਮੌਕੇ ਐੱਸ. ਡੀ. ਐੱਮ. ਤਲਵੰਡੀ ਸਾਬੋ ਬਰਿੰਦਰ ਕੁਮਾਰ, ਤਹਿਸੀਲਦਾਰ ਤਲਵੰਡੀ ਸਾਬੋ, ਡੀ. ਐੱਸ. ਪੀ. ਬਰਿੰਦਰ ਸਿੰਘ ਗਿੱਲ ਤੇ ਥਾਣਾ ਮੁਖੀ ਜਸਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਹਾਜ਼ਰ ਸਨ ਪਰ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲ ਕਰਨ ਤੋਂ ਦੂਰੀ ਬਣਾਈ ਰੱਖੀ ਤੇ ਉੱਥੋਂ ਚਲੇ ਗਏ।ਬਾਅਦ 'ਚ ਪਤਾ ਲੱਗਾ ਕਿ ਮ੍ਰਿਤਕ ਔਰਤ ਦੀ ਲਾਸ਼ ਹਸਪਤਾਲ 'ਚ ਹੈ ਤਾਂ ਵਾਰਿਸ ਹਸਪਤਾਲ ਵੱਲ ਭੱਜ ਗਏ । ਹਸਪਤਾਲ ਪ੍ਰਬੰਧਕ ਵੀ ਇਹ ਦੱਸਣ 'ਚ ਨਾਕਾਮ ਰਹੇ ਕਿ ਔਰਤ ਦੀ ਲਾਸ਼ ਹਸਪਤਾਲ 'ਚ ਕੌਣ ਲੈ ਕੇ ਆਇਆ । ਖਬਰ ਲਿਖੇ ਜਾਣ ਤੱਕ ਸਥਿਤੀ ਤਣਾਅਪੂਰਨ ਬਣੀ ਹੋਈ ਸੀ ਤੇ ਮ੍ਰਿਤਕ ਔਰਤ ਦੇ ਰਿਸ਼ਤੇਦਾਰ ਪੁਲਸ ਦੀ ਧੱਕੇਸ਼ਾਹੀ ਖਿਲਾਫ ਰੋਹ 'ਚ ਸਨ, ਜਿਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਡਾਕਟਰ 'ਤੇ ਮਾਮਲਾ ਦਰਜ ਨਾ ਕੀਤੇ ਜਾਣ ਦੀ ਸੂਰਤ 'ਚ ਸਵੇਰੇ ਫਿਰ ਮ੍ਰਿਤਕ ਦੀ ਲਾਸ਼ ਤਹਿਸੀਲ ਕੰਪਲੈਕਸ ਅੱਗੇ ਰੱਖ ਕੇ ਰੋਸ ਮੁਜ਼ਾਹਰਾ ਕੀਤਾ ਜਾਵੇਗਾ।
ਕਿਸੇ ਨਾਲ ਕੋਈ ਧੱਕਾ ਨਹੀਂ ਕੀਤਾ ਗਿਆ : ਐੱਸ. ਡੀ. ਐੱਮ.
ਜਦੋਂ ਮਾਮਲੇ ਸਬੰਧੀ ਐੱਸ. ਡੀ. ਅੈੱਮ. ਤਲਵੰਡੀ ਸਾਬੋ ਬਰਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਪਬਲਿਕ ਪਲੇਸ 'ਤੇ ਲਾਸ਼ ਰੱਖ ਕੇ ਰੋਸ ਪ੍ਰਦਰਸ਼ਨ ਕਰਨਾ ਗਲਤ ਹੈ, ਜਿਸ ਕਰ ਕੇ ਲਾਸ਼ ਨੂੰ ਸਿਵਲ ਹਸਪਤਾਲ 'ਚ ਪਹੁੰਚਾ ਦਿੱਤਾ ਗਿਆ ਹੈ ਤੇ ਕਿਸੇ ਨਾਲ ਕੋਈ ਧੱਕਾ ਨਹੀਂ ਕੀਤਾ ਗਿਆ ।