ਸਿਵਲ ਹਸਪਤਾਲ ਦੇ ਮੁਰਦਾ ਘਰ ਦੇ ਫ੍ਰੀਜ਼ਰ ਖਰਾਬ, ਬਾਹਰ ਹੀ ਸੜ ਰਹੀਆਂ ਨੇ ਲਾਸ਼ਾਂ

07/19/2017 7:09:43 AM

ਬਠਿੰਡਾ(ਪਾਇਲ)-ਸ਼ਹੀਦ ਭਾਈ ਮਨੀ ਸਿੰਘ ਸਰਕਾਰੀ ਹਸਪਤਾਲ ਵਿਚ ਲਾਸ਼ਾਂ ਨੂੰ ਸੁਰੱਖਿਅਤ ਰੱਖਣ ਵਾਲੇ ਫ੍ਰੀਜ਼ਰ ਖਰਾਬ ਹੋਣ ਕਾਰਨ ਲਾਸ਼ਾਂ ਬਾਹਰ ਹੀ ਸੜ ਰਹੀਆਂ ਹਨ। ਮੁਰਦਾ ਘਰ 'ਚ ਮੌਜੂਦ 12 'ਚੋਂ 10 ਫ੍ਰੀਜ਼ਰ ਪਿਛਲੇ ਕਈ ਦਿਨਾਂ ਤੋਂ ਬੰਦ ਪਏ ਹਨ, ਜਿਨ੍ਹਾਂ ਦੀ ਜ਼ਿਲਾ ਅਧਿਕਾਰੀਆਂ ਨੂੰ ਜਾਣਕਾਰੀ ਹੋਣ ਦੇ ਬਾਵਜੂਦ ਵੀ ਠੀਕ ਨਹੀਂ ਕਰਵਾਇਆ ਗਿਆ। ਹਾਲਾਤ ਇਹ ਹਨ ਕਿ ਲਾਵਾਰਿਸ ਲਾਸ਼ਾਂ ਨੂੰ ਪਛਾਣ ਲਈ 72 ਘੰਟੇ ਸੁਰੱਖਿਅਤ ਰੱਖਣਾ ਵੀ ਮੁਸ਼ਕਲ ਹੋ ਗਿਆ ਹੈ।
ਖੁੱਲ੍ਹੇ 'ਚ ਸੜ ਰਹੀਆਂ ਲਾਸ਼ਾਂ
ਮੁਰਦਾ ਘਰ ਵਿਚ ਫ੍ਰੀਜ਼ਰ ਖਰਾਬ ਹੋਣ ਕਾਰਨ ਲਾਸ਼ਾਂ ਖੁੱਲ੍ਹੇ 'ਚ ਹੀ ਸੜ ਰਹੀਆਂ ਹਨ। ਰੋਜ਼ਾਨਾ ਔਸਤਨ 3 ਤੋਂ 4 ਲਾਸ਼ਾਂ ਪੋਸਟਮਾਰਟਮ ਲਈ ਮੁਰਦਾ ਘਰ ਵਿਚ ਸੁਰੱਖਿਅਤ ਰਖਵਾਈਆਂ ਜਾਂਦੀਆਂ ਹਨ। ਲਾਵਾਰਿਸ ਲਾਸ਼ਾਂ ਨੂੰ ਵੀ 72 ਘੰਟਿਆਂ ਤੱਕ ਪਛਾਣ ਲਈ ਸੁਰੱਖਿਅਤ ਰੱਖਣਾ ਹੁੰਦਾ ਹੈ ਪਰ ਫ੍ਰੀਜ਼ਰ ਖਰਾਬ ਹੋਣ ਕਾਰਨ ਲਾਸ਼ਾਂ ਨੂੰ ਸੁਰੱਖਿਅਤ ਰੱਖਣਾ ਮੁਸ਼ਕਲ ਹੋ ਗਿਆ ਹੈ। ਮੰਗਲਵਾਰ ਨੂੰ ਮੁਰਦਾ ਘਰ ਵਿਚ ਬਹੁਤ ਹੀ ਤਰਸਯੋਗ ਹਾਲਤ ਦੇਖਣ ਨੂੰ ਮਿਲੀ। ਚਾਲੂ ਹਾਲਤ 'ਚ 2 ਫ੍ਰੀਜ਼ਰਾਂ ਵਿਚ ਲਾਸ਼ਾਂ ਸੁਰੱਖਿਅਤ ਰੱਖੀਆਂ ਗਈਆਂ ਸਨ ਜਦੋਂਕਿ ਇਕ ਲਾਸ਼ ਨੂੰ ਮੁਰਦਾ ਘਰ 'ਚ ਬਣੇ ਚਬੂਤਰੇ 'ਤੇ ਪੱਖੇ ਹੇਠਾਂ ਰੱਖਿਆ ਹੋਇਆ ਸੀ, ਜੋ ਕਾਫੀ ਗਲ-ਸੜ ਗਈ ਸੀ। ਇਸੇ ਤਰ੍ਹਾਂ ਕੱਲ ਤੋਂ ਹੀ ਇਕ ਲਾਸ਼ ਨੂੰ ਐਮਰਜੈਂਸੀ ਨਜ਼ਦੀਕ ਸਟਰੈਚਰ 'ਤੇ ਢੱਕ ਕੇ ਰੱਖਿਆ ਹੋਇਆ ਹੈ, ਜਿਸ 'ਚੋਂ ਬਦਬੂ ਆਉਣ ਲੱਗੀ ਹੈ।
ਕਈ ਸਾਲਾਂ ਪੁਰਾਣੇ ਹਨ ਮੁਰਦਾ ਘਰ ਦੇ ਫ੍ਰੀਜ਼ਰ
ਸਰਕਾਰੀ ਮੁਰਦਾ ਘਰ ਵਿਚ ਲਾਸ਼ ਰੱਖਣ ਲਈ 12 ਫ੍ਰੀਜ਼ਰ ਮੌਜੂਦ ਹਨ। ਸਾਰੇ ਫ੍ਰੀਜ਼ਰ ਕਈ ਸਾਲਾਂ ਪੁਰਾਣੇ ਹੋਣ ਕਾਰਨ ਅਕਸਰ ਹੀ ਖਰਾਬ ਰਹਿੰਦੇ ਹਨ। ਹਾਲਾਂਕਿ ਵਿਭਾਗ ਵੱਲੋਂ ਇਕ ਨਿੱਜੀ ਕੰਪਨੀ ਨਾਲ ਫ੍ਰੀਜ਼ਰ ਠੀਕ ਕਰਨ ਦਾ ਸਮਝੌਤਾ ਸਾਈਨ ਕੀਤਾ ਗਿਆ ਹੈ, ਜੋ ਸ਼ਿਕਾਇਤ ਮਿਲਣ ਤੋਂ ਬਾਅਦ ਫ੍ਰੀਜ਼ਰ ਠੀਕ ਕਰਨ ਪਹੁੰਚਦੀ ਹੈ ਪਰ ਇਸ ਵਾਰ ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਅਧਿਕਾਰੀਆਂ ਨੇ ਫ੍ਰੀਜ਼ਰ ਠੀਕ ਨਹੀਂ ਕਰਵਾਏ ਹਨ, ਜਿਸ ਕਾਰਨ ਸਥਿਤੀ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਹੈ। ਖੁੱਲ੍ਹੇ 'ਚ ਪਈਆਂ ਲਾਸ਼ਾਂ ਕਾਰਨ ਹਸਪਤਾਲ 'ਚ ਹੀ ਬੀਮਾਰੀਆਂ ਫੈਲ ਰਹੀਆਂ ਹਨ ਪਰ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।
ਮੁਰਦਾ ਘਰ ਦੇ ਕਰਮਚਾਰੀ ਪ੍ਰੇਸ਼ਾਨ
ਉਕਤ ਹਾਲਾਤਾਂ ਕਾਰਨ ਮੁਰਦਾ ਘਰ ਵਿਚ ਕੰਮ ਕਰਦੇ ਵਰਕਰ ਬਹੁਤ ਪ੍ਰੇਸ਼ਾਨ ਹਨ ਕਿਉਂਕਿ ਉਨ੍ਹਾਂ ਨੂੰ ਲਾਸ਼ਾਂ ਦੀ ਦੇਖ-ਰੇਖ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਵਰਕਰ ਬਰਫ ਲਾ ਕੇ ਲਾਸ਼ਾਂ ਨੂੰ ਸੁਰੱਖਿਅਤ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ ਜਦਕਿ ਲਾਸ਼ਾਂ ਸੜਨ ਕਾਰਨ ਹਾਲਾਤ ਹੋਰ ਵੀ ਤਰਸਯੋਗ ਹੋ ਰਹੇ ਹਨ। ਅਜਿਹੇ ਵਿਚ ਲਾਸ਼ਾਂ ਦੀ ਬੇਕਦਰੀ ਵੀ ਹੋ ਰਹੀ ਹੈ, ਜਿਸ ਵੱਲ ਧਿਆਨ ਦੇਣ ਦੀ ਲੋੜ ਹੈ।