ਟਰੱਕ ''ਚੋਂ ਮਿਲੀ ਡਰਾਈਵਰ ਦੀ ਕੀੜੇ ਪਈ ਹੋਈ ਲਾਸ਼, ਦੇਖਣ ਵਾਲਿਆਂ ਦੇ ਕੰਬ ਗਏ ਦਿਲ

04/07/2021 3:33:00 PM

ਲੁਧਿਆਣਾ (ਜ.ਬ.) : ਲੁਧਿਆਣਾ-ਜਲੰਧਰ ਨੈਸ਼ਨਲ ਹਾਈਵੇਅ ’ਤੇ ਐਲਡੀਕੋ ਕੋਲ ਇਕ ਡਰਾਈਵਰ ਦੀ ਗਲੀ-ਸੜੀ ਹਾਲਤ ਵਿਚ ਲਾਸ਼ ਉਸ ਦੇ ਟਰੱਕ ’ਚੋਂ ਮਿਲਣ ਨਾਲ ਸਨਸਨੀ ਫੈਲ ਗਈ। ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਉਸ ਦਾ ਕਤਲ ਗਲਾ ਘੁੱਟ ਕੇ ਕੀਤਾ ਗਿਆ ਹੈ ਪਰ ਹਾਲੇ ਤਕ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਫਿਲਹਾਲ ਪੁਲਸ ਨੇ ਲਾਸ਼ ਦਾ ਪੰਚਨਾਮਾ ਕਰ ਕੇ ਉਸ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕ ਦੀ ਪਛਾਣ ਬਲਾਚੌਰ ਦੇ ਪਿੰਡ ਝਾੜੀਆਂ ਦੇ 32 ਸਾਲਾ ਹਰਪ੍ਰੀਤ ਸਿੰਘ ਉਰਫ਼ ਹੈਪੀ ਦੇ ਰੂਪ ਵਿਚ ਹੋਈ ਹੈ, ਜੋ ਕਿ ਪਿਛਲੇ 3 ਦਿਨਾਂ ਤੋਂ ਲਾਪਤਾ ਸੀ।

ਇਹ ਵੀ ਪੜ੍ਹੋ : ਕੁੜੀਆਂ ਨਾਲ ਆਨਲਾਈਨ ਪਿਆਰ ਪਾਉਣ ਵਾਲੇ ਜ਼ਰਾ ਬਚ ਕੇ! ਜਿਸਮਾਨੀ ਸਬੰਧਾਂ ਦਾ ਸੱਦਾ ਦੇ ਕਰਦੀਆਂ ਨੇ ਇਹ ਕੰਮ

ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਉਹ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਉਣ ਲਈ ਫੋਕਲ ਪੁਆਇੰਟ ਥਾਣੇ ਵਿਚ ਧੱਕੇ ਖਾ ਰਹੇ ਸਨ ਪਰ ਪੁਲਸ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੀ ਸੀ। ਘਟਨਾ ਦਾ ਪਤਾ ਉਦੋਂ ਲੱਗਾ, ਜਦੋਂ ਮੋਟਰਸਾਈਕਲ ਸਵਾਰ 2 ਨੌਜਵਾਨ ਸਰਵਿਸ ਲੇਨ ’ਤੇ ਖੜ੍ਹੇ ਟਰੱਕ ਕੋਲੋਂ ਨਿਕਲੇ ਤਾਂ ਉਨ੍ਹਾਂ ਨੂੰ ਟਰੱਕ ’ਚੋਂ ਤੇਜ਼ ਦੁਰਗੰਧ ਆਈ। ਉਨ੍ਹਾਂ ਨੇ ਇਹ ਗੱਲ ਘਟਨਾ ਸਥਾਨ ਦੇ ਨੇੜੇ ਢਾਬਾ ਚਲਾਉਣ ਵਾਲੀ ਜਨਾਨੀ ਨੂੰ ਦੱਸੀ, ਜਿਸ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ’ਤੇ ਡੀ. ਸੀ. ਪੀ. ਡਿਟੈਕਟਿਵ ਸਿਮਰਤਪਾਲ ਸਿੰਘ ਢੀਂਡਸਾ, ਏ. ਡੀ. ਸੀ. ਪੀ. ਹੈੱਡ ਕੁਆਰਟਰ ਅਸ਼ਵਨੀ ਗੌਤਿਆਲ, ਏ. ਸੀ. ਪੀ. ਨਾਰਥ ਗੁਰਬਿੰਦਰ ਸਿੰਘ, ਥਾਣਾ ਸਲੇਮ ਟਾਬਰੀ ਇੰਚਾਰਜ ਇੰਸ. ਗੋਪਾਲ ਕ੍ਰਿਸ਼ਨ ਅਤੇ ਐੱਫ. ਐੱਸ. ਐੱਲ. ਵਿਭਾਗ ਦੇ ਇੰਸਪੈਕਟਰ ਜਤਿੰਦਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ।

ਇਹ ਵੀ ਪੜ੍ਹੋ : ਹੁਣ 'ਚੰਡੀਗੜ੍ਹ' 'ਚ ਵੀ ਲੱਗਾ ਨਾਈਟ ਕਰਫ਼ਿਊ, ਬੰਦ ਕੀਤੀਆਂ ਜਾ ਸਕਦੀਆਂ ਨੇ ਇਹ ਥਾਵਾਂ

ਪੁਲਸ ਨੇ ਜਦ ਟਰੱਕ ਚੈੱਕ ਕੀਤਾ ਤਾਂ ਹੈਪੀ ਦੀ ਗਲੀ-ਸੜੀ ਲਾਸ਼ ਕੰਬਲ ’ਚ ਲਿਪਟੀ ਡਰਾਈਵਿੰਗ ਸੀਟ ਦੇ ਪਿੱਛੇ ਬਣੇ ਤਖ਼ਤ ’ਤੇ ਪਈ ਸੀ। ਪੁਲਸ ਨੇ ਮ੍ਰਿਤਕ ਦੇ ਟਰੱਕ ਦੇ ਨੰਬਰ ਦੇ ਆਧਾਰ ’ਤੇ ਹੈਪੀ ਦੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਤਾਂ ਉਸ ਦੀ ਪਤਨੀ ਸਰਬਜੀਤ ਕੌਰ ਉਰਫ਼ ਨਿਸ਼ਾ, ਮ੍ਰਿਤਕ ਦੀ ਭੈਣ ਸੁਖਦੀਪ ਕੌਰ, ਭਰਾ ਹਰਨੀਤ ਸਿੰਘ ਉਰਫ਼ ਲਾਡੀ, ਸਰਬਜੀਤ ਦੀ ਸਹੇਲੀ ਬਲਜੀਤ ਕੌਰ ਘਟਨਾ ਸਥਾਨ ’ਤੇ ਪੁੱਜੇ। ਰਿਸ਼ਤੇਦਾਰਾਂ ਨੇ ਲਾਸ਼ ਕੋਲੋਂ ਮਿਲੇ ਆਧਾਰ ਕਾਰਡ ਅਤੇ ਬਾਂਹ ’ਤੇ ਲਿਖੇ ਅਤੇ ਕੱਪੜਿਆਂ ਤੋਂ ਹਰਪ੍ਰੀਤ ਦੀ ਪਛਾਣ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿਚ ਇਹ ਮਾਮਲਾ ਕਤਲ ਦਾ ਲੱਗ ਰਿਹਾ ਹੈ। ਗਲੇ ’ਤੇ ਨਿਸ਼ਾਨ ਅਤੇ ਮ੍ਰਿਤਕ ਦੀ ਬਾਹਰ ਨਿਕਲੀ ਹੋਈ ਜੀਭ ਤੋਂ ਲੱਗ ਰਿਹਾ ਹੈ ਕਿ ਗਲਾ ਘੁੱਟ ਕੇ ਉਸ ਦਾ ਕਤਲ ਕੀਤਾ ਗਿਆ ਹੈ। ਪੋਸਟਮਾਰਟਮ ਤੋਂ ਬਾਅਦ ਕਾਫੀ ਹੱਦ ਤੱਕ ਸਭ ਕੁਝ ਸਾਫ ਹੋ ਜਾਵੇਗਾ। ਲਾਸ਼ 72 ਘੰਟਿਆਂ ਤੋਂ ਜ਼ਿਆਦਾ ਪੁਰਾਣੀ ਹੈ। ਮ੍ਰਿਤਕ ਦੀ ਪਤਨੀ ਨਿਸ਼ਾ ਦੀ ਸ਼ਿਕਾਇਤ ’ਤੇ ਕਤਲ ਦਾ ਕੇਸ ਦਰਜ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਦੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਬੱਚੇ ਰਹਿਣ ਤਿਆਰ, ਮਿਲਣ ਜਾ ਰਹੀ ਵੱਡੀ ਸਹੂਲਤ
ਲਵ ਮੈਰਿਜ ਹੋਈ ਸੀ
ਮ੍ਰਿਤਕ ਦੀ ਭੈਣ ਸੁਖਦੀਪ ਨੇ ਦੱਸਿਆ ਕਿ ਉਸ ਦੇ ਭਰਾ ਦੀ ਨਿਸ਼ਾ ਨਾਲ 2013 ਵਿਚ ਲਵ ਮੈਰਿਜ ਹੋਈ ਸੀ। ਉਸ ਦੇ ਭਰਾ ਦੀ ਪਹਿਲੀ, ਜਦਕਿ ਨਿਸ਼ਾ ਦਾ ਇਹ ਦੂਜਾ ਵਿਆਹ ਸੀ। ਨਿਸ਼ਾ ਦੇ ਪਹਿਲੇ ਪਤੀ ਤੋਂ ਇਕ ਬੇਟੀ ਹੈ, ਜੋ ਕਿ ਇਨ੍ਹਾਂ ਕੋਲ ਰਹਿੰਦੀ ਹੈ। ਉਸ ਨੇ ਦੱਸਿਆ ਕਿ ਭਰਾ-ਭਰਜਾਈ ਦਾ ਆਪਸ ਵਿਚ ਬਹੁਤ ਪਿਆਰ ਸੀ ਪਰ ਵਿਆਹ ਤੋਂ ਬਾਅਦ ਭਰਾ-ਭਰਜਾਈ ਬਲਾਚੌਰ ’ਚ ਕਿਰਾਏ ਦੇ ਘਰ ਵਿਚ ਰਹਿੰਦੇ ਸਨ। ਉਸ ਦੇ ਭਰਾ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਅਤੇ ਨਾ ਹੀ ਕਿਸੇ ਨਾਲ ਪੈਸਿਆਂ ਦਾ ਲੈਣ-ਦੇਣ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 

Babita

This news is Content Editor Babita