ਡੀ. ਸੀ. ਦੇ ਹੁਕਮ, ਚਿੰਤਪੂਰਨੀ ਜਾਣ ਵਾਲੇ ਸ਼ਰਧਾਲੂ ਭਾਰ ਢੋਣ ਵਾਲੇ ਵਾਹਨਾਂ ''ਤੇ ਨਾ ਕਰਨ ਯਾਤਰਾ

08/01/2019 3:11:24 PM

ਹੁਸ਼ਿਆਰਪੁਰ (ਘੁੰਮਣ) : ਪੰਜਾਬ ਦੇ ਸ਼ਰਧਾਲੂ 1 ਅਗਸਤ ਤੋਂ ਸ਼ੁਰੂ ਹੋਣ ਵਾਲੇ ਮਾਤਾ ਚਿੰਤਪੂਰਨੀ ਦੇ ਮੇਲੇ ਦੌਰਾਨ ਦਰਸ਼ਨਾਂ ਲਈ ਜ਼ਿਲਾ ਹੁਸ਼ਿਆਰਪੁਰ 'ਚੋਂ ਲੰਘ ਕੇ ਹਿਮਾਚਲ ਪ੍ਰਦੇਸ਼ ਜਾਂਦੇ ਹਨ, ਹੁਣ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਜਿੱਥੇ ਸ਼ਰਧਾਲੂਆਂ ਦੀ ਸਹੂਲਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ, ਉੱਥੇ ਹੀ ਸੁਰੱਖਿਆ ਅਤੇ ਸੁਚਾਰੂ ਟਰੈਫਿਕ ਪ੍ਰਬੰਧਾਂ ਦੇ ਲਿਹਾਜ਼ ਨਾਲ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਸੂਬੇ ਦੇ ਬਾਕੀ ਡਿਪਟੀ ਕਮਿਸ਼ਨਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਭਾਰ ਢੋਣ ਵਾਲੇ ਵਾਹਨਾਂ 'ਤੇ ਆਉਣ ਵਾਲੇ ਸ਼ਰਧਾਲੂਆਂ ਨੂੰ ਜਾਗਰੂਕ ਕਰਨ ਕਿ ਅਜਿਹੇ ਵਾਹਨਾਂ 'ਤੇ 1 ਤੋਂ 10 ਅਗਸਤ ਤੱਕ ਰੋਕ ਲਾ ਦਿੱਤੀ ਗਈ ਹੈ। ਭਾਰ ਢੋਣ ਵਾਲੇ ਵਾਹਨਾਂ 'ਤੇ ਕਾਰਵਾਈ ਕਰਨ ਉਪਰੰਤ ਹੁਸ਼ਿਆਰਪੁਰ ਤੋਂ ਵਾਪਸ ਭੇਜ ਦਿੱਤਾ ਜਾਵੇਗਾ।  ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਪੁਲਸ ਵੱਲੋਂ ਵੀ ਅਜਿਹੇ ਵਾਹਨਾਂ ਦੇ ਚਲਾਨ ਕੱਟ ਕੇ ਵਾਪਸ ਭੇਜਿਆ ਜਾ ਰਿਹਾ ਹੈ। ਮਾਤਾ ਚਿੰਤਪੂਰਨੀ ਮੇਲੇ ਲਈ ਕੀਤੇ ਜਾ ਰਹੇ ਪ੍ਰਬੰਧਾਂ ਨੂੰ ਅੰਤਿਮ ਛੋਹਾਂ ਦੇਣ ਲਈ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ਼੍ਰੀਮਤੀ ਈਸ਼ਾ ਕਾਲੀਆ ਵੱਲੋਂ ਅਧਿਕਾਰੀਆਂ ਨਾਲ ਇਕ ਉੱਚ ਪੱਧਰੀ ਮੀਟਿੰਗ ਕੀਤੀ ਗਈ। ਮੀਟਿੰਗ 'ਚ ਨਵ-ਨਿਯੁਕਤ ਐੱਸ. ਐੱਸ. ਪੀ. ਸ਼੍ਰੀ ਗੌਰਵ ਗਰਗ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਸ਼੍ਰੀਮਤੀ ਈਸ਼ਾ ਕਾਲੀਆ ਨੇ ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ ਨੂੰ ਹਦਾਇਤ ਕਰਦਿਆਂ ਕਿਹਾ ਕਿ ਸੰਗਤ ਨੂੰ ਲਿਆਉਣ ਵਾਲੇ ਭਾਰ ਢੋਣ ਵਾਲੇ ਵਾਹਨਾਂ 'ਤੇ ਵਿਸ਼ੇਸ਼ ਨਾਕੇ ਲਾ ਕੇ ਵਾਪਸ ਭੇਜਿਆ ਜਾਵੇ। ਬਿਨਾਂ ਪ੍ਰਵਾਨਗੀ ਦੇ ਲਾਊਡ ਸਪੀਕਰ ਨਹੀਂ ਚੱਲਣਗੇ ਪਰ ਛੋਟੇ ਹਾਥੀ 'ਤੇ ਡੀ. ਜੇ. ਚਲਾਉਣ ਦੀ ਪ੍ਰਵਾਨਗੀ ਨਹੀਂ ਹੋਵੇਗੀ, ਇਸ ਲਈ ਟਰਾਂਸਪੋਰਟ ਵਿਭਾਗ ਵੱਲੋਂ ਅਜਿਹੇ ਵਾਹਨਾਂ ਨੂੰ ਤੁਰੰਤ ਜ਼ਬਤ ਕੀਤਾ ਜਾਵੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਨਾਲ ਸਬੰਧਤ ਲੰਗਰ ਕਮੇਟੀਆਂ ਦੀ ਸਹੂਲਤ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਸਿੰਗਲ ਵਿੰਡੋ ਸਿਸਟਮ ਐੱਸ. ਡੀ. ਐੱਮ. ਦਫ਼ਤਰ ਹੁਸ਼ਿਆਰਪੁਰ ਵਿਚ ਸ਼ੁਰੂ ਕਰ ਦਿੱਤਾ ਗਿਆ ਹੈ, ਤਾਂ ਜੋ ਇਕ ਹੀ ਛੱਤ ਹੇਠਾਂ ਰਜਿਸਟਰੇਸ਼ਨ/ਮਨਜ਼ੂਰੀਆਂ ਆਦਿ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ। ਉਨ੍ਹਾਂ ਕਿਹਾ ਕਿਊਨਾ (ਹਿਮਾਚਲ ਪ੍ਰਦੇਸ਼) ਦੇ ਡਿਪਟੀ ਕਮਿਸ਼ਨਰ ਨਾਲ ਤਾਲਮੇਲ ਕਰ ਕੇ 10 ਅਗਸਤ ਤੱਕ ਹੁਸ਼ਿਆਰਪੁਰ ਤੋਂ ਮਾਤਾ ਚਿੰਤਪੂਰਨੀ ਨੂੰ ਜਾਣ ਵਾਲਾ ਰਸਤਾ ਵਨ-ਵੇਅ ਕੀਤਾ ਗਿਆ ਹੈ। ਸੰਗਤਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਜਿੱਥੇ ਪਾਣੀ ਦੀ ਕਲੋਰੀਨੇਸ਼ਨ ਲਈ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ, ਉਥੇ ਹੀ 24 ਘੰਟੇ ਮੈਡੀਕਲ ਸੇਵਾਵਾਂ ਲਈ ਡਾਕਟਰਾਂ ਦੀਆਂ ਟੀਮਾਂ ਵੀ ਨਿਯੁਕਤ ਕਰ ਦਿੱਤੀਆਂ ਗਈਆਂ ਹਨ। ਚੌਹਾਲ ਬੱਸ ਸਟੈਂਡ, ਨੇੜੇ ਵਾਟਰ ਟੈਂਕ ਚੌਹਾਲ ਅਤੇ ਮੰਗੂਵਾਲ ਨੇੜੇ ਬੈਰੀਅਰ (ਬਾਰਡਰ) ਵਿਖੇ ਤਿੰਨ ਮੈਡੀਕਲ ਟੀਮਾਂ ਸਥਾਪਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਰਾਤ ਨੂੰ 8 ਵਜੇ ਤੋਂ ਲੈ ਕੇ ਸਵੇਰੇ 8 ਵਜੇ ਤੱਕ ਮੋਬਾਇਲ ਮੈਡੀਕਲ ਵੈਨ ਰਾਹੀਂ ਹੁਸ਼ਿਆਰਪੁਰ ਤੋਂ ਹਿਮਾਚਲ ਪ੍ਰਦੇਸ਼ ਦੇ ਬਾਰਡਰ ਮੰਗੂਵਾਲ ਤੱਕ ਮੈਡੀਕਲ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਖਾਣੇ ਦੀ ਗੁਣਵੱਤਾ ਬਰਕਰਾਰ ਰੱਖਣ ਲਈ ਫੂਡ ਸੈਂਪਲਿੰਗ ਵੀ ਕਰਵਾਈ ਜਾਵੇਗੀ।

ਐੱਸ.ਐੱਸ. ਪੀ. ਗੌਰਵ ਗਰਗ ਨੇ ਕਿਹਾ ਕਿ ਸੈਕਟਰ ਵਾਈਜ਼ ਜ਼ਿਲਾ ਪੁਲਸ ਦੇ ਕਰਮਚਾਰੀਆਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ, ਜੋ 24 ਘੰਟੇ ਸ਼ਿਫਟ ਵਾਈਜ਼ ਸੇਵਾਵਾਂ ਨਿਭਾਉਣਗੇ। ਜ਼ਿਲਾ ਪੁਲਸ ਦੀਆਂ ਟੀਮਾਂ ਜਿੱਥੇ ਸੁਰੱਖਿਆ ਪੱਖੋਂ ਮੁਸਤੈਦ ਰਹਿਣਗੀਆਂ, ਉੱਥੇ ਹੀ ਟਰੈਫਿਕ ਦੀ ਕੋਈ ਸਮੱਸਿਆ ਵੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲਸ ਕਰਮਚਾਰੀਆਂ ਵੱਲੋਂ ਵੱਖ-ਵੱਖ ਥਾਵਾਂ 'ਤੇ ਵਿਸ਼ੇਸ਼ ਨਾਕੇ ਲਾਏ ਜਾ ਰਹੇ ਹਨ। ਇਸ ਤੋਂ ਇਲਾਵਾ ਪੀ. ਸੀ. ਆਰ. ਮੋਬਾਇਲ ਪੈਟਰੋਲਿੰਗ ਵੱਲੋਂ ਵੀ ਦਿਨ-ਰਾਤ ਡਿਊਟੀ ਨਿਭਾਈ ਜਾਵੇਗੀ। ਫਸਟ ਏਡ ਲਈ ਤਿੰਨ ਪੁਲਸ ਹੈਲਪ ਪੋਸਟਾਂ ਜੇ. ਸੀ. ਟੀ. ਮਿੱਲ ਚੌਹਾਲ, ਆਸ਼ਾ ਦੇਵੀ ਮੰਦਰ ਅਤੇ ਅੱਡਾ ਚੱਕ ਸਾਧੂ ਵਿਖੇ ਬਣਾਈਆਂ ਗਈਆਂ ਹਨ, ਜਿਨ੍ਹਾਂ ਵੱਲੋਂ 24 ਘੰਟੇ ਸੇਵਾਵਾਂ ਨਿਭਾਈਆਂ ਜਾਣਗੀਆਂ।

Anuradha

This news is Content Editor Anuradha