ਦਿਨ-ਦਿਹਾੜੇ ਅਗਵਾ ਹੋਇਆ ਬੱਚਾ ਬਰਾਮਦ, ਪਿਤਾ ਹੀ ਨਿਕਲਿਆ ਦੋਸ਼ੀ (ਵੀਡੀਓ)

05/28/2017 12:02:50 PM

ਅੰਮ੍ਰਿਤਸਰ, (ਸੰਜੀਵ) - ਬਟਾਲਾ ਰੋਡ ਸਥਿਤ ਮੁਸਤਫਾਬਾਦ ਤੋਂ ਅਗਵਾ ਕੀਤੇ ਗਏ 5 ਸਾਲਾ ਅਭੀ ਨੂੰ ਸ਼ਨੀਵਾਰ ਜ਼ਿਲਾ ਪੁਲਸ ਨੇ ਅਬੋਹਰ ਦੇ ਪਿੰਡ ਦਲਬੀਰ ਖੇਹੜਾ ਤੋਂ ਬਰਾਮਦ ਕਰ ਲਿਆ ਹੈ। ਬੱਚਾ ਉਸ ਦੇ ਅਸਲੀ ਪਿਤਾ ਮਲਕੀਤ ਸਿੰਘ ਨੇ ਆਪਣੇ ਰਿਸ਼ਤੇਦਾਰ ਲੱਕੀ ਨਾਂ ਦੇ ਨੌਜਵਾਨ ਨਾਲ ਮਿਲ ਕੇ ਅਗਵਾ ਕਰਵਾਇਆ ਸੀ। ਮਲਕੀਤ ਦਾ ਆਪਣੀ ਪਤਨੀ ਗੁਲਸ਼ਨ ਕੌਰ ਨਾਲ ਤਲਾਕ ਹੋ ਚੁੱਕਾ ਹੈ, ਜਦਕਿ ਗੁਲਸ਼ਨ ਕੌਰ ਦੂਸਰੇ ਵਿਆਹ ਤੋਂ ਨਾਖੁਸ਼ ਹੋਣ ਕਾਰਨ ਹੁਣ ਆਪਣੇ ਪਹਿਲੇ ਪਤੀ ਮਲਕੀਤ ਨਾਲ ਰਹਿਣਾ ਚਾਹੁੰਦੀ ਸੀ, ਜਿਸ ਕਾਰਨ ਦੋਵਾਂ ਨੇ ਯੋਜਨਾਬੱਧ ਢੰਗ ਨਾਲ ਗੋਦ ਲਏ ਗਏ ਆਪਣੇ ਬੱਚੇ ਨੂੰ ਅਗਵਾ ਕਰਵਾ ਲਿਆ। ਪੁਲਸ ਅਜੇ ਤੱਕ ਅਗਵਾ ਕਰਨ ਵਾਲੇ ਲੱਕੀ ਅਤੇ ਉਸ ਦੇ 4 ਸਾਥੀਆਂ ਨੂੰ ਗ੍ਰਿਫਤਾਰ ਨਹੀਂ ਕਰ ਸਕੀ, ਜਿਨ੍ਹਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਹ ਖੁਲਾਸਾ ਡੀ. ਸੀ. ਪੀ. ਅਮਰਜੀਤ ਸਿੰਘ ਬਾਜਵਾ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਕੀਤਾ।
ਉਨ੍ਹਾਂ ਦੱਸਿਆ ਕਿ ਬੱਚੇ ਦੇ ਅਗਵਾ ਹੋਣ ਤੋਂ ਤੁਰੰਤ ਬਾਅਦ ਹੀ ਥਾਣਾ ਸਦਰ ਦੇ ਇੰਚਾਰਜ ਆਈ. ਪੀ. ਐੱਸ. ਹਰਮਨਦੀਪ ਸਿੰਘ ਨੇ ਆਪਣੀ ਟੀਮ ਨਾਲ ਜਾਂਚ ਸ਼ੁਰੂ ਕਰ ਦਿੱਤੀ ਸੀ, ਜਿਵੇਂ ਹੀ ਬੱਚੇ ਦੇ ਮਾਤਾ-ਪਿਤਾ ਨੇ ਅਗਵਾ ਦਾ ਸ਼ੱਕ ਗੁਲਸ਼ਨ ਕੌਰ 'ਤੇ ਪ੍ਰਗਟਾਇਆ ਤਾਂ ਪੁਲਸ ਨੇ ਉਸ ਨੂੰ ਬੀਤੀ ਰਾਤ ਹੀ ਗ੍ਰਿਫਤਾਰ ਕਰ ਲਿਆ, ਜਿਸ ਨੇ ਪੁਲਸ ਨੂੰ ਦੱਸਿਆ ਕਿ ਬੱਚੇ ਨੂੰ ਅਬੋਹਰ ਲਿਜਾਇਆ ਗਿਆ ਹੈ। ਦੇਰ ਰਾਤ ਹੀ ਪੁਲਸ ਅਬੋਹਰ ਲਈ ਰਵਾਨਾ ਹੋ ਗਈ ਅਤੇ ਬੱਚੇ ਨਾਲ ਗੁਲਸ਼ਨ ਕੌਰ ਦੇ ਪਹਿਲੇ ਪਤੀ ਮਲਕੀਤ ਸਿੰਘ ਨੂੰ ਗ੍ਰਿਫਤਾਰ ਕਰ ਕੇ ਬੱਚੇ ਨੂੰ ਸਹੀ-ਸਲਾਮਤ ਉਸ ਦੇ ਕਬਜ਼ੇ 'ਚੋਂ ਬਰਾਮਦ ਕਰ ਲਿਆ ਗਿਆ।