ਲੁਧਿਆਣਾ ਤੋਂ ਲੰਬੀ ਪਾਰੀ ਖੇਡਣ ਵਾਲੇ ''ਗਰਚਾ'' ਦਾ ਪਰਿਵਾਰ ਸਿਆਸੀ ਹਾਸ਼ੀਏ ''ਤੇ

03/15/2019 10:37:08 AM

ਲੁਧਿਆਣਾ (ਹਿਤੇਸ਼) : ਲੋਕ ਸਭਾ ਚੋਣਾਂ ਦਾ ਬਿਗੁਲ ਵੱਜਣ ਤੋਂ ਬਾਅਦ ਸੀਟਾਂ ਨਾਲ ਜੁੜੇ ਇਤਿਹਾਸ 'ਤੇ ਵੀ ਚਰਚਾ ਸ਼ੁਰੂ ਹੋ ਗਈ ਹੈ, ਜਿਸ 'ਚ ਜੇਕਰ ਪੰਜਾਬ ਦੀ ਉਦਯੋਗਿਕ ਰਾਜਧਾਨੀ ਲੁਧਿਆਣਾ ਦੀ ਗੱਲ ਕਰੀਏ ਤਾਂ ਕਾਂਗਰਸ ਦੇ ਦਵਿੰਦਰ ਸਿੰਘ ਗਰਚਾ ਨੇ ਸਭ ਤੋਂ ਲੰਬੀ ਪਾਰੀ ਖੇਡੀ ਹੈ। ਗਰਚਾ ਨੇ 1967 ਅਤੇ 1971 ਦੀਆਂ ਚੋਣਾਂ 'ਚ ਲਗਾਤਾਰ ਦੋ ਵਾਰ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਹਰਾਇਆ ਸੀ। ਭਾਵੇਂ 1977 'ਚ ਅਕਾਲੀ ਦਲ ਦੇ ਧਾਕੜ ਜਗਦੇਵ ਸਿੰਘ ਤਲਵੰਡੀ ਦੇ ਹੱਥੋਂ ਗਰਚਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਪਰ 1980 'ਚ ਗਰਚਾ ਨੇ ਵਾਪਸੀ ਕਰ ਲਈ। ਉਸ ਤੋਂ ਬਾਅਦ ਲੋਕ ਸਭਾ ਚੋਣਾਂ ਜਿੱਤਣ ਵਾਲਿਆਂ ਦੀ ਲਿਸਟ 'ਚ ਕਿਤੇ ਗਰਚਾ ਦਾ ਨਾਂ ਨਹੀਂ ਹੈ ਅਤੇ ਇਸ ਸਮੇਂ ਉਨ੍ਹਾਂ ਦਾ ਪਰਿਵਾਰ ਸਿਆਸੀ ਹਾਸ਼ੀਏ 'ਤੇ ਹੈ। ਭਾਵੇਂ ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੀ ਪਿਛਲੀ ਸਰਕਾਰ 'ਚ ਗਰਚਾ ਦੇ ਬੇਟੇ ਅਸ਼ੋਕ ਸਿੰਘ ਗਰਚਾ ਨੂੰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਇਆ ਗਿਆ ਸੀ ਪਰ ਸਿਟੀ ਸੈਂਟਰ ਨੂੰ ਲੈ ਕੇ ਵਿਵਾਦ ਖੜ੍ਹਾ ਹੋਣ ਤੋਂ ਬਾਅਦ ਉਨ੍ਹਾਂ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਬਾਅਦ 'ਚ ਕਾਂਗਰਸ ਦੀ ਸਰਗਰਮ ਸਿਆਸਤ ਤੋਂ ਕਿਨਾਰਾ ਕਰ ਲਿਆ।
ਇਕ ਵਾਰ ਜਿੱਤੇ ਹਿੰਦੂ ਸੰਸਦ ਮੈਂਬਰ ਨੂੰ ਕੇਂਦਰ 'ਚ ਬਣਾਇਆ ਗਿਆ ਮੰਤਰੀ
ਲੁਧਿਆਣਾ ਲੋਕ ਸਭਾ ਸੀਟ ਨਾਲ ਜੁੜਿਆ ਇਕ ਇਤਿਹਾਸ ਇਹ ਵੀ ਹੈ ਕਿ ਹਿੰਦੂ ਉਮੀਦਵਾਰਾਂ ਨੇ ਕਈ ਵਾਰ ਕਿਸਮਤ ਅਜ਼ਮਾਈ ਪਰ ਉਨ੍ਹਾਂ ਨੂੰ ਸਫਲਤਾ ਨਹੀਂ ਮਿਲੀ, ਜਿਸ 'ਚ ਜੋਗਿੰਦਰ ਪਾਲ  ਪਾਂਡੇ ਅਤੇ ਕ੍ਰਿਸ਼ਨ ਕਾਂਤ ਜੈਨ ਦਾ ਨਾਂ ਸ਼ਾਮਲ ਹੈ। ਉਸ ਤੋਂ ਬਾਅਦ 2004 'ਚ ਮਨੀਸ਼ ਤਿਵਾੜੀ ਨੇ ਚੋਣ ਲੜੀ ਅਤੇ ਹਾਰ ਗਏ। ਜੋ ਅਗਲੀ ਵਾਰ ਲੁਧਿਆਣਾ ਦੇ ਪਹਿਲੇ ਹਿੰਦੂ ਸੰਸਦ ਮੈਂਬਰ ਬਣੇ ਅਤੇ ਉਨ੍ਹਾਂ ਦੇ ਰੂਪ 'ਚ ਹੀ ਲੁਧਿਆਣਾ ਦੇ ਕਿਸੇ ਐੱਮ. ਪੀ. ਨੂੰ ਪਹਿਲੀ ਵਾਰ ਕੇਂਦਰ 'ਚ ਮੰਤਰੀ ਵੀ ਬਣਾਇਆ ਗਿਆ। ਲੁਧਿਆਣਾ 'ਚ ਲੰਬੇ ਸਮੇਂ ਤਕ ਲੋਕ ਸਭਾ ਚੋਣਾਂ ਲੜਨ ਦੀ ਗੱਲ ਕਰੀਏ ਤਾਂ ਇਹ ਰਿਕਾਰਡ ਗੁਰਚਰਨ ਸਿੰਘ ਗਾਲਿਬ ਦੇ ਨਾਂ ਹੈ। ਜੋ ਪਹਿਲੀ ਵਾਰ 1989 'ਚ ਚੋਣ ਲੜੇ ਅਤੇ ਹਾਰ ਗਏ ਪਰ 1992 'ਚ ਸਫਲਤਾ ਉਨ੍ਹਾਂ ਦੇ  ਹੱਥ ਲੱਗੀ। ਉਸ ਤੋਂ ਬਾਅਦ ਇਕ ਵਾਰ ਉਨ੍ਹਾਂ ਨੂੰ ਟਿਕਟ ਨਹੀਂ ਮਿਲੀ ਅਤੇ 1998 'ਚ ਹਾਰ ਗਏ। ਭਾਵੇਂ 1999 'ਚ ਦੁਬਾਰਾ ਚੋਣਾਂ 'ਚ ਗਾਲਿਬ ਨੇ ਜਿੱਤ ਦਰਜ ਕੀਤੀ  ਜਦਕਿ 2004 'ਚ ਫਿਰ ਉਨ੍ਹਾਂ ਦੀ ਟਿਕਟ ਕੱਟੀ ਗਈ, ਜਿਸ 'ਤੇ ਉਨ੍ਹਾਂ ਨੇ 2009 'ਚ ਅਕਾਲੀ ਵਲੋਂ ਚੋਣ ਲੜੀ ਅਤੇ ਹਾਰ ਗਏ। ਹੁਣ ਉਨ੍ਹਾਂ ਦਾ ਬੇਟਾ ਫਿਰ ਤੋਂ ਕਾਂਗਰਸ 'ਚ ਸ਼ਾਮਲ ਹੋ ਕੇ ਸਰਗਰਮ ਹੈ, ਜਿਸ ਨੂੰ ਦਿਹਾਤੀ ਦਾ ਪ੍ਰਧਾਨ ਬਣਾਇਆ ਗਿਆ ਹੈ।

Babita

This news is Content Editor Babita