ਦਵਿੰਦਰ ਬੰਬੀਹਾ ਤੇ ਸੁੱਖਾ ਦੂਨੇਕੇ ਗਰੁੱਪ ਦੇ ਤਿੰਨ ਖ਼ਤਰਨਾਕ ਗੈਂਗਸਟਰ ਗ੍ਰਿਫ਼ਤਾਰ, ਵੱਡੇ ਖੁਲਾਸੇ ਹੋਣ ਦੀ ਉਮੀਦ

04/27/2022 10:09:48 PM

ਫ਼ਰੀਦਕੋਟ (ਰਾਜਨ) : ਜ਼ਿਲ੍ਹਾ ਪੁਲਸ ਨੇ ਗੈਂਗਸਟਰ ਬੰਬੀਹਾ ਗਰੁੱਪ ਇਤੇ ਸੁੱਖਾ ਦੂਨੇਕੇ ਗਰੁੱਪ ਦੇ ਸਰਗਰਮ ਤਿੰਨ ਗੈਂਗਸਟਰਾਂ ਗਗਨਦੀਪ ਸਿੰਘ ਉਰਫ਼ ਅਫ਼ੀਮ ਪੁੱਤਰ ਮਦਨ ਲਾਲ ਵਾਸੀ ਡੋਗਰ ਬਸਤੀ ਫ਼ਰੀਦਕੋਟ, ਮਨਤਾਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਰਾਮੂਵਾਲਾ ਥਾਣਾ ਜੈਤੋ ਅਤੇ ਕਰਨ ਸ਼ਰਮਾ ਪੁੱਤਰ ਵਿਜੈ ਕੁਮਾਰ ਵਾਸੀ ਬਲਬੀਰ ਬਸਤੀ ਫ਼ਰੀਦਕੋਟ ਨੂੰ ਭਾਰੀ ਅਸਲੇ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ। ਇਹ ਜਾਣਕਾਰੀ ਜ਼ਿਲ੍ਹੇ ਦੇ ਸੀਨੀਅਰ ਪੁਲਸ ਕਪਤਾਨ ਅਵਨੀਤ ਕੌਰ ਸਿੱਧੂ ਨੇ ਦਿੱਤੀ। ਇਸ ਮੌਕੇ ਲਖਵੀਰ ਸਿੰਘ ਡੀ.ਐੱਸ.ਪੀ.(ਡੀ) ਏ. ਡੀ. ਸਿੰਘ ਡੀ. ਐੱਸ. ਪੀ, ਇੰਸਪੈਕਟਰ ਹਰਬੰਸ ਸਿੰਘ ਮੁਖੀ ਸੀ.ਆਈ.ਏ ਸਟਾਫ਼, ਸਬ ਇੰਸਪੈਕਟਰ ਸੁਦਰਸ਼ਨ ਸ਼ਰਮਾ ਅਤੇ ਹੋਰ ਵੀ ਪੁਲਸ ਕਰਮਚਾਰੀ ਹਾਜ਼ਰ ਸਨ।

ਇਹ ਵੀ ਪੜ੍ਹੋ : ਜਲੰਧਰ ’ਚ 21 ਮਹੀਨਿਆਂ ਦੇ ਬੱਚੇ ਨੂੰ ਹੋਈ ਭਿਆਨਕ ਬਿਮਾਰੀ, 16 ਕਰੋੜ ਰੁਪਏ ’ਚ ਹੋਵੇਗਾ ਇਲਾਜ

ਸੀਨੀਅਰ ਪੁਲਸ ਕਪਤਾਨ ਨੇ ਦੱਸਿਆ ਕਿ ਮੁਖੀ ਸੀ.ਆਈ.ਏ ਸਟਾਫ਼ ਹਰਬੰਸ ਸਿੰਘ ਦੀ ਅਗਵਾਈ ਹੇਠਲੀ ਪੁਲਸ ਪਾਰਟੀ ਨੇ ਜਦ ਪਿੰਡ ਚਹਿਲ ਨੇੜੇ ਡੇਰਾ ਬਾਬਾ ਜੋਗੀ ਪੀਰ ਲਾਗੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਕ ਸਵਿੱਫ਼ਟ ਕਾਰ ਪਿੰਡ ਚਹਿਲ ਵਾਲੇ ਪਾਸਿਓਂ ਆਉਂਦੀ ਦਿਖਾਈ ਦਿੱਤੀ। ਜਦੋਂ ਇਸ ਕਾਰ ਨੂੰ ਪੁਲਸ ਪਾਰਟੀ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਨੇ ਜਦ ਤੇਜ਼ੀ ਨਾਲ ਕਾਰ ਕੱਢਣ ਦੀ ਕੋਸ਼ਿਸ਼ ਕੀਤੀ ਤਾ ਕਾਰ ਖੇਤਾਂ ਵੱਲ ਉੱਤਰ ਕੇ ਬੰਦ ਹੋ ਗਈ ਜਿਸ’ਤੇ ਪੁਲਸ ਪਾਰਟੀ ਵੱਲੋਂ ਫੌਰੀ ਕਾਰਵਾਈ ਕਰਕੇ ਕਾਰ ਵਿਚ ਸਵਾਰ ਉਕਤ ਤਿੰਨਾਂ ਮੁਲਜ਼ਮਾਂ ਨੂੰ 3 ਪਿਸਟਲ 32 ਬੋਰ ਦੇਸੀ ਸਮੇਤ 10 ਰੌਂਦ, 1 ਪਿਸਟਲ 30 ਬੋਰ ਦੇਸੀ ਸਮੇਤ 2 ਰੌਂਦ, 1 ਪਿਸਟਲ 315 ਬੋਰ ਦੇਸੀ ਕੱਟਾ ਸਮੇਤ 6 ਰੌਂਦ, 1 ਪਿਸਟਲ 12 ਬੋਰ ਦੇਸੀ ਕੱਟਾ ਸਮੇਤ 5 ਰੌਂਦ ਅਤੇ ਇੱਕ ਸਵਿਫ਼ਟ ਕਾਰ ਰੰਗ ਨੀਲਾ ਨੰਬਰ ਪੀ.ਬੀ. 30 ਐੱਮ/2019 ਸਮੇਤ ਗ੍ਰਿਫ਼ਤਾਰ ਕਰ ਲਿਆ। ਸੀਨੀਅਰ ਪੁਲਸ ਕਪਤਾਨ ਨੇ ਦੱਸਿਆ ਕਿ ਇਹ ਮੁਲਜ਼ਮ ਕਾਫ਼ੀ ਸਮੇਂ ਤੋਂ ਜੈਤੋ ਅਤੇ ਕੋਟਕਪੂਰਾ ਇਲਾਕੇ ਵਿਚੋਂ ਫ਼ਿਰੌਤੀਆਂ ਲੈਣ ਲਈ ਫੋਨ ਕਰਦੇ ਰਹਿੰਦੇ ਸਨ ਅਤੇ ਲੁੱਟ-ਖੋਹ ਦੀਆ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਬਾਹਰੋਂ ਅਸਲਾ ਮੰਗਵਾ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ।

ਇਹ ਵੀ ਪੜ੍ਹੋ : ਅੱਤ ਦੀ ਗਰਮੀ ਦੌਰਾਨ ਪੰਜਾਬ ਵਾਸੀਆਂ ਲਈ ਚਿੰਤਾਜਨਕ ਖ਼ਬਰ, ਹੋਰ ਡੂੰਘਾ ਹੋਇਆ ਬਿਜਲੀ ਸੰਕਟ

ਉਨ੍ਹਾਂ ਦੱਸਿਆ ਕਿ ਮੁਲਜ਼ਮ ਗਗਨਦੀਪ ਸਿੰਘ ਉਰਫ਼ ਅਫ਼ੀਮ ’ਤੇ ਪਹਿਲਾਂ ਹੀ 9 ਮੁਕੱਦਮੇ ਥਾਣਾ ਸਿਟੀ ਫ਼ਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਥਾਣਾ ਜੈਤੋ, ਨਵੀਂ ਦਿੱਲੀ ਅਤੇ ਕੋਟਕਪੂਰਾ ਵਿਖੇ ਦਰਜ ਹਨ। ਮੁਲਜ਼ਮ ਮਨਤਾਰ ਸਿੰਘ ਖਿਲਾਫ਼ 5 ਮੁਕੱਦਮੇਂ ਥਾਣਾ ਜੈਤੋ ਅਤੇ ਫ਼ਰੀਦਕੋਟ ਵਿਖੇ ਜਦਕਿ ਕਰਨ ਸ਼ਰਮਾ ’ਤੇ 2 ਮੁਕੱਦਮੇ ਫ਼ਰੀਦਕੋਟ ਵਿਖੇ ਦਰਜ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਨੰਬਰ 73 ਥਾਣਾ ਸਦਰ ਫ਼ਰੀਦਕੋਟ ਵਿਖੇ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਇਨ੍ਹਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਮੁਲਜ਼ਮਾਂ ਵੱਲੋਂ ਅੰਜਾਮ ਦਿੱਤੀਆਂ ਗਈਆਂ ਹੋਰ ਵਾਰਦਾਤਾਂ ਦਾ ਵੇਰਵਾ ਇਕੱਠਾ ਕੀਤਾ ਜਾ ਸਕੇ।

ਇਹ ਵੀ ਪੜ੍ਹੋ : ਚੱਲਦੀ ਕਾਰ ਨੂੰ ਲੱਗੀ ਭਿਆਨਕ ਅੱਗ, ਅੰਦਰ ਬੈਠਾ ਵਿਅਕਤੀ ਜਿਊਂਦਾ ਸੜਿਆ (ਵੀਡੀਓ)

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

Gurminder Singh

This news is Content Editor Gurminder Singh