ਪੁੱਤ ਦੀ ਲਾਸ਼ ਵੇਖ ਭੁੱਬਾਂ ਮਾਰ ਰੋਇਆ ਪਰਿਵਾਰ, ਜਨਮਦਿਨ ਦੀ ਪਾਰਟੀ ਦੌਰਾਨ ਝਗੜੇ 'ਚ ਗਈ ਸੀ ਜਾਨ

06/29/2022 1:38:20 PM

ਜਲੰਧਰ (ਸੁਨੀਲ)–ਡੀ. ਏ. ਵੀ. ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਟੈਕਨਾਲੋਜੀ (ਡੇਵੀਏਟ) ਦੇ ਹੋਸਟਲ ਵਿਚ ਬੀਤੀ ਐਤਵਾਰ ਦੇਰ ਰਾਤ ਵਿਦਿਆਰਥੀ ਸੋਹਣ ਦੀ ਜਨਮਦਿਨ ਪਾਰਟੀ ਦੌਰਾਨ 2 ਵਿਦਿਆਰਥੀਆਂ ਦੇ 2 ਧੜਿਆਂ ਵਿਚਕਾਰ ਤਕਰਾਰ ਹੋ ਗਈ ਸੀ। ਇਸ ਦੌਰਾਨ ਵਿਦਿਆਰਥੀ ਬਹਿਸਬਾਜ਼ੀ ਕਰਦਿਆਂ ਤੀਜੀ ਮੰਜ਼ਿਲ ’ਤੇ ਪਹੁੰਚ ਗਏ ਸਨ ਅਤੇ ਲੜਾਈ ਕਰਦੇ ਹੋਏ ਰੇਲਿੰਗ ਤੋਂ 2 ਵਿਦਿਆਰਥੀ ਤੀਜੀ ਮੰਜ਼ਿਲ ਤੋਂ ਹੇਠਾਂ ਡਿੱਗ ਗਏ ਸਨ।

ਗੰਭੀਰ ਜ਼ਖ਼ਮੀ ਦੋਵਾਂ ਵਿਦਿਆਰਥੀਆਂ ਵਿਚੋਂ ਕ੍ਰਿਸ਼ਨ ਕੁਮਾਰ (22) ਪੁੱਤਰ ਸੂਰਿਆ ਨਾਰਾਇਣ ਯਾਦਵ ਨਿਵਾਸੀ ਜ਼ਿਲ੍ਹਾ ਮਧੂਬਨੀ (ਬਿਹਾਰ) ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ ਅਤੇ ਦੂਜੇ ਵਿਦਿਆਰਥੀ ਅਮਨ (21) ਪੁੱਤਰ ਰਾਜ ਕੁਮਾਰ ਨਿਵਾਸੀ ਦਾਨਾਪੁਰੀ ਜ਼ਿਲ੍ਹਾ ਪਟਨਾ (ਬਿਹਾਰ) ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਰਖਵਾ ਦਿੱਤਾ ਗਿਆ ਸੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦੇ ਦਿੱਤੀ ਗਈ ਸੀ। ਮੰਗਲਵਾਰ ਸਵੇਰੇ ਮ੍ਰਿਤਕ ਕ੍ਰਿਸ਼ਨ ਦੇ ਪਿਤਾ ਸੂਰਿਆ ਨਾਰਾਇਣ ਯਾਦਵ ਬਿਹਾਰ ਤੋਂ ਆਪਣੇ ਬੇਟੇ ਸਰਵਣ ਅਤੇ ਭਰਾ ਤੋਂ ਇਲਾਵਾ ਹੋਰ ਪਰਿਵਾਰਕ ਮੈਂਬਰਾਂ ਨਾਲ ਜਲੰਧਰ ਦੇ ਥਾਣਾ ਨੰਬਰ 1 ਵਿਚ ਪਹੁੰਚੇ ਅਤੇ ਪੁਲਸ ਪਾਰਟੀ ਨਾਲ ਸਿਵਲ ਹਸਪਤਾਲ ਜਾ ਕੇ ਆਪਣੇ ਬੇਟੇ ਦੀ ਲਾਸ਼ ਨੂੰ ਵੇਖਿਆ ਤਾਂ ਭੁੱਬਾ ਮਾਰ ਰੋਣ ਲੱਗ ਪਏ।

ਇਹ ਵੀ ਪੜ੍ਹੋ: ਬਲਾਚੌਰ ਵਿਖੇ ਬਿਸਤ ਦੋਆਬ ਨਹਿਰ ’ਚ ਰੁੜੀਆਂ 5 ਮਾਸੂਮ ਬੱਚੀਆਂ

ਕ੍ਰਿਸ਼ਨ ਦੇ ਪਿਤਾ ਸੂਰਿਆ ਨਾਰਾਇਣ ਯਾਦਵ ਬਿਹਾਰ ਪੁਲਸ ਵਿਚ ਸਿਪਾਹੀ ਹਨ ਅਤੇ ਪੁਲਸ ਦੀ ਕਾਰਵਾਈ ਤੋਂ ਭਲੀਭਾਂਤ ਜਾਣੂ ਹਨ। ਪੁਲਸ ਨੇ ਜਦੋਂ ਉਨ੍ਹਾਂ ਨੂੰ ਹੋਸਟਲ ਵਿਚ ਹੋਈ ਲੜਾਈ ਦੀ ਵੀਡੀਓ ਵਿਖਾਈ ਤਾਂ ਉਨ੍ਹਾਂ ਪੁਲਸ ਨੂੰ ਸਹਿਯੋਗ ਦਿੱਤਾ। ਪੁਲਸ ਨੇ ਆਪਣੀ ਕਾਗਜ਼ੀ ਕਾਰਵਾਈ ਕਰਨ ਤੋਂ ਬਾਅਦ ਮ੍ਰਿਤਕ ਕ੍ਰਿਸ਼ਨ ਦੀ ਲਾਸ਼ ਨੂੰ ਵਾਰਿਸਾਂ ਦੇ ਹਵਾਲੇ ਕਰ ਦਿੱਤਾ। ਮ੍ਰਿਤਕ ਕ੍ਰਿਸ਼ਨ ਦੇ 2 ਹੋਰ ਭਰਾ ਅਤੇ ਇਕ ਭੈਣ ਹਨ।

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਲਾਸ਼ ਨੂੰ ਵੇਖਿਆ ਅਤੇ ਪਾਇਆ ਕਿ ਉਸ ਦੇ ਸਿਰ ’ਤੇ ਸੱਟ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਸ਼ਾਇਦ ਸਿਰ ’ਤੇ ਸੱਟ ਲੱਗਣ ਕਾਰਨ ਕ੍ਰਿਸ਼ਨ ਦੀ ਮੌਤ ਹੋਈ ਹੈ ਪਰ ਸਾਰੀ ਗੱਲ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ। ਪਰਿਵਾਰਕ ਮੈਂਬਰਾਂ ਨੇ ਬਾਬਾ ਦਾਦਾਮੱਲ ਸ਼ਮਸ਼ਾਨਘਾਟ ਵਿਚ ਕ੍ਰਿਸ਼ਨ ਦਾ ਅੰਤਿਮ ਸੰਸਕਾਰ ਕੀਤਾ। ਇਸ ਦੌਰਾਨ ਮੌਕੇ ’ਤੇ ਡੇਵੀਏਟ ਦੇ ਪ੍ਰਿੰ. ਡਾ. ਮਨੋਜ ਕੁਮਾਰ ਆਪਣੇ ਸਹਿਯੋਗੀਆਂ ਨਾਲ ਮੌਜੂਦ ਸਨ। ਸਬ-ਇੰਸ. ਰਾਕੇਸ਼ ਕੁਮਾਰ ਨੇ ਦੱਸਿਆ ਕਿ ਦੂਜੇ ਜ਼ਖ਼ਮੀ ਵਿਦਿਆਰਥੀ ਅਮਨ ਦੀ ਹਾਲਤ ਅਜੇ ਨਾਜ਼ੁਕ ਬਣੀ ਹੋਈ ਹੈ।

ਇਹ ਵੀ ਪੜ੍ਹੋ: ਜਲੰਧਰ ’ਚ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼, ਇਸ ਹਾਲਾਤ ’ਚ ਮਿਲੀਆਂ ਕੁੜੀਆਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri