ਧੋਖੇ ਨਾਲ ਕੱਢਵਾਏ 21 ਲੱਖ, ਧੀ ਤੇ ਜਵਾਈ ''ਤੇ ਮਾਮਲਾ ਦਰਜ

02/23/2018 7:01:10 PM

ਅਬੋਹਰ (ਰਹੇਜਾ) : ਪਿੰਡ ਭੰਗਰਖੇੜਾ ਵਾਸੀ ਇਕ ਵਿਅਕਤੀ ਨੇ ਆਪਣੀ ਧੀ-ਜਵਾਈ 'ਤੇ ਧੋਖਾਧੜੀ ਦੇ ਦੋਸ਼ ਲਗਾਏ ਹਨ। ਥਾਣਾ ਖੁਈਆਂ ਸਰਵਰ ਪੁਲਸ ਨੇ ਵਿਅਕਤੀ ਦੀ ਸ਼ਿਕਾਇਤ 'ਤੇ ਦੋਵਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਪਿੰਡ ਭੰਗਰਖੇੜਾ ਵਾਸੀ ਕਾਲੂ ਰਾਮ ਪੁੱਤਰ ਹਜਾਰੀ ਰਾਮ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸਦਾ ਪੁੱਤਰ ਵਿਨੋਦ ਕੁਮਾਰ ਫੌਜ ਵਿਚ ਨੌਕਰੀ ਕਰਦਾ ਸੀ। ਉਸਦੀ ਮੌਤ ਤੋਂ ਬਾਅਦ ਉਸਦਾ ਪੀ.ਐਫ.,  ਤਨਖਾਹ ਅਤੇ ਭੱਤਾ ਆਦਿ ਮਿਲਾਕੇ ਕੁਲ 21 ਲੱਖ ਰੁਪਏ ਸਰਕਾਰ ਵੱਲੋਂ ਉਸਦੀ ਪਤਨੀ ਸਾਵਿਤਰੀ ਦੇਵੀ ਦੇ ਖਾਤੇ 'ਚ ਪਾ ਦਿੱਤੇ ਗਏ। ਉਸਦੇ ਜਵਾਈ ਸੁਭਾਸ਼ ਚੰਦਰ ਪੁੱਤਰ ਮੰਗਲਾ ਰਾਮ ਅਤੇ ਉਸਦੀ ਪੁੱਤਰੀ ਸੁਨੀਤਾ ਪਤਨੀ ਸੁਭਾਸ਼ ਚੰਦਰ ਵਾਸੀ ਲਾਲਗੜ੍ਹ ਜਾਟਾਨ ਜ਼ਿਲਾ ਸ੍ਰੀ ਗੰਗਾਨਗਰ ਨੇ ਧੋਖੇ ਨਾਲ ਸਾਰੇ ਪੈਸੇ ਕੱਢਵਾ ਲਏ। ਕਾਲੂ ਰਾਮ ਨੇ ਇਸਦੀ ਸ਼ਿਕਾਇਤ ਫਾਜ਼ਿਲਕਾ ਦੇ ਐੱਸ.ਐੱਸ.ਪੀ. ਬਲਿਰਾਮ ਕੇਤਨ ਪਾਟਿਲ ਨੂੰ ਕੀਤੀ। ਐੱਸ.ਐੱਸ.ਪੀ. ਵੱਲੋਂ ਜਾਂਚ ਕਰਵਾਈ ਗਈ ਤਾਂ ਦੋਵੇਂ ਦੋਸ਼ੀ ਪਾਏ ਗਏ। ਥਾਣਾ ਖੂਹੀਆਂ ਸਰਵਰ ਦੀ ਪੁਲਸ ਨੇ ਸੁਭਾਸ਼ ਚੰਦਰ ਅਤੇ ਸੁਨੀਤਾ ਖਿਲਾਫ ਧੋਖਾਧੜੀ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।