ਕਸਬਾ ਮੁਹੱਲਾ ਵਿਖੇ ਚੋਰਾਂ ਵੱਲੋਂ ਕੀਤੀ ਫਾਇਰਿੰਗ ਸਬੰਧੀ ਵਿਧਾਇਕ ਡੋਗਰਾ ਨੇ ਲਿਆ ਜਾਇਜ਼ਾ

06/10/2017 11:58:55 AM

ਦਸੂਹਾ (ਝਾਵਰ)— ਸ਼ੁੱਕਰਵਾਰ ਨੂੰ ਕਸਬਾ ਮੁਹੱਲਾ (ਦਸੂਹਾ) ਵਿਖੇ ਵਿਧਾਇਕ ਅਰੁਣ ਮਿੱਕੀ ਡੋਗਰਾ ਨੇ ਚੋਰਾਂ ਵੱਲੋਂ ਚਲਾਈਆਂ ਗੋਲੀਆਂ ਤੇ ਵਾਰਦਾਤ ਸਬੰਧੀ ਜਾਇਜ਼ਾ ਲਿਆ। ਇਸ ਮੌਕੇ ਮੁਹੱਲਾ ਵਾਸੀ ਸੁਖਵਿੰਦਰ ਸਿੰਘ, ਰਜਵੰਤ ਕੌਰ ਤੇ ਹੋਰ ਮੁਹੱਲਾ ਵਾਸੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਇਸ ਘਟਨਾ ਨਾਲ ਮੁਹੱਲਾ ਵਾਸੀ ਸਹਿਮੇ ਹੋਏ ਹਨ। ਇਸ ਮੁਹੱਲੇ 'ਚ ਪੁਲਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣ। ਉਨ੍ਹਾਂ ਇਹ ਵੀ ਕਿਹਾ ਕਿ ਇਸ ਲਿੰਕ ਸੜਕ ਤੇ ਮੁਹੱਲੇ 'ਚ ਸਟਰੀਟ ਲਾਈਟਾਂ ਦਾ ਕੋਈ ਪ੍ਰਬੰਧ ਨਹੀਂ ਹੈ। 
ਇਸ ਸਮੇਂ ਵਿਧਾਇਕ ਡੋਗਰਾ ਨੇ ਭਰੋਸਾ ਦਿੱਤਾ ਕਿ ਗੋਲੀਕਾਂਡ ਦੇ ਜ਼ਖਮੀਆਂ ਦੇ ਇਲਾਜ ਦਾ ਖਰਚਾ ਉਹ ਡਿਪਟੀ ਕਮਿਸ਼ਨਰ ਨਾਲ ਗੱਲਬਾਤ ਕਰ ਕੇ ਦਿਵਾਉਣਗੇ। ਮੌਕੇ 'ਤੇ ਉਨ੍ਹਾਂ ਥਾਣਾ ਮੁਖੀ ਪਲਵਿੰਦਰ ਸਿੰਘ ਨੂੰ ਆਦੇਸ਼ ਦਿੱਤੇ ਕਿ ਇਸ ਮੁਹੱਲੇ 'ਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣ। ਉਨ੍ਹਾਂ ਕਿਹਾ ਕਿ ਸਟਰੀਟ ਲਾਈਟ ਦਾ ਪ੍ਰਬੰਧ ਨਗਰ ਕੌਂਸਲ ਦਸੂਹਾ ਵੱਲੋਂ ਕਰ ਦਿੱਤਾ ਜਾਵੇਗਾ। ਇਸ ਸਬੰਧੀ ਈ. ਓ. ਨੂੰ ਅੱਜ ਹੀ ਕਹਿ ਦਿੱਤਾ ਜਾਵੇਗਾ। ਇਸ ਤੋਂ ਬਾਅਦ ਉਹ ਇਸ ਗੋਲੀ ਕਾਂਡ ਦੇ ਜ਼ਖਮੀਆਂ ਦੇ ਪਰਿਵਾਰਾਂ ਦੇ ਘਰਾਂ 'ਚ ਵੀ ਗਏ। ਉਨ੍ਹਾਂ ਨੇ ਮੁਹੱਲਾ ਵਾਸੀਆਂ ਵੱਲੋਂ ਦਿਖਾਈ ਬਹਾਦਰੀ ਦਾ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਇਸ ਸਬੰਧੀ ਬਹਾਦਰੀ ਦਿਖਾਉਣ ਵਾਲਿਆਂ ਨੂੰ ਢੁੱਕਵਾਂ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਗੁਰਦੀਪ ਸਿੰਘ ਤੇ ਫਤਿਹ ਸਿੰਘ ਦੋਨੋਂ ਅੰਮ੍ਰਿਤਸਰ ਦੇ ਸਿਵਲ ਹਸਪਤਾਲ 'ਚ ਦਾਖਲ ਹਨ ਜਦੋਂਕਿ ਤੀਸਰੇ ਜ਼ਖਮੀ ਰਾਜ ਕੁਮਾਰ ਨੂੰ ਛੁੱਟੀ ਮਿਲ ਗਈ ਹੈ।  ਇਸ ਦੌਰਾਨ ਨਰਿੰਦਰ ਟੱਪੂ, ਧਰਮ ਪਾਲ ਸ਼ਰਮਾ, ਸ਼ੰਕਰ ਪੰਡਿਤ, ਪਰਮਿੰਦਰ ਬਿੱਟੂ, ਸੁਖਵਿੰਦਰ, ਮਨੋਹਰ ਲਾਲ, ਸਵਰਨ ਸਿੰਘ, ਸੰਤੋਖ ਤੋਖੀ, ਸਾਬੀ ਟੇਰਕਿਆਣਾ, ਗੋਪਾਲ ਸਿੰਘ ਪਾਲ ਤੇ ਹੋਰ ਮੁਹੱਲਾ ਵਾਸੀ ਹਾਜ਼ਰ ਸਨ।