ਬਾਦਲਾਂ ਦੇ ਡਰਾਮੇ ਨਹੀਂ ਹੋਣਗੇ ਸਫਲ: ਦਰਸ਼ਨ ਸਿੰਘ ਬਰਾੜ

06/11/2017 7:01:32 PM

ਬਾਘਾਪੁਰਾਣਾ(ਚਟਾਨੀ, ਮੁਨੀਸ਼)— ਹਲਕਾ ਬਾਘਾਪੁਰਾਣਾ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠਲੇ ਡਿਪਟੀ ਕਮਿਸ਼ਨਰਾਂ ਦਫਤਰਾਂ ਮੂਹਰੇ ਦਿੱਤੇ ਜਾਣ ਵਾਲੇ ਧਰਨਿਆਂ 'ਤੇ ਟਿਪਣੀ ਕਰਦਿਆਂ ਕਿਹਾ ਕਿ ਨਸ਼ੇ ਦੇ ਸੌਦਾਗਰਾਂ, ਰੇਤ ਅਤੇ ਭੂ ਮਾਫੀਏ ਨੂੰ 10 ਸਾਲ ਲਗਾਤਾਰ ਖੁੱਲ੍ਹੀ ਛੋਟ ਦੇ ਕੇ ਲੋਕਾਂ ਦੀ ਅੰਨੀ ਲੁੱਟ ਕਰਵਾਉਣ ਵਾਲੀ ਬਾਦਲ ਸਰਕਾਰ ਜੁੰਡਲੀ ਵੱਲੋਂ ਉਕਤ ਮੁੱਦਿਆਂ ਨੂੰ ਲੈ ਕੇ ਦਿੱਤੇ ਜਾ ਰਹੇ ਧਰਨੇ ਸੂਬੇ ਦੀ ਜਨਤਾ ਨੂੰ ਬੱਧੂ ਬਨਾਉਣ ਵਾਲੀ ਕਾਰਵਾਈ ਤੋਂ ਬਿਨ੍ਹਾਂ ਹੋਰ ਕੁਝ ਵੀ ਨਹੀਂ। ਵਿਧਾਇਕ ਨੇ ਕਿਹਾ ਕਿ ਥਾਣਿਆਂ ਅੰਦਰ ਭੁੱਕੀ ਰੱਖ ਕੇ ਵੇਚਣ ਅਤੇ ਰੇਤੇ ਦੇ ਕਾਲੇ ਕਾਰੋਬਾਰ 'ਚ ਲਥਪਥ ਰਹੇ ਅਕਾਲੀ ਦਲ ਦੇ ਆਗੂਆਂ ਦੀ ਪਿੱਠ ਥਾਪੜਣ ਵਾਲੇ ਸਾਬਕਾ ਉਪ ਮੁੱਖ ਮੰਤਰੀ ਦਾ ਕੈਪਟਨ ਦੀ ਸਰਕਾਰ ਦੇ ਮਹਿਜ਼ ਦੋ ਮਹੀਨਿਆਂ ਦੇ ਕਾਰਜਕਾਲ ਖਿਲਾਫ ਰੋਸ ਪ੍ਰਦਰਸ਼ਨ ਵਾਲਾ ਡਰਾਮਾ ਹਰਗਿਜ਼ ਸਫਲ ਨਹੀਂ ਹੋਵੇਗਾ, ਕਿਉਂਕਿ ਬਾਦਲਾਂ ਦੇ ਰਾਜ 'ਚ ਮੱਚੀ ਹਨੇਰਗਰਦੀ ਦਾ ਧੂੰਆਂ ਸਮਾਜ 'ਤੇ ਸੰਘਣੇ ਬੱਦਲਾਂ ਵਾਂਗ ਅਜੇ ਤੱਕ ਮੰਡਰਾ ਰਿਹਾ ਹੈ।
ਵਿਧਾਇਕ ਨੇ ਕਿਹਾ ਕਿ ਕੈਪਟਨ ਸਰਕਾਰ ਦਾ ਮੁੱਢਲਾ ਕਾਰਜ ਬਾਦਲ ਰਾਜ ਦੇ ਕੁਰੱਪਟ ਨਿਜ਼ਾਮ ਰਾਹੀਂ ਫੈਲਾਈ ਗਈ ਗੰਦਗੀ ਨੂੰ ਧੋਣ ਅਤੇ ਫਿਰ ਲੋਕਤੰਤਰੀ ਅਤੇ ਭ੍ਰਿਸ਼ਟਾਚਾਰ ਨਿਜਾਮ ਦੀ ਸਥਾਪਨਾ ਕਰਨਾ ਹੈ। ਬਰਾੜ ਨੇ ਕਿਹਾ ਕਿ ਨਸ਼ੇ ਦੇ ਸੌਦਾਗਰਾਂ ਸੰਬੰਧੀ ਸਮੁੱਚੀ ਪੜਤਾਲ ਜਾਰੀ ਹੈ ਅਤੇ ਜਲਦ ਹੀ ਪੁਲਸ ਦੇ ਹੱਥ ਅਜਿਹੇ ਸੌਦਾਗਰਾਂ ਦੀਆਂ ਕਲਾਈਆਂ ਤੱਕ ਪੁੱਜਣਗੇ।