ਕਿਸੇ ਸਰਕਾਰ ਨੇ ਨਹੀਂ ਕੀਤਾ ਸ਼ਹੀਦ ਦੀ ਯਾਦ ਨੂੰ ਤਾਜ਼ਾ ਰੱਖਣ ਦਾ ਉਪਰਾਲਾ

07/27/2018 1:36:15 AM

ਸੰਗਰੂਰ(ਬੇਦੀ, ਹਰਜਿੰਦਰ)– 1999 ਦੌਰਾਨ ਕਾਰਗਿਲ ’ਚ ਹੋਈ ਲਡ਼ਾਈ ਵਿਚ ਦੇਸ਼ ਦੇ ਅਨੇਕਾਂ ਫੌਜੀ ਜਵਾਨ ਸ਼ਹੀਦ ਹੋ ਗਏ ਸਨ, ਜਿਨ੍ਹਾਂ ’ਚ  ਪਿੰਡ ਸ਼ੇਰੋਂ ਦਾ ਸਿਪਾਹੀ ਦਰਸ਼ਨ  ਸਿੰਘ ਵੀ ਸ਼ਾਮਲ ਹੈ, ਜਿਸ ਨੇ ਦੇਸ਼ ਦੇ ਦੁਸ਼ਮਣਾਂ ਨਾਲ ਲੋਹਾ ਲੈਂਦਿਆਂ ਸ਼ਹੀਦੀ ਦਾ ਜਾਮ  ਪੀਤਾ। ਸ਼ੇਰੋਂ ਪਿੰਡ ਦੇ ਵਸਨੀਕਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਸ਼ਹੀਦ ਦਾ ਨਾਂ ਉਨ੍ਹਾਂ  ਦੇ ਪਿੰਡ ਦੇ ਨਾਲ ਜੁਡ਼ਿਆ ਹੋਇਆ ਹੈ  ਪਰ ਦੂਜਾ ਸਰਕਾਰਾਂ ਨਾਲ ਮਲਾਲ ਵੀ ਹੈ ਕਿ ਕਿਸੇ  ਸਰਕਾਰ ਨੇ ਵੀ ਸ਼ਹੀਦ ਦੀ ਯਾਦ ਤਾਜ਼ਾ ਰੱਖਣ ਲਈ ਕੋਈ ਉਪਰਾਲਾ ਨਹੀਂ ਕੀਤਾ।  ਸ਼ਹੀਦ ਦਰਸ਼ਨ  ਸਿੰਘ ਸ਼ੇਰੋਂ ਦੇ ਭਰਾ ਰਵਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਮਾਣ ਹੈ ਕਿ ਦਰਸ਼ਨ ਸਿੰਘ  ਸਾਡੇ ਪਰਿਵਾਰ ਦਾ ਮੈਂਬਰ ਸੀ, ਜਿਸ ਨੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਦਰਸ਼ਨ  ਸਿੰਘ ਨੂੰ ਫੌਜ ’ਚ ਭਰਤੀ ਹੋਏ ਮਹਿਜ਼ ਕੁਝ ਮਹੀਨੇ ਹੀ ਹੋਏ ਸਨ ਕਿ ਇਸ ਦੌਰਾਨ ਕਾਰਗਿਲ  ਦੀ ਲਡ਼ਾਈ ਲੱਗ ਗਈ। 1997 ’ਚ ਫੌਜ  ’ਚ ਭਰਤੀ ਹੋਇਆ ਦਰਸ਼ਨ ਸਿੰਘ  ਛੋਟੀ ਜਿਹੀ ਉਮਰ ’ਚ ਹੀ ਦੇਸ਼ ਦੇ ਲੇਖੇ ਲੱਗ ਗਿਆ, ਜਦੋਂ ਕਿ ਉਸ ਨੇ ਵਿਆਹ ਵੀ ਨਹੀਂ ਸੀ ਕਰਵਾਇਆ। ਜਦੋਂ ਦਰਸ਼ਨ ਸਿੰਘ ਦੀ ਸ਼ਹੀਦੀ ਦੀ  ਖ਼ਬਰ ਆਈ ਸੀ ਤਾਂ ਪਰਿਵਾਰ ’ਚ ਸੋਗ ਫੈਲ ਗਿਆ ਸੀ ਪਰ  ਨਾਲ-ਨਾਲ ਉਨ੍ਹਾਂ ਨੂੰ ਮਾਣ ਵੀ ਸੀ ਕਿ ਉਨ੍ਹਾਂ ਦਾ ਭਰਾ ਦੇਸ਼ ਖ਼ਾਤਰ ਕੁਰਬਾਨ ਹੋਇਆ।   ਸ਼ਹੀਦ ਦਰਸ਼ਨ ਸਿੰਘ ਦੇ ਅੰਤਿਮ ਸੰਸਕਾਰ ਵੇਲੇ ਵੱਡੀ ਗਿਣਤੀ ’ਚ ਲੋਕਾਂ, ਰਾਜਸੀ ਆਗੂਆਂ ਤੇ ਹੋਰਾਂ  ਨੇ ਸ਼ਮੂਲੀਅਤ ਕੀਤੀ ਸੀ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਸ਼ਹੀਦ ਦੀ ਯਾਦ ਨੂੰ ਤਾਜ਼ਾ ਰੱਖਣ  ਲਈ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ ਪਰ ਉਹ ਵਾਅਦੇ ਪੂਰੇ ਨਹੀਂ ਹੋਏ। ਉਨ੍ਹਾਂ ਨਮੋਸ਼ੀ ਜ਼ਾਹਰ  ਕਰਦਿਆਂ ਕਿਹਾ ਕਿ ਸ਼ਹੀਦ ਦਰਸ਼ਨ ਸਿੰਘ ਦਾ ਨਾਂ ਸਿਰਫ਼ ਪਿੰਡ ਦੇ ਸਰਕਾਰੀ ਸਕੂਲ ਦੇ ਗੇਟ ਤੱਕ  ਹੀ ਸੀਮਤ ਹੋ ਕੇ ਰਹਿ ਗਿਆ ਹੈ। ਉਨ੍ਹਾਂ ਦੀ ਯਾਦ ’ਚ ਪਿੰਡ ਵਿਚ ਖੇਡ ਸਟੇਡੀਅਮ  ਬਣਾਉਣ ਦਾ ਕਿਤੇ ਵੀ ਕੋਈ ਜ਼ਿਕਰ ਨਹੀਂ ਹੋਇਆ।  15 ਅਗਸਤ ਜਾਂ 26 ਜਨਵਰੀ ਵਰਗੇ ਇਤਿਹਾਸਕ  ਦਿਹਾਡ਼ਿਆਂ ’ਤੇ ਸ਼ਾਮਲ ਹੋਣ ਲਈ ਪਰਿਵਾਰ ਨੂੰ ਕਦੇ ਕੋਈ ਸੱਦਾ ਨਹੀਂ ਭੇਜਿਅਾ ਗਿਆ ਅਤੇ  ਨਾ ਹੀ ਕਦੇ ਸਨਮਾਨ  ਹੋਇਆ ਹੈ।
 ਸ਼ਹੀਦ ਦਰਸ਼ਨ ਸਿੰਘ ਦੀ ਮਾਤਾ ਸੁਖਵਿੰਦਰ ਕੌਰ ਨੇ  ਕਿਹਾ ਕਿ ਇਕ ਮਾਂ ਲਈ ਬਹੁਤ ਅੌਖਾ ਹੁੰਦਾ ਹੈ ਕਿ ਉਸ ਦੀਅਾਂ ਅੱਖਾਂ ਸਾਹਮਣੇ ਉਸ ਦੇ ਜਵਾਨ  ਪੁੱਤਰ ਦੀ ਅਰਥੀ ਉਠੇ ਪਰ ਉਨ੍ਹਾਂ ਨੂੰ ਮਾਣ  ਹੈ ਕਿ ਉਸ ਦਾ ਪੁੱਤਰ ਦੇਸ਼ ਦੀ ਸੇਵਾ  ਕਰਦਿਆਂ ਸ਼ਹੀਦ ਹੋਇਆ।
 ਸ਼ਹੀਦਾਂ ਅਤੇ ਦੇਸ਼ ਭਗਤਾਂ ’ਤੇ ਰਾਜਨੀਤੀ ਬੰਦ ਹੋਵੇ : ਖਾਲਸਾ :   ਇਸ ਸਬੰਧੀ ਗੱਲਬਾਤ ਕਰਦਿਆਂ ਆਜ਼ਾਦੀ ਘੁਲਾਟੀਆ (ਉਤਰਾਧਿਕਾਰੀ) ਸੰਸਥਾ ਦੇ ਸੂਬਾ ਪ੍ਰਧਾਨ  ਹਰਿੰਦਰ ਸਿੰਘ ਖ਼ਾਲਸਾ ਨੇ ਕਿਹਾ ਕਿ ਸ਼ਹੀਦ ਤੇ ਦੇਸ਼ ਭਗਤ ਕਿਸੇ ਵੀ ਦੇਸ਼ ਦਾ ਸਰਮਾਇਆ ਹੁੰਦੇ  ਹਨ। ਬਡ਼ੇ ਦੁੱਖ ਦੀ ਗੱਲ ਹੈ ਕਿ ਸਾਡੇ ਲੀਡਰ ਇਨ੍ਹਾਂ ਦੇ ਨਾਂ ’ਤੇ ਸਿਆਸਤਾਂ ਖੇਡਦੇ  ਹਨ, ਜਿਹਡ਼ੀਆਂ ਕਿ ਬੰਦ ਹੋਣੀਆਂ ਚਾਹੀਦੀਆਂ ਹਨ। ਸ਼ਹੀਦਾਂ ਦੇ ਨਾਂ ’ਤੇ ਵੱਡੇ-ਵੱਡੇ ਐਲਾਨ  ਹੁੰਦੇ ਹਨ ਪਰ ਜ਼ਮੀਨੀ ਪੱਧਰ ’ਤੇ ਕੁਝ ਨਹੀਂ ਹੁੰਦਾ। ਸ਼ਹੀਦ ਇਕੱਲੇ ਸ਼ਹਿਰ, ਪਿੰਡ ਜਾਂ  ਜ਼ਿਲੇ ਦੇ ਨਹੀਂ ਸਗੋਂ ਸਮੁੱਚੇ ਦੇਸ਼ ਦੇ ਹੁੰਦੇ ਹਨ, ਸ਼ਹੀਦਾਂ ਦੇ ਪਰਿਵਾਰਾਂ ਨੂੰ ਬਣਦਾ  ਮਾਣ-ਸਨਮਾਨ ਦੇਣਾ ਚਾਹੀਦਾ ਹੈ