ਘਰਾਂ ''ਚੋਂ ਮਿਲਿਆ ਡੇਂਗੂ ਦਾ ਲਾਰਵਾ

07/23/2017 7:30:02 AM

ਕੋਟਕਪੂਰਾ  (ਨਰਿੰਦਰ) - ਡਾ. ਵੀ. ਪੀ. ਸਿੰਘ ਜ਼ਿਲਾ ਐਪੀਡੀਮਾਲੋਜਿਸਟ ਤੇ ਡਾ. ਕਮਲਦੀਪ ਕੌਰ ਐਪੀਡੀਮਾਲੋਜਿਸਟ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਵੱਲੋਂ ਕੋਟਕਪੂਰਾ ਦੀ ਦੇਵੀ ਵਾਲਾ ਰੋਡ 'ਤੇ ਡੇਂਗੂ ਬੀਮਾਰੀ ਵਾਲੇ ਮੱਛਰਾਂ ਦੇ ਲਾਰਵੇ ਦੀ ਭਾਲ ਲਈ ਮੁਹਿੰਮ ਚਲਾਈ ਗਈ ਅਤੇ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਵੀ ਕੀਤਾ ਗਿਆ। ਇਸ ਦੌਰਾਨ ਟੀਮ ਵੱਲੋਂ ਦੇਵੀ ਵਾਲੇ ਰੋਡ ਦੀ ਗਲੀ ਨੰਬਰ-4 ਦੇ ਕਰੀਬ 25 ਘਰਾਂ 'ਚ ਕੀਤੀ ਗਈ ਜਾਂਚ ਦੌਰਾਨ 4 ਘਰਾਂ 'ਚ ਡੇਂਗੂ ਦਾ ਲਾਰਵਾ ਪਾਇਆ ਗਿਆ। ਸਿਹਤ ਸੁਪਰਵਾਈਜ਼ਰ ਛਿੰਦਰਪਾਲ ਸਿੰਘ, ਗੁਰਸ਼ਵਿੰਦਰ ਸਿੰਘ, ਅਮਰੀਕ ਸਿੰਘ, ਮਨਦੀਪ ਸਿੰਘ, ਸਿਹਤ ਵਰਕਰ ਗਗਨਦੀਪ ਸਿੰਘ ਅਤੇ ਰੁਪਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਦਿਨਾਂ 'ਚ ਮੱਛਰਾਂ ਕਰ ਕੇ ਮਲੇਰੀਆ ਅਤੇ ਡੇਂਗੂ ਵਰਗੀਆਂ ਭਿਆਨਕ ਬੀਮਾਰੀਆਂ ਫੈਲ ਸਕਦੀਆਂ ਹਨ, ਇਸ ਲਈ ਕੂਲਰਾਂ, ਟੈਂਕੀਆਂ ਤੇ ਗਮਲਿਆਂ ਆਦਿ 'ਚ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ। ਟੀਮ ਮੈਂਬਰਾਂ ਨੇ ਦੱਸਿਆ ਕਿ ਜਾਂਚ ਦੌਰਾਨ ਮਿਲੇ ਲਾਰਵੇ ਸਬੰਧੀ ਨਗਰ ਕੌਂਸਲ ਕੋਟਕਪੂਰਾ ਨੂੰ ਜਾਣਕਾਰੀ ਦਿੱਤੀ ਜਾਵੇਗੀ ਤੇ ਅਧਿਕਾਰੀਆਂ ਵੱਲੋਂ ਇਸ ਸਬੰਧੀ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਲਾਰਵੇ ਦੀ ਭਾਲ ਤੋਂ ਇਲਾਵਾ ਨਾਲੀਆਂ 'ਚ ਬੀ. ਟੀ. ਆਈ. ਏ. ਐੱਫ. ਦਵਾਈ ਦਾ ਛਿੜਕਾਅ ਵੀ ਕੀਤਾ ਗਿਆ।