ਫੈਲੀ ਗੰਦਗੀ ਕਾਰਨ ਬੀਮਾਰੀਆਂ ਹੋਣ ਦਾ ਖਦਸ਼ਾ

06/11/2017 8:00:09 AM

ਫਗਵਾੜਾ, (ਮਹਿਤਾ)— ਪੂਰੇ ਦੇਸ਼ ਵਿਚ ਜਿਥੇ ਇਕ ਪਾਸੇ ਸਵੱਛ ਭਾਰਤ ਮੁਹਿੰਮ ਦੇ ਤਹਿਤ ਖੁੱਲ੍ਹੇ ਵਿਚ ਸ਼ੌਚ ਮੁਕਤ ਤੇ ਮਲੇਰੀਆ ਨੂੰ ਸਮਾਪਤ ਕਰਨ ਦਾ ਟੀਚਾ ਬਣਾਇਆ ਹੈ, ਉਥੇ ਦੂਜੇ ਪਾਸੇ ਫਗਵਾੜਾ ਜੀ. ਟੀ. ਰੋਡ 'ਤੇ ਸ਼ੂਗਰ ਮਿੱਲ ਫਲਾਈਓਵਰ ਥੱਲੇ ਸੁਰੱਖਿਆ ਤੇ ਸਫਾਈ ਦੀ ਹਾਲਤ ਬੇਹੱਦ ਖਰਾਬ ਹੈ। ਥੋੜ੍ਹਾ ਜਿਹਾ ਮੀਂਹ ਪੈਣ ਨਾਲ ਗਟਰ ਦਾ ਪ੍ਰਦੂਸ਼ਿਤ ਪਾਣੀ ਸੜਕ 'ਤੇ ਵਗਣ ਲੱਗਦਾ ਹੈ, ਜੋ ਕਈ ਦਿਨਾਂ ਤੱਕ ਪੁਲ ਹੇਠਾਂ ਭਰਿਆ ਰਹਿੰਦਾ ਹੈ। 
ਉਥੇ ਹੀ ਰਾਹਗੀਰ ਤੇ ਹੋਰ ਲੋਕ ਪਿਸ਼ਾਬ ਕਰ ਕੇ ਗੰਦਗੀ ਨੂੰ ਵਧਾ ਰਹੇ ਹਨ। ਸਫਾਈ ਨਾ ਹੋਣ ਕਾਰਨ ਗੰਦਗੀ 'ਚੋਂ ਆ ਰਹੀ ਬਦਬੂ ਕਾਰਨ ਆਉਣ-ਜਾਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸਫਾਈ ਕਰਮਚਾਰੀ ਦਾ ਹਾਜ਼ਰੀ ਦਫਤਰ ਵੀ ਠੀਕ ਸਾਹਮਣੇ ਹੀ ਹੈ, ਜਿਸ ਵਿਚ ਅਧਿਕਾਰੀ ਤੇ ਕਰਮਚਾਰੀ ਹਰ ਰੋਜ਼ ਆਉਂਦੇ-ਜਾਂਦੇ ਹਨ ਪਰ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ। ਇੰਨਾ ਹੀ ਨਹੀਂ, ਆਟੋ ਰਿਕਸ਼ਾ ਸਟੈਂਡ ਵੀ ਇਸ ਪੁਲ ਦੇ ਹੇਠਾਂ ਹੀ ਹੈ। ਵਰਣਨਯੋਗ ਹੈ ਕਿ ਆਸ-ਪਾਸ ਕੋਈ ਸਰਵਜਨਿਕ ਸ਼ੌਚਾਲਿਆ ਵੀ ਨਹੀਂ ਹੈ, ਜਿਥੇ ਰਾਹਗੀਰਾਂ ਨੂੰ ਬੇਹੱਦ ਪ੍ਰੇਸ਼ਾਨੀ ਹੋ ਰਹੀ ਹੈ। 
ਆਉਣ-ਜਾਣ 'ਚ ਹੁੰਦੀ ਹੈ ਪ੍ਰੇਸ਼ਾਨੀ
ਗੌਰਤਲਬ ਹੈ ਕਿ ਬੱਸ ਸਟੈਂਡ, ਪ੍ਰਸਿੱਧ ਮੰਦਰ ਹਨੂਮਾਨਗੜ੍ਹੀ, ਪ੍ਰਾਚੀਨ ਸ਼ੀਤਲਾ ਮਾਤਾ ਤੇ ਸ਼ਨੀਦੇਵ ਮੰਦਰ ਕੋਲ ਹੀ ਹਨ, ਜਿਥੇ ਲੋਕ ਦਿਨ-ਰਾਤ ਵੱਡੀ ਗਿਣਤੀ 'ਚ ਆਉਂਦੇ-ਜਾਂਦੇ ਹਨ ਪਰ ਇਥੇ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਨੂੰ ਗੰਦਗੀ ਦੇ ਮਾਹੌਲ 'ਚੋਂ ਗੁਜ਼ਰਨਾ ਪੈਂਦਾ ਹੈ। ਮੀਂਹ ਦੇ ਦਿਨਾਂ ਵਿਚ ਪ੍ਰੇਸ਼ਾਨੀ ਇਸ ਹੱਦ ਤੱਕ ਵੱਧ ਜਾਂਦੀ ਹੈ ਕਿ ਲੋਕਾਂ ਨੂੰ ਹੋਰ ਰਸਤਾ ਅਪਣਾਉਣਾ ਪੈਂਦਾ ਹੈ।
ਬੀਮਾਰੀਆਂ ਹੋਣ ਦਾ ਬਣਿਆ ਖਤਰਾ
ਗੰਦਾ ਪਾਣੀ ਭਰਨ ਨਾਲ ਮੱਛਰਾਂ ਦੀ ਭਰਮਾਰ ਹੈ, ਜਿਸ ਕਾਰਨ ਡੇਂਗੂ, ਮਲੇਰੀਆ ਤੇ ਚਿਕਨਗੁਨੀਆ ਵਰਗੀਆਂ ਜਾਨਲੇਵਾ ਬੀਮਾਰੀਆਂ ਹੋਣ ਦਾ ਖਦਸ਼ਾ ਬਣਿਆ ਹੋਇਆ ਹੈ। 
ਹਾਦਸੇ ਦੀ ਜਤਾਈ ਚਿੰਤਾ
'ਜਗ ਬਾਣੀ' ਦੀ ਟੀਮ ਜਦੋਂ ਉਸ ਥਾਂ 'ਤੇ ਪਹੁੰਚੀ ਤਾਂ ਮੌਜੂਦ ਲੋਕਾਂ ਨੇ ਕਿਹਾ ਕਿ ਹਰ ਵਾਰ ਮੀਂਹ ਤੋਂ ਬਾਅਦ ਇਸੇ ਤਰ੍ਹਾਂ ਹੀ ਗੰਦਾ ਪਾਣੀ ਭਰ ਜਾਂਦਾ ਹੈ, ਜਿਸ 'ਤੇ ਮੱਛਰ ਮੰਡਰਾਉਂਦੇ ਹਨ ਤੇ ਰਾਤ ਨੂੰ ਰੌਸ਼ਨੀ ਦਾ ਵੀ ਕੋਈ ਪ੍ਰਬੰਧ ਨਹੀਂ ਹੈ। ਲੋਕਾਂ ਨੇ ਦੱਸਿਆ ਕਿ ਉਹ ਰਾਤ ਨੂੰ ਖੁਦ ਗੰਦੇ ਪਾਣੀ ਨੂੰ ਹਟਾਉਂਦੇ ਹਨ ਪਰ ਜ਼ਹਿਰੀਲੇ ਜੰਤੂਆਂ ਦੇ ਹੋਣ ਕਾਰਨ ਪਾਣੀ ਨੂੰ ਪੂਰੀ ਤਰ੍ਹਾਂ ਨਹੀਂ ਕੱਢ ਸਕਦੇ। ਗੱਲਬਾਤ ਦੌਰਾਨ ਲੋਕਾਂ ਨੇ ਲੱਕੜੀ ਦੇ ਨਾਜਾਇਜ਼ ਢੇਰ 'ਤੇ ਖੜ੍ਹੇ ਗੰਦੇ ਪਾਣੀ ਨੂੰ ਦਿਖਾਉਂਦੇ ਹੋਏ ਦੱਸਿਆ ਕਿ ਇਹ ਕਦੀ ਵੀ ਹਾਦਸੇ ਦਾ ਕਾਰਨ ਬਣ ਸਕਦੇ ਹਨ, ਇਸ ਲਈ ਸਮੇਂ ਰਹਿੰਦੇ ਪ੍ਰਸ਼ਾਸਨ ਨੂੰ ਸਫਾਈ ਦਾ ਉਚਿਤ ਪ੍ਰਬੰਧ ਕਰਨਾ ਚਾਹੀਦਾ ਹੈ।