ਦੱਖਣੀ ਬਾਈਪਾਸ ’ਤੇ ਮੰਡਰਾ ਰਹੇ ਨੇ ਖਤਰੇ ਦੇ ਬੱਦਲ!

07/01/2018 4:29:58 AM

ਪਟਿਆਲਾ, (ਰਾਜੇਸ਼)- ਸ਼ਾਹੀ ਸ਼ਹਿਰ ਨੂੰ ਟਰੈਫਿਕ ਮੁਕਤ ਕਰਨ ਲਈ 2002 ਵਾਲੀ ਕੈ. ਅਮਰਿੰਦਰ ਸਿੰਘ  ਸਰਕਾਰ ਸਮੇਂ ਬਣਾਏ ਗਏ ਦੱਖਣੀ ਬਾਈਪਾਸ ’ਤੇ ਖਤਰੇ ਦੇ ਬੱਦਲ ਮੰਡਰਾ ਰਹੇ ਹਨ। ਰਾਜਪੁਰਾ ਰੋਡ ਤੋਂ ਅਰਬਨ ਅਸਟੇਟ ਨੂੰ ਹੁੰਦੇ ਹੋਏ ਸੰਗਰੂਰ ਰੋਡ ’ਤੇ ਨਿਕਲਦੇ ਇਸੇ ਬਾਈਪਾਸ ’ਤੇ ਪਿੰਡ ਚੌਰਾ ਤੇ ਨੂਰਖੇਡ਼ੀਆਂ ਨੇਡ਼ੇ ਬਣੇ ਪੁਲਾਂ  ’ਚੋਂ ਬੱਜਰੀ ਨਿਕਲ ਰਹੀ ਹੈ, ਜਿਸ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਰਿਹਾ ਹੈ। ਚੌਰਾ ਰੋਡ ਤੋਂ ਨੂਰਖੇਡ਼ੀਆਂ ਵਿਚ ਬਾਈਪਾਸ ਲਈ ਸਡ਼ਕ ਦੇ ਉੱਪਰ ਬਣਾਏ ਗਏ ਪੁਲ  ਹੇਠਾਂ ਇਨ੍ਹੀਂ ਦਿਨੀਂ ਬੱਜਰੀ ਦੇ ਢੇਰ ਦਿਖਾਈ ਦੇ ਰਹੇ ਹਨ। ਜਿਵੇਂ ਹੀ ਬਰਸਾਤ ਸ਼ੁਰੂ ਹੁੰਦੀ ਹੈ, ਇਸ ਪੁਲ ਵਿਚ ਲੱਗੇ ਪਾਈਪਾਂ ਵਿਚੋਂ ਪਾਣੀ ਦੇ ਨਾਲ-ਨਾਲ ਬੱਜਰੀ ਨਿਕਲਣੀ ਸ਼ੁਰੂ ਹੋ ਜਾਂਦੀ ਹੈ। ਲਗਾਤਾਰ ਬੱਜਰੀ ਨਿਕਲਣ ਕਾਰਨ ਪੁਲ ਦੇ ਹੇਠਾਂ ਬੱਜਰੀ ਦੇ ਢੇਰ ਲੱਗ ਜਾਂਦੇ ਹਨ ਅਤੇ ਲੋਕ ਬੱਜਰੀ ਚੁੱਕ ਕੇ ਲੈ ਜਾਂਦੇ ਹਨ। ਜੇਕਰ ਰੋਜ਼ਾਨਾ ਇਸ ਬੱਜਰੀ ਦਾ ਨਿਕਲਣਾ ਜਾਰੀ ਰਿਹਾ ਤਾਂ ਪੁਲ ਅੰਦਰੋਂ ਹੀ ਖੋਖਲਾ ਹੋ ਜਾਵੇਗਾ, ਜਿਸ ਕਾਰਨ ਕਦੀ ਵੀ ਇਹ  ਬੈਠ ਸਕਦਾ ਹੈ ਅਤੇ ਇਸ ਦੇ ਉੱਪਰੋਂ ਲੰਘਣ ਵਾਲੇ ਵਾਹਨ ਹਾਦਸਾਗ੍ਰਸਤ ਹੋ ਸਕਦੇ ਹਨ। 
 ਇਸ ਬਾਈਪਾਸ ਨੇਡ਼ੇ ਰਹਿਣ ਵਾਲੇ ਹਰਪ੍ਰੀਤ ਸਿੰਘ, ਜਗਦੇਵ ਸਿੰਘ, ਨੀਟੂ, ਸੰਜੀਵ ਕੁਮਾਰ ਤੇ ਲਵਲੀ ਚੌਹਾਨ ਨੇ ਦੱਸਿਆ ਕਿ ਹਰ ਰੋਜ਼ ਹੀ ਬੱਜਰੀ ਨਿਕਲਣ ਨਾਲ ਪੂਰਾ ਇਲਾਕਾ ਚਿੰਤਤ ਹੈ ਕਿਉਂਕਿ ਅਜਿਹਾ ਹੋਣ ਨਾਲ ਪੁਲ ਕਮਜ਼ੋਰ ਹੋ ਰਹੇ ਹਨ। ਇਥੋਂ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿਚ ਵਾਹਨ ਲੰਘਦੇ ਹਨ। ਲੋਕ ਨਿਰਮਾਣ ਵਿਭਾਗ ਦੇ ਕਿਸੇ ਵੀ ਅਧਿਕਾਰੀ ਨੂੰ ਇਸ ਗੱਲ ਦੀ ਚਿੰਤਾ ਨਹੀਂ ਹੈ। ਕਦੀ ਵੀ ਕੋਈ ਹਾਦਸਾ  ਵਾਪਰ ਸਕਦਾ ਹੈ, ਜਿਸ ਨਾਲ ਜਾਨੀ ਤੇ ਮਾਲੀ ਨੁਕਸਾਨ ਹੋ ਸਕਦਾ ਹੈ। ਲੋਕਾਂ ਨੇ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਹ ਇਸ ਬਾਈਪਾਸ ਦੇ ਪੁਲਾਂ ਦੀ ਚੈਕਿੰਗ ਕਰਵਾਉਣ ਕਿ ਆਖਰ ਇਥੋਂ ਬੱਜਰੀ ਕਿਉਂ ਨਿਕਲ ਰਹੀ ਹੈ? ਇਸ ਦਾ ਕੀ ਨੁਕਸਾਨ ਹੋ ਸਕਦਾ ਹੈ ਤਾਂ ਕਿ ਸੰਭਾਵਿਤ ਹਾਦਸੇ ਤੋਂ ਬਚਿਆ ਜਾ ਸਕੇ।