ਖਤਰਨਾਕ ਗੈਂਗਸਟਰ ਭੂਰਾ 8 ਦਿਨਾ ਪੁਲਸ ਰਿਮਾਂਡ 'ਤੇ

07/27/2017 7:50:21 AM

ਡੇਰਾਬੱਸੀ  (ਅਨਿਲ) - ਖਤਰਨਾਕ ਗੈਂਗਸਟਰ ਅਮਿਤ ਮਲਿਕ ਉਰਫ ਭੂਰਾ ਨੂੰ ਜ਼ੀਰਕਪੁਰ ਪੁਲਸ ਨੇ ਪਟਿਆਲਾ ਜੇਲ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਹੈ, ਜਿਸ ਨੂੰ ਡੇਰਾਬੱਸੀ ਕੋਰਟ 'ਚ ਮੰਗਲਵਾਰ ਨੂੰ ਪੇਸ਼ ਕੀਤੇ ਜਾਣ 'ਤੇ ਪੁਲਸ ਨੇ ਭੂਰਾ ਦਾ 8 ਦਿਨਾ ਪੁਲਸ ਰਿਮਾਂਡ ਹਾਸਿਲ ਕੀਤਾ ਹੈ। ਪੁਲਸ ਨੇ ਉਸਨੂੰ ਅਪ੍ਰੈਲ 'ਚ ਬਲਟਾਣਾ ਵਿਚ ਮੋਬਾਇਲਾਂ ਦੇ ਥੋਕ ਵਿਕਰੇਤਾ ਅਜੈ ਜੈਨ ਦੇ ਕਤਲ ਸਬੰਧੀ ਪੁੱਛਗਿੱਛ ਲਈ ਤਲਬ ਕੀਤਾ ਹੈ।
ਡੇਰਾਬੱਸੀ ਜੁਡੀਸ਼ੀਅਲ ਮੈਜਿਸਟਰੇਟ ਸੋਨਾਲੀ ਦੀ ਅਦਾਲਤ 'ਚ ਭਾਰੀ ਸੁਰੱਖਿਆ 'ਚ ਲਿਆਂਦੇ ਗਏ ਗੈਂਗਸਟਰ ਭੂਰਾ ਨੂੰ ਪੇਸ਼ ਕਰਨ ਮੌਕੇ ਪੁਲਸ ਨੇ ਦੱਸਿਆ ਕਿ ਭੂਰਾ ਨੇ ਜੇਲ 'ਚ ਬੈਠੇ-ਬੈਠੇ ਹੀ ਬਲਟਾਣਾ 'ਚ ਕਤਲ ਕਰਨ ਦੀ ਸਾਜ਼ਿਸ਼ ਰਚੀ ਸੀ ਤੇ ਉਸਨੂੰ ਆਪਣੇ ਗੁਰਗਿਆਂ ਦੇ ਜ਼ਰੀਏ ਅੰਜਾਮ ਦਿੱਤਾ ਗਿਆ।
ਡੇਢ ਦਰਜਨ ਤੋਂ ਵੱਧ ਮਾਮਲਿਆਂ 'ਚ ਹੈ ਨਾਮਜ਼ਦ
ਪੁਲਸ ਦੀ ਨਜ਼ਰ 'ਚ ਅਜੇ ਤਕ ਅਮਿਤ ਭੂਰਾ 'ਤੇ ਸੰਗੀਨ ਧਰਾਵਾਂ ਤਹਿਤ 19 ਕੇਸ ਚੱਲ ਰਹੇ ਹਨ ਤੇ ਇਸ ਕੇਸ 'ਚ ਸ਼ਾਮਲ ਪਾਏ ਜਾਣ 'ਤੇ 20ਵਾਂ ਸੰਗੀਨ ਮਾਮਲਾ ਦਰਜ ਹੋਵੇਗਾ। ਪੁਲਸ ਨੇ ਅਦਾਲਤ ਨੂੰ ਏ. ਡੀ. ਜੀ. ਪੀ. ਜੇਲ ਵਲੋਂ ਭੇਜਿਆ ਗਿਆ ਉਹ ਪੱਤਰ ਵੀ ਸਪੁਰਦ ਕੀਤਾ, ਜਿਸ 'ਚ ਭੂਰਾ ਨੂੰ ਰਿਮਾਂਡ ਦੌਰਾਨ ਸਖਤ ਸੁਰੱਖਿਆ ਤਹਿਤ ਰੱਖੇ ਜਾਣ ਦੇ ਨਿਰਦੇਸ਼ ਸਨ। ਕੋਰਟ 'ਚ ਪੁਲਸ ਨੇ ਭੂਰੇ ਦੇ ਸਵਾਲਾਂ 'ਤੇ ਚੁੱਪੀ ਵੱਟੀ ਰੱਖੀ ਪਰ ਕੋਰਟ 'ਚ ਜਾ ਕੇ ਹੀ ਪੁਲਸ ਦੇ ਖੁਲਾਸੇ ਦੇ ਆਧਾਰ 'ਤੇ ਪਤਾ ਲੱਗਾ ਕਿ 27 ਅਪ੍ਰੈਲ ਨੂੰ ਬਲਟਾਣਾ ਵਿਖੇ ਮੋਬਾਇਲ ਦੇ ਇਕ ਨਾਮੀ ਦੁਕਾਨਦਾਰ ਅਜੈ ਜੈਨ ਪੁੱਤਰ ਮਹਾਵੀਰ ਜੈਨ ਨੂੰ ਗੋਲੀ ਮਾਰਕੇ ਮਾਰ ਦੇਣ ਦੇ ਮਾਮਲੇ 'ਚ ਮਾਮਲੇ ਦੇ ਤਾਰ ਜੇਲ 'ਚ ਬੈਠੇ ਗੈਂਗਸਟਰ ਨਾਲ ਜੁੜੇ ਹਨ।
ਇਹ ਵੀ ਪਤਾ ਲੱਗਾ ਹੈ ਕਿ ਪੁਲਸ ਨੇ ਕੁਝ ਦਿਨ ਪਹਿਲਾਂ ਮਰਡਰ 'ਚ ਸ਼ਾਮਲ ਦੋ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ ਨੇ ਪੁੱਛਗਿੱਛ ਦੌਰਾਨ ਬਲਟਾਣਾ ਮਰਡਰ ਸਬੰਧੀ ਕੁਝ ਖੁਲਾਸੇ ਕੀਤੇ ਹਨ। ਇਨ੍ਹਾਂ ਖੁਲਾਸਿਆਂ ਦੇ ਆਧਾਰ 'ਤੇ ਪੁਲਸ ਨੇ ਭੂਰਾ ਨੂੰ ਪਟਿਆਲਾ ਜੇਲ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਹੈ ਤੇ ਹੁਣ 8 ਦਿਨਾ ਪੁਲਸ ਰਿਮਾਂਡ ਦੌਰਾਨ ਸਖਤ ਸੁਰੱਖਿਆ 'ਚ ਉਸ ਤੋਂ ਜ਼ੀਰਕਪੁਰ ਪੁਲਸ ਤੋਂ ਇਲਾਵਾ ਸੀ. ਆਈ. ਏ. ਸਟਾਫ ਸਮੇਤ ਹੋਰ ਮਹਿਕਮੇ ਵੀ ਪੁੱਛਗਿੱਛ ਕਰਨਗੇ।
10 ਲੱਖ ਰੁਪਏ ਦਾ ਇਸ਼ਤਿਹਾਰੀ ਮੁਜਰਮ ਰਿਹਾ ਭੂਰਾ
ਇਹ ਵੀ ਦੱਸਣਯੋਗ ਹੈ ਅਮਿਤ ਉਰਫ ਭੂਰਾ 'ਤੇ ਕਦੇ 10 ਲੱਖ ਰੁਪਏ ਦਾ ਇਨਾਮ ਰਿਹਾ ਹੈ ਤੇ ਉਹ ਤਿਹਾੜ ਜੇਲ 'ਚ ਵੀ ਰਹਿ ਚੁੱਕਿਆ ਹੈ। ਪੁਲਸ ਦੀ ਕਸਟੱਡੀ ਦੌਰਾਨ ਉਸਦੇ ਦੋਸਤ ਉਸਨੂੰ ਛੁਡਾ ਕੇ ਲਿਜਾਣ 'ਚ ਵੀ ਸਫਲ ਰਹੇ। ਮੁਜ਼ੱਫਰਨਗਰ ਦੇ ਸਰਾਵਲੀ ਪਿੰਡ ਦੇ ਅਮਿਤ ਉਰਫ ਭੂਰਾ ਨੂੰ 15 ਦਸੰਬਰ 2014 ਨੂੰ ਉਸਦੇ ਸਾਥੀਆਂ ਨੇ ਦੇਹਰਾਦੂਨ ਪੁਲਸ ਕਸਟੱਡੀ 'ਚੋਂ ਦੋ ਏ. ਕੇ.-47 ਤੇ ਇਕ ਹੋਰ ਰਾਈਫਲ ਲੁੱਟ ਕੇ ਛੁਡਾ ਲਿਆ ਸੀ। ਇਸ ਮਾਮਲੇ 'ਚ ਭੂਰੇ 'ਤੇ 10 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਸੀ। 4 ਅਪ੍ਰੈਲ 2015 ਨੂੰ ਪੰਜਾਬ ਪੁਲਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਉਦੋਂ ਤੋਂ ਉਹ ਦਿੱਲੀ ਦੀ ਤਿਹਾੜ ਜੇਲ ਵਿਚ ਬੰਦ ਰਿਹਾ ਤੇ ਫਿਲਹਾਲ ਪਟਿਆਲਾ ਜੇਲ 'ਚ ਉਸਨੂੰ ਤਬਦੀਲ ਕੀਤਾ ਗਿਆ ਸੀ।