ਲੋਕਾਂ ਦੀ ਸਿਹਤ ਨਾਲ ਖਿਲਵਾੜ, ਬਿਨਾਂ ਢੱਕੇ ਖਾਧ ਪਦਾਰਥ

12/25/2017 7:55:51 AM

ਕਪੂਰਥਲਾ, (ਮਲਹੋਤਰਾ)- ਇਤਿਹਾਸਕ ਸ਼ਹਿਰ ਕਪੂਰਥਲਾ 'ਚ ਇਨ੍ਹਾਂ ਦਿਨਾਂ 'ਚ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ 'ਚ ਪੇਟ ਦੀਆਂ ਬੀਮਾਰੀਆਂ ਨਾਲ ਪੀੜਤ ਮਰੀਜ਼ਾਂ ਦਾ ਆਉਣਾ ਜਾਰੀ ਹੈ। ਸ਼ਹਿਰ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ਤੇ ਡਿਸਪੈਂਸਰੀਆਂ 'ਚ ਮਰੀਜ਼ਾਂ ਦੀ ਗਿਣਤੀ ਰਿਕਾਰਡ ਤੋੜ ਹੈ। ਪੇਟ ਦੀ ਬੀਮਾਰੀ ਦੂਸ਼ਿਤ ਭੋਜਨ ਤੇ ਦੂਸ਼ਿਤ ਪਾਣੀ ਪੀਣ ਨਾਲ ਹੋ ਰਹੀ ਹੈ। ਪੰਜਾਬ ਸਰਕਾਰ ਤੇ ਸਿਹਤ ਵਿਭਾਗ ਵਲੋਂ ਮਿਲਾਵਟੀ ਤੇ ਦੂਸ਼ਿਤ ਖਾਧ ਪਦਾਰਥ ਵਿਕਣ ਤੋਂ ਰੋਕਣ ਦੇ ਲਈ ਇਕ ਵਿਸ਼ੇਸ਼ ਵਿੰਗ ਗਠਿਤ ਕੀਤਾ ਹੋਇਆ ਹੈ। 
ਇਹ ਵਿੰਗ ਖਾਨਾਪੂਰਤੀ ਤਕ ਹੀ ਸੀਮਿਤ ਹੈ। ਜਦੋਂ ਕੋਈ ਦੂਸ਼ਿਤ ਖਾਣੇ ਤੇ ਪਾਣੀ ਨੂੰ ਲੈ ਕੇ ਕੋਈ ਵੱਡਾ ਮਾਮਲਾ ਸ਼ਹਿਰ 'ਚ ਹੁੰਦਾ ਹੈ ਤਾਂ ਸਿਵਲ ਹਸਪਤਾਲ ਦੀ ਫੂਡ ਸੈਂਪਲਿੰਗ ਦੀਆਂ ਟੀਮਾਂ ਤੇ ਹੋਰ ਵਿਭਾਗਾਂ ਦੀ ਕੁੰਭਕਰਨੀ ਨੀਂਦ ਖੁੱਲ੍ਹ ਜਾਂਦੀ ਹੈ। ਸ਼ਹਿਰ ਦੇ ਹੋਟਲਾਂ, ਢਾਬਿਆਂ, ਰੇਹੜੀਆਂ ਆਦਿ 'ਚ ਘਟੀਆ ਕਵਾਲਟੀ ਦਾ ਖਾਣ ਦਾ ਸਾਮਾਨ ਵੇਚ ਕੇ ਜਨਤਾ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹ ਹੈ। 'ਜਗ ਬਾਣੀ' ਦੀ ਟੀਮ ਵਲੋਂ ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚ ਵਿਕਣ ਵਾਲੇ ਦੂਸ਼ਿਤ ਖਾਣੇ ਸੰਬੰਧੀ ਜਦੋਂ ਨਿਰੀਖਣ ਕੀਤਾ ਗਿਆ ਤਾਂ ਕਈ ਅਜਿਹੇ ਤੱਥ ਸਾਹਮਣੇ ਆਏ ਜਿਸਨੂੰ ਪੰਜਾਬ ਸਰਕਾਰ ਵਲੋਂ ਗਠਿਤ ਕੀਤੀਆਂ ਗਈਆਂ ਟੀਮਾਂ ਦੇਖ ਕੇ ਵੀ ਅਣਦੇਖਾ ਕਰ ਰਹੀ ਹੈ। 
''ਸ਼ਹਿਰ 'ਚ ਵਿਕ ਰਿਹਾ ਘਟੀਆ ਕੱਚੇ ਮਾਲ 'ਚ ਤਿਆਰ ਹੋਇਆ ਭੋਜਨ ਤੇ ਹੋਰ ਸਨੈਕਸ ਜਿਸਨੂੰ ਦੁਕਾਨਦਾਰ ਤੇ ਰੇਹੜੀ ਮਾਲਕਾਂ ਵਲੋਂ ਬਿਨਾਂ ਢੱਕੇ ਹੀ ਰੱਖ ਕੇ ਵੇਚਿਆ ਜਾਂਦਾ ਹੈ। ਉਸਨੂੰ ਖਾਣ ਵਾਲਾ ਵਿਅਕਤੀ ਦਸਤ, ਉਲਟੀਆਂ ਸਮੇਤ ਪੇਟ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਸਕਦਾ ਹੈ। ਇਹ ਟਾਈਫਾਈਡ ਬੁਖਾਰ, ਫੂਡ ਪੁਆਈਜਿਨ ਆਦਿ ਬੀਮਾਰੀਆਂ ਦੀ ਗ੍ਰਿਫਤ 'ਚ ਆ ਸਕਦਾ ਹੈ। ਇਨ੍ਹਾਂ ਦਿਨਾਂ 'ਚ ਲੋਕਾਂ ਨੂੰ ਘਰ ਦਾ ਬਣਿਆ ਹੋਇਆ ਸਾਫ-ਸੁਥਰਾ ਭੋਜਨ ਹੀ ਖਾਣਾ ਚਾਹੀਦਾ ਹੈ।''  
-ਡਾ. ਅਤੁਲ ਰਤਨ ਜੇ. ਪੀ. ਨਰਸਿੰਗ ਹੋਮ
''ਕਪੂਰਥਲਾ ਹਸਪਤਾਲ ਤੇ ਆਸ-ਪਾਸ ਦੇ ਹੋਰ ਹਸਪਤਾਲਾਂ ਤੇ ਡਿਸਪੈਂਸਰੀਆਂ 'ਚ ਪੇਟ ਦੀਆਂ ਬੀਮਾਰੀਆਂ ਨਾਲ ਸੰਬੰਧਿਤ ਮਰੀਜ਼ਾਂ ਦੀ ਗਿਣਤੀ 'ਚ ਰੂਟੀਨ 'ਚ ਚਲਦੀ ਰਹਿੰਦੀ ਹੈ ਜੋ ਕਾਫੀ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਲੋਕ ਕਈ ਦਿਨਾਂ ਤੋਂ ਪੁਰਾਣਾ ਬਣਿਆ ਹੋਇਆ ਖਾਣਾ ਤੇ ਬਿਨਾਂ ਢੱਕਿਆ ਭੋਜਨ ਖਾਣ ਤੋਂ ਪ੍ਰਹੇਜ ਨਹੀਂ ਕਰਦੇ, ਜਿਸ ਕਾਰਨ ਉਹ ਪੇਟ ਦੀਆਂ ਬੀਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ।''    
-ਡਾ. ਅਨੂਪ ਮੇਘ ਐੱਸ. ਐੱਮ. ਓ. ਕਪੂਰਥਲਾ