ਓਮੀਕਰੋਨ ਦਾ ਖ਼ਤਰਾ, ਮੁੱਖ ਮੰਤਰੀ ਚੰਨੀ ਨੇ ਕੋਵਿਡ ਵੈਕਸੀਨ ਦੀ ਲਗਵਈ ਦੂਜੀ ਖੁਰਾਕ

12/08/2021 3:03:20 AM

ਚੰਡੀਗੜ੍ਹ(ਅਸ਼ਵਨੀ)- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੰਗਲਵਾਰ ਨੂੰ ਕੋਵਿਡ ਵੈਕਸੀਨ ਦੀ ਦੂਜੀ ਖੁਰਾਕ ਲਗਵਾਈ। ਚੰਨੀ ਨੇ ਲੋਕਾਂ ਨੂੰ ਕੋਵਿਡ ਦੇ ਨਵੇਂ ਰੂਪ ਓਮੀਕਰੋਨ ਤੋਂ ਹੋਣ ਵਾਲੇ ਸੰਭਾਵੀ ਇਨਫੈਕਸ਼ਨ ਤੋਂ ਖੁਦ ਨੂੰ ਬਚਾਉਣ ਲਈ ਕਿਸੇ ਵੀ ਕਿਸਮ ਦੀ ਢਿੱਲ ਕੀਤੇ ਬਿਨਾਂ ਛੇਤੀ ਤੋਂ ਛੇਤੀ ਆਪਣਾ ਟੀਕਾਕਰਣ ਕਰਵਾਉਣ ਦੀ ਅਪੀਲ ਵੀ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਚਾਹੇ ਰਾਜ ਵਿਚ ਓਮੀਕਰੋਨ ਦਾ ਇੱਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ ਪਰ ਅਸੀਂ ਇਸ ਸੰਬੰਧੀ ਕਿਸੇ ਵੀ ਢਿੱਲ ਨੂੰ ਸਹਿਣ ਨਹੀਂ ਕਰ ਸਕਦੇ।

ਪੰਜਾਬ ਭਵਨ ਵਿਚ ਓਮੀਕਰੋਨ ਦੇ ਮੱਦੇਨਜ਼ਰ ਕਿਸੇ ਵੀ ਸਥਿਤੀ ਦਾ ਸਾਹਮਣਾ ਕਰਨ ਲਈ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ ਸਿਹਤ ਅਤੇ ਮੈਡੀਕਲ ਸਿੱਖਿਆ ਖੋਜ ਵਿਭਾਗਾਂ ਨੂੰ ਟੀਕਾਕਰਨ ਮੁਹਿੰਮ ਵਿਚ ਅਤੇ ਤੇਜ਼ੀ ਲਿਆਉਣ ਲਈ ਮਿਲਕੇ ਕੰਮ ਕਰਨ ਦੇ ਨਿਰਦੇਸ਼ ਦਿੱਤੇ ਜਿਸ ਨਾਲ ਰਾਜ ਭਰ ਵਿਚ ਸਾਰੇ ਯੋਗ ਆਦਮੀਆਂ ਦਾ ਛੇਤੀ ਤੋਂ ਛੇਤੀ ਟੀਕਾਕਰਣ ਕੀਤਾ ਜਾ ਸਕੇ।

ਮੁੱਖ ਮੰਤਰੀ ਨੂੰ ਰਾਜ ਵਿਚ ਕੋਵਿਡ ਟੀਕਾਕਰਣ ਦੀ ਹੁਣ ਤੱਕ ਦੀ ਸਥਿਤੀ ਬਾਰੇ ਜਾਣੂੰ ਕਰਵਾਉਂਦੇ ਹੋਏ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਵਿਕਾਸ ਗਰਗ ਨੇ ਦੱਸਿਆ ਕਿ ਕੁਲ 2.46 ਕਰੋੜ ਯੋਗ ਆਬਾਦੀ ਵਿਚੋਂ 1.66 ਕਰੋੜ (80 ਫ਼ੀਸਦੀ) ਨੂੰ ਪਹਿਲੀ ਖ਼ੁਰਾਕ ਦਿੱਤੀ ਜਾ ਚੁੱਕੀ ਹੈ ਅਤੇ ਲਗਭਗ 38 ਫ਼ੀਸਦੀ ਭਾਵ 79.87 ਲੱਖ ਆਬਾਦੀ ਨੂੰ ਦੂਜੀ ਖ਼ੁਰਾਕ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸਿਹਤ ਵਿਭਾਗ ਕੋਲ ਮੌਜ਼ੂਦਾ ਸਮੇਂ 46 ਲੱਖ ਖੁਰਾਕਾਂ ਦਾ ਸਟਾਕ ਉਪਲੱਬਧ ਹੈ ਅਤੇ ਮੈਡੀਕਲ/ਪੈਰਾ ਮੈਡੀਕਲ ਟੀਮਾਂ ਬਾਕੀ ਰਹਿੰਦੀ ਆਬਾਦੀ ਨੂੰ ਕਵਰ ਕਰਨ ਲਈ ਟੀਕਾਕਰਣ ਦੀ ਮੁਹਿੰਮ ਵਿਚ ਸਰਗਰਮੀ ਨਾਲ ਲੱਗੀਆਂ ਹੋਈਆਂ ਹਨ। ਇਸਤੋਂ ਇਲਾਵਾ ਕੋਰੋਨਾ ਮਾਮਲਿਆਂ ਦਾ ਪਤਾ ਲਗਾਉਣ ਲਈ ਰੋਜ਼ਾਨਾ ਦੇ 30,000 ਦੇ ਕਰੀਬ ਟੈਸਟ ਕੀਤੇ ਜਾ ਰਹੇ ਹਨ। ਇਸ ਬੈਠਕ ਵਿਚ ਉਪ ਮੁੱਖ ਮੰਤਰੀ ਓ. ਪੀ. ਸੋਨੀ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ, ਪ੍ਰਮੁੱਖ ਸਕੱਤਰ ਗ੍ਰਹਿ ਅਨੁਰਾਗ ਵਰਮਾ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਰਾਹੁਲ ਤਿਵਾੜੀ ਅਤੇ ਡੀ.ਜੀ.ਪੀ. ਇਕਬਾਲਪ੍ਰੀਤ ਸਿੰਘ ਸਹੋਤਾ ਸ਼ਾਮਿਲ ਸਨ।       

Bharat Thapa

This news is Content Editor Bharat Thapa