ਤੁਰਕੀ 'ਚ ਆਏ ਭੂਚਾਲ ਨੇ ਵਧਾਈ 'ਪੰਜਾਬ' ਦੀ ਚਿੰਤਾ, ਸੂਬੇ ਦੇ ਇਨ੍ਹਾਂ ਜ਼ਿਲ੍ਹਿਆਂ ਨੂੰ ਸਭ ਤੋਂ ਜ਼ਿਆਦਾ ਖ਼ਤਰਾ

02/08/2023 4:07:51 PM

ਚੰਡੀਗੜ੍ਹ : ਤੁਰਕੀ ਅਤੇ ਸੀਰੀਆ 'ਚ ਸੋਮਵਾਰ ਨੂੰ ਆਏ ਜ਼ਬਰਦਸਤ ਭੂਚਾਲ ਨੇ ਜਿੱਥੇ 4 ਹਜ਼ਾਰ ਤੋਂ ਵੱਧ ਜਾਨਾਂ ਲੈ ਲਈਆਂ, ਉੱਥੇ ਹੀ ਵੱਡੇ ਪੱਧਰ 'ਤੇ ਤਬਾਹੀ ਮਚਾ ਕੇ ਰੱਖ ਦਿੱਤੀ। ਇਸ ਭੂਚਾਲ ਨੇ ਭਾਰਤ ਦੇ ਨਾਲ-ਨਾਲ ਪੰਜਾਬ ਦੀ ਚਿੰਤਾ ਨੂੰ ਬੇਹੱਦ ਜ਼ਿਆਦਾ ਵਧਾ ਦਿੱਤਾ ਹੈ। ਇਸ ਦਾ ਕਾਰਨ ਹੈ ਕਿ ਸੂਬੇ ਦਾ ਅੱਧਾ ਹਿੱਸਾ ਭੂਚਾਲ ਦੇ ਸਭ ਤੋਂ ਵੱਧ ਖ਼ਤਰੇ ਵਾਲੇ ਜ਼ੋਨ-4 'ਚ ਆਉਂਦਾ ਹੈ। ਹਾਲਾਂਕਿ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੀ ਸੂਬੇ ਦੀ ਉੱਤਰੀ ਸਰਹੱਦ ਸਭ ਤੋਂ ਵੱਧ ਖ਼ਤਰੇ ਵਾਲੇ ਜ਼ੋਨ-5 ਦੇ ਨੇੜੇ ਹੈ। ਪੰਜਾਬ ਦੇ ਸਭ ਤੋਂ ਜ਼ਿਆਦਾ ਜ਼ੋਖਮ ਵਾਲੇ ਜ਼ੋਨ 'ਚ ਆਉਣ ਵਾਲੇ ਜ਼ਿਲ੍ਹਿਆਂ 'ਚ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਗੁਰਦਾਸਪੁਰ, ਪਠਾਨਕੋਟ, ਜਲੰਧਰ, ਹੁਸ਼ਿਆਰਪੁਰ, ਲੁਧਿਆਣਾ, ਨਵਾਂਸ਼ਹਿਰ, ਰੋਪੜ, ਮੋਹਾਲੀ ਅਤੇ ਫਤਿਹਗੜ੍ਹ ਸਾਹਿਬ ਸ਼ਾਮਲ ਹਨ।

ਇਹ ਵੀ ਪੜ੍ਹੋ : ਹੋਲੀ ਦੇ ਤਿਉਹਾਰ 'ਤੇ ਟਰੇਨਾਂ 'ਚ ਸਫ਼ਰ ਕਰਨ ਵਾਲੇ ਜ਼ਰਾ ਧਿਆਨ ਦੇਣ, ਕਰਨਾ ਪੈ ਸਕਦੈ ਸੜਕ ਰਾਹੀਂ ਸਫ਼ਰ

ਇਸ ਤੋਂ ਇਲਾਵਾ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੋਗਾ, ਮੁਕਤਸਰ, ਬਠਿੰਡਾ, ਬਰਨਾਲਾ, ਮਾਨਸਾ, ਸੰਗਰੂਤ, ਮਾਲੇਰਕੋਟਲਾ ਅਤੇ ਪਟਿਆਲਾ ਦਰਮਿਆਨੇ ਨੁਕਸਾਨ ਦੇ ਜ਼ੋਖਮ਼ ਵਾਲੇ ਖੇਤਰ 'ਚ ਆਉਂਦੇ ਹਨ। ਪਿਛਲੇ ਰਿਕਾਰਡ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਦੇ ਕੁੱਝ ਹਿੱਸਿਆਂ 'ਚ 4.0 ਤੋਂ 5.0 ਦੀ ਤੀਬਰਤਾ ਵਾਲੇ ਭੂਚਾਲ ਆਏ ਹਨ ਅਤੇ ਸੂਬੇ ਦਾ ਜ਼ਿਆਦਾਤਰ ਹਿੱਸਾ ਭੂਚਾਲ ਦੇ ਸਰਗਰਮ ਖੇਤਰ 'ਚ ਪੈਂਦਾ ਹੈ। ਇਸ ਬਾਰੇ ਸੂਬੇ ਦੇ ਆਫ਼ਤ ਪ੍ਰਬੰਧਨ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਪੰਜਾਬ ਕੋਲ ਆਪਣੀਆਂ ਰਾਜ ਅਤੇ ਜ਼ਿਲ੍ਹਾ ਵਿਸ਼ੇਸ਼ ਆਫ਼ਤ ਪ੍ਰਬੰਧਨ ਯੋਜਨਾਵਾਂ ਹਨ।

ਇਹ ਵੀ ਪੜ੍ਹੋ : PSPCL ਦਾ ਵੱਡਾ ਫ਼ੈਸਲਾ : ਪੂਰੇ ਪੰਜਾਬ 'ਚ 1 ਮਾਰਚ ਤੋਂ ਲੱਗਣਗੇ ਸਮਾਰਟ ਪ੍ਰੀ-ਪੇਡ ਮੀਟਰ

ਉਨ੍ਹਾਂ ਕਿਹਾ ਕਿ ਅਸੀਂ ਚੰਡੀਗੜ੍ਹ 'ਚ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪੰਜਾਬ ਐਡਮਿਨੀਸਟ੍ਰੇਸ਼ਨ ਰਾਹੀਂ ਹਰ ਕਿਸਮ ਦੀ ਆਫ਼ਤ ਨਾਲ ਨਜਿੱਠਣ ਦੇ ਵੇਰਵਿਆਂ ਨੂੰ ਜੋੜ ਕੇ ਆਫ਼ਤ ਪ੍ਰਬੰਧ ਯੋਜਨਾ ਨੂੰ ਸੋਧ ਰਹੇ ਹਾਂ। ਇਸ ਬਾਰੇ ਸੂਬੇ ਦੇ ਮੁੱਖ ਟਾਊਨ ਪਲਾਨਰ ਪੰਕਜ ਬਾਵਾ ਨੇ ਕਿਹਾ ਕਿ ਪੈਸੇ ਬਚਾਉਣ ਦੀ ਖ਼ਾਤਰ ਲੋਕ ਆਪਣੀਆਂ ਇਮਾਰਤਾਂ ਨੂੰ ਵਿਸ਼ੇਸ਼ ਸਟਰੱਕਚਰਲ ਇੰਜੀਨੀਅਰਾਂ ਤੋਂ ਡਿਜ਼ਾਈਨ ਨਹੀਂ ਕਰਵਾਉਂਦੇ। ਬਾਵਾ ਨੇ ਕਿਹਾ ਕਿ ਸਾਲ 2021 'ਚ ਪੰਜਾਬ ਨੇ ਇਹ ਲਾਜ਼ਮੀ ਕਰ ਦਿੱਤਾ ਹੈ ਕਿ 15 ਮੀਟਰ ਜਾਂ ਇਸ ਤੋਂ ਵੱਧ ਉਚਾਈ ਵਾਲੀ ਕਿਸੇ ਵੀ ਇਮਾਰਤ ਦੀ ਉਸਾਰੀ ਯੋਜਨਾ ਨੂੰ ਪੂਰਾ ਕਰਨ ਤੋਂ ਪਹਿਲਾਂ ਬਿਲਡਰ ਨੂੰ ਕਿਸੇ ਆਈ. ਆਈ. ਟੀ. ਜਾਂ ਕਿਸੇ ਹੋਰ ਵਿਸ਼ੇਸ਼ ਮਾਹਰ ਵੱਲੋਂ ਢਾਂਚੇ ਦੀ ਜਾਂਚ ਕਰਵਾ ਲੈਣੀ ਚਾਹੀਦੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 

Babita

This news is Content Editor Babita