ਬਠਿੰਡਾ ਡਾਂਸਰ ਕਤਲ ਕਾਂਡ, ਸਟੇਜ ''ਤੇ ਸ਼ੋਅ ਕਰ ਰਹੀ ਨਾਲ ਦੀ ਸਾਥਣ ਨੇ ਕੀਤਾ ਹੈਰਾਨ ਕਰਦਾ ਖੁਲਾਸਾ (ਤਸਵੀਰਾਂ)

12/06/2016 7:23:22 PM

ਬਠਿੰਡਾ : ਬਠਿੰਡਾ ਦੇ ਆਸ਼ਿਰਵਾਦ ਪੈਲੇਸ ਵਿਚ ਵਿਆਹ ਸਮਾਗਮ ਦੌਰਾਨ ਗੋਲੀ ਮਾਰ ਕੇ ਕਤਲ ਕੀਤੀ ਗਈ ਗਰਭਵਤੀ ਡਾਂਸਰ ਕੁਲਵਿੰਦਰ ਨਾਲ ਸਟੇਜ ''ਤੇ ਸ਼ੋਅ ਪੇਸ਼ ਕਰ ਰਹੀ ਉਸ ਦੀ ਸਾਥਣ ਪ੍ਰਿਆ ਨੇ ਹੈਰਾਨ ਕਰਦਾ ਖੁਲਾਸਾ ਕੀਤਾ ਹੈ। ਪ੍ਰੀਆ ਨੇ ਘਟਨਾ ਸੰਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਜਿਸ ਸਮੇਂ ਇਹ ਹਾਦਸਾ ਹੋਇਆ ਉਸ ਸਮੇਂ ਉਹ ਵੀ ਸਟੇਜ ''ਤੇ ਸ਼ੋਅ ਪੇਸ਼ ਕਰ ਰਹੀ ਸੀ। ਪ੍ਰਿਆ ਨੇ ਦੱਸਿਆ ਕਿ ਮੁਲਜ਼ਮ ਬਿੱਲਾ ਵਾਰ-ਵਾਰ ਸਟੇਜ ''ਤੇ ਚੜ੍ਹ ਕੇ ਡਾਂਸ ਕਰਨ ਦੀ ਜ਼ਿੱਦ ਕਰ ਰਿਹਾ ਸੀ ਪਰ ਪ੍ਰਬੰਧਕਾਂ ਨੇ ਉਸ ਨੂੰ ਰੋਕ ਦਿੱਤਾ ਅਤੇ ਸਟੇਜ ਤੋਂ ਉਤਾਰ ਦਿੱਤਾ।
ਪ੍ਰਿਆ ਨੇ ਦੱਸਿਆ ਕਿ ਬਿੱਲਾ ਵਾਰ-ਵਾਰ ਕੁਲਵਿੰਦਰ ਨੂੰ ਤੰਗ ਕਰ ਰਿਹਾ ਸੀ, ਜਿਸ ਦਾ ਕੁਲਵਿੰਦਰ ਵਲੋਂ ਵਿਰੋਧ ਕੀਤਾ ਜਾ ਰਿਹਾ ਸੀ। ਇਸ ਤੋਂ ਗੁੱਸੇ ''ਚ ਆਏ ਬਿੱਲਾ ਨੇ ਸਟੇਜ ਤੋਂ ਉਤਰਦੇ ਹੀ ਬੰਦੂਕ ਨਾਲ ਕੁਲਵਿੰਦਰ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪ੍ਰਿਆ ਨੇ ਦੱਸਿਆ ਕਿ ਗੋਲੀ ਲੱਗਦੇ ਹੀ ਕੁਲਵਿੰਦਰ ਹੇਠਾਂ ਡਿੱਗ ਗਈ ਅਤੇ ਮੌਕੇ ''ਤੇ ਹੀ ਉਸ ਦੀ ਮੌਤ ਹੋ ਗਈ। ਪ੍ਰਿਆ ਨੇ ਇਨਸਾਫ ਦੀ ਗੁਹਾਰ ਲਗਾਉਂਦੇ ਹੋਏ ਅਜਿਹੇ ਮੁਲਜ਼ਮ ਲਈ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਹੈ ਜਿਸ ਨੇ ਹੱਸਦਾ-ਖੇਡਦਾ ਪਰਿਵਾਰ ਉਜਾੜ ਦਿੱਤਾ।
ਦੱਸਣਯੋਗ ਹੈ ਕਿ ਕੁਲਵਿੰਦਰ ਦੀ ਮੌਤ ਤੋਂ ਬਾਅਦ ਪੁਲਸ ਨੇ ਚਾਰ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਸੀ, ਜਿਨ੍ਹਾਂ ਨੂੰ ਪੁਲਸ ਨੇ ਗ੍ਰਿਫਤਾਰ ਵੀ ਕਰ ਲਿਆ ਹੈ। ਪੁਲਸ ਮੁੱਖ ਦੋਸ਼ੀ ਵਿੱਕੀ ਉਰਫ ਬਿੱਲਾ ਨੂੰ ਮੰਗਲਵਾਰ ਅਦਾਲਤ ''ਚ ਪੇਸ਼ ਕਰਕੇ ਉਸ ਦਾ ਰਿਮਾਂਡ ਹਾਸਲ ਕਰਨ ਦੀ ਤਿਆਰੀ ਕਰ ਰਹੀ ਹੈ। ਦੂਜੇ ਪਾਸੇ ਮ੍ਰਿਤਕ ਲੜਕੀ ਦੇ ਪਰਿਵਾਰ ਨੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

Gurminder Singh

This news is Content Editor Gurminder Singh