ਡਾਂਸਰ ਦੇ ਪਤੀ ''ਤੇ ਜਾਨਲੇਵਾ ਹਮਲਾ ਕਰਨ ਵਾਲਾ ਗ੍ਰਿਫਤਾਰ

04/23/2018 6:10:50 AM

ਅੰਮ੍ਰਿਤਸਰ,  (ਅਰੁਣ)-  2 ਦਿਨ ਪਹਿਲਾਂ ਗੁਰੂ ਅਮਰਦਾਸ ਕਾਲੋਨੀ ਨਾਰਾਇਣਗੜ੍ਹ ਸਥਿਤ ਇਕ ਡਾਂਸਰ ਦੇ ਪਤੀ 'ਤੇ ਜਾਨਲੇਵਾ ਹਮਲਾ ਕਰ ਕੇ ਦੌੜੇ ਹਮਲਾਵਰ ਨੂੰ ਥਾਣਾ ਛੇਹਰਟਾ ਦੀ ਪੁਲਸ ਨੇ ਵਾਰਦਾਤ ਦੇ 24 ਘੰਟਿਆਂ 'ਚ ਗ੍ਰਿਫਤਾਰ ਕਰ ਲਿਆ। ਮੁਲਜ਼ਮ ਦੇ ਕਬਜ਼ੇ 'ਚੋਂ ਵਾਰਦਾਤ ਮੌਕੇ ਵਰਤਿਆ ਗਿਆ ਤੇਜ਼ਧਾਰ ਤੇਸਾ ਪੁਲਸ ਨੇ ਬਰਾਮਦ ਕਰ ਲਿਆ ਹੈ।
ਪ੍ਰੈੱਸ ਮਿਲਣੀ ਦੌਰਾਨ ਖੁਲਾਸਾ ਕਰਦਿਆਂ ਏ. ਡੀ. ਸੀ. ਪੀ.-2 ਲਖਬੀਰ ਸਿੰਘ ਨੇ ਦੱਸਿਆ ਕਿ 20 ਅਪ੍ਰੈਲ ਨੂੰ ਪੁਲਸ ਨੂੰ ਇਤਲਾਹ ਮਿਲੀ ਸੀ ਕਿ ਗੁਰੂ ਅਮਰਦਾਸ ਐਵੀਨਿਊ ਨਾਰਾਇਣਗੜ੍ਹ ਵਾਸੀ ਇਕ ਔਰਤ ਸ਼ਿਵਾਨੀ ਜੋ ਡਾਂਸਰ ਹੈ, ਦੇ ਪਤੀ ਨੂੰ ਕੋਈ ਘਰ 'ਚ ਦਾਖਲ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਜ਼ਖਮੀ ਕਰਨ ਮਗਰੋਂ ਨਕਦੀ ਤੇ ਹੋਰ ਸਾਮਾਨ ਚੋਰੀ ਕਰ ਕੇ ਲੈ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਉਹ ਏ. ਸੀ. ਪੀ. ਪੱਛਮੀ ਥਾਣਾ ਛੇਹਰਟਾ ਮੁਖੀ ਇੰਸਪੈਕਟਰ ਹਰੀਸ਼ ਬਹਿਲ ਸਮੇਤ ਮੌਕੇ 'ਤੇ ਪੁੱਜ ਗਏ ਅਤੇ ਵਾਰਦਾਤ ਦਾ ਜਾਇਜਾ ਲਿਆ। ਪੁਲਸ ਨੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਦਿਆਂ ਵਾਰਦਾਤ ਦੇ 24 ਘੰਟਿਆਂ 'ਚ ਹੀ ਅਸਲ ਮੁਲਜ਼ਮ ਗੁਰਦੇਵ ਸਿੰਘ ਦੇਬਾ ਪੁੱਤਰ ਦਲਜੀਤ ਸਿੰਘ ਵਾਸੀ ਗੁਰੂ ਅਮਰਦਾਸ ਐਵੀਨਿਊ ਨਾਰਾਇਣਗੜ੍ਹ ਨੂੰ ਕਾਬੂ ਕਰ ਲਿਆ।
ਕੀ ਸੀ ਮਾਮਲਾ : ਏ. ਡੀ. ਸੀ. ਪੀ.-2 ਲਖਬੀਰ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤਾ ਗਿਆ ਮੁਲਜ਼ਮ ਗੁਰਦੇਵ ਸਿੰਘ ਦੇਬਾ ਤੇ ਡਾਂਸਰ ਸ਼ਿਵਾਨੀ ਦਾ ਪਤੀ ਸਿਕੰਦਰ ਜੱਜ ਜੋ ਇਕੱਠੇ ਨਸ਼ਾ ਕਰਨ ਦੇ ਆਦੀ ਸਨ ਤੇ ਗੁਰਦੇਵ ਸਿੰਘ ਨੇ ਆਪਣਾ ਮੋਬਾਇਲ ਸਿਕੰਦਰ ਕੋਲ ਗਹਿਣੇ ਰੱਖ ਕੇ 1500 ਰੁਪਏ ਉਧਾਰ ਲਏ ਸਨ ਕਿਉਂਕਿ ਦੋਵੇਂ ਇਕੱਠੇ ਨਸ਼ਾ ਕਰਦੇ ਸਨ, ਇਸ ਲਈ ਗੁਰਦੇਵ ਦੇਬਾ ਨੂੰ ਇਹ ਪਤਾ ਸੀ ਕਿ ਸਿਕੰਦਰ ਦੇ ਘਰ ਪੈਸੇ ਪਏ ਰਹਿੰਦੇ ਹਨ।
ਗਹਿਣੇ ਪਈ ਗੱਡੀ ਛੁਡਾਉਣ ਲਈ ਲੁੱਟੀ ਰਕਮ :  ਗੁਰਦੇਵ ਸਿੰਘ ਦੇਬਾ ਜੋ ਲੱਕੜ ਮਿਸਤਰੀ ਦਾ ਕੰਮ ਕਰਦਾ ਹੈ ਅਤੇ ਨਸ਼ਾ ਕਰਨ ਦਾ ਆਦੀ ਹੈ, ਨੇ ਆਪਣੀ ਗੱਡੀ ਵੀ ਗਹਿਣੇ ਰੱਖ ਕੇ ਉਧਾਰ ਲਈ ਰਕਮ ਦਾ ਨਸ਼ਾ ਕਰ ਲਿਆ ਸੀ। ਸਿਕੰਦਰ ਦੇ ਘਰੋਂ ਨਕਦੀ ਚੋਰੀ ਕਰ ਕੇ ਉਸ ਨੇ ਆਪਣੀ ਗੱਡੀ ਛੁਡਾਉਣ ਦੇ ਮੰਤਵ ਨਾਲ ਉਸ 'ਤੇ ਤੇਜ਼ਧਾਰ ਤੇਸੇ ਨਾਲ ਹਮਲਾ ਕੀਤਾ ਅਤੇ ਅਲਮਾਰੀ ਵਿਚ 29 ਹਜ਼ਾਰ ਦੀ ਰਕਮ, ਗਹਿਣੇ ਰੱਖਿਆ ਮੋਬਾਇਲ ਤੇ ਪੰਜੇਬਾਂ ਦਾ ਇਕ ਜੋੜਾ ਚੋਰੀ ਕਰ ਕੇ ਦੌੜ ਗਿਆ ਸੀ, ਜਿਸ ਨੂੰ ਪੁਲਸ ਪਾਰਟੀ ਨੇ ਗ੍ਰਿਫਤਾਰ ਕਰ ਕੇ ਵਾਰਦਾਤ ਮੌਕੇ ਵਰਤਿਆ ਗਿਆ ਤੇਸਾ ਬਰਾਮਦ ਕਰ ਲਿਆ।
ਸਿਕੰਦਰ ਜੱਜ ਦੀ ਹਾਲਤ ਬਣੀ ਨਾਜ਼ੁਕ : ਸਿਰ 'ਚ ਹੋਏ ਤੇਜ਼ਧਾਰ ਹਥਿਆਰ ਦੇ ਵਾਰ ਨਾਲ ਜ਼ਖਮੀ ਸਿਕੰਦਰ ਜੱਜ ਜੋ ਕਿ ਇਕ ਨਿੱਜੀ ਹਸਪਤਾਲ 'ਚ ਇਲਾਜ ਅਧੀਨ ਹੈ, ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪੁਲਸ ਸੱਚਾਈ ਜਾਣਨ ਲਈ ਸਿਕੰਦਰ ਜੱਜ ਦੇ ਹੋਸ਼ ਵਿਚ ਆਉਣ ਦੀ ਉਡੀਕ ਕਰ ਰਹੀ ਹੈ।
ਹਮਲਾਵਰ ਨੂੰ ਸਖਤ ਸਜ਼ਾ ਹੋਵੇ : ਡਾਂਸਰ ਸ਼ਿਵਾਨੀ : ਜਗ ਬਾਣੀ ਨਾਲ ਗੱਲਬਾਤ ਕਰਦਿਆਂ ਡਾਂਸਰ ਸ਼ਿਵਾਨੀ ਤੇ ਉਸ ਦੀ ਭੈਣ ਅਨੀਤਾ ਨੇ ਦੱਸਿਆ ਕਿ ਉਸ ਦਾ ਹੋਰ ਕੋਈ ਹੋਰ ਸਹਾਰਾ ਨਹੀਂ ਹੈ ਅਤੇ ਉਸ ਦੀ ਇਕ 13 ਸਾਲਾ ਲੜਕੀ 'ਤੇ ਦੁੱਖਾਂ ਦਾ ਪਹਾੜ ਸੁੱਟਣ ਵਾਲੇ ਇਸ ਹਮਲਾਵਰ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਹੋਣਾ ਚਾਹੀਦੀ ਹੈ।