ਦਸਤਾਰਾਂ ਦੀ ਬੇਅਦਬੀ ਲਈ ਕਾਂਗਰਸ ਪਸ਼ਚਾਤਾਪ ਕਰੇ : ਗਿਆਨੀ ਹਰਨਾਮ ਸਿੰਘ

06/24/2017 10:02:57 AM

ਅੰਮ੍ਰਿਤਸਰ (ਪ੍ਰਵੀਨ ਪੁਰੀ)- ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਕੱਲ ਜਿਵੇਂ ਲੋਕਤੰਤਰੀ ਕਦਰਾਂ-ਕੀਮਤਾਂ ਦੀਆਂ ਧੱਜੀਆਂ ਉਡਾਉਂਦਿਆਂ ਵਿਰੋਧੀ ਵਿਧਾਇਕਾਂ ਦੀਆਂ ਦਸਤਾਰਾਂ ਉਤਾਰਨ ਅਤੇ ਔਰਤਾਂ ਨਾਲ ਕੀਤੇ ਗਏ ਦੁਰਵਿਵਹਾਰ ਵਰਗੇ ਗੁਨਾਹ ਲਈ ਕਾਂਗਰਸ ਪਾਰਟੀ ਨੂੰ ਪਸ਼ਚਾਤਾਪ ਕਰਦਿਆਂ ਅਤੇ ਸਪੀਕਰ ਨੂੰ ਆਪਣੇ ਵੱਲੋਂ ਕੀਤੀ ਗਈ ਤੌਹੀਨ ਲਈ ਪੰਜਾਬ ਦੇ ਲੋਕਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।
ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਸਿੱਖ ਕੌਮ ਨੇ ਦਸਤਾਰ ਦੀ ਸਲਾਮਤੀ ਲਈ ਵਿਸ਼ਵ ਪੱਧਰ 'ਤੇ ਵੱਡਾ ਸੰਘਰਸ਼ ਕੀਤਾ, ਜੋ ਅੱਜ ਵੀ ਵੱਖ-ਵੱਖ ਦੇਸ਼ਾਂ ਅੰਦਰ ਨਿਰੰਤਰ ਜਾਰੀ ਹੈ ਪਰ ਪੰਜਾਬ ਵਿਚ ਕਾਂਗਰਸ ਵੱਲੋਂ ਗੈਰ-ਲੋਕਤੰਤਰੀ ਤੇ ਤਾਨਾਸ਼ਾਹ ਰਵੱਈਆ ਅਪਣਾ ਕੇ ਵਿਰੋਧੀ ਵਿਧਾਇਕਾਂ ਦੇ ਕੇਸਾਂ, ਦਸਤਾਰਾਂ, ਕੱਕਾਰਾਂ ਦੀ ਬੇਅਦਬੀ ਕਰਦਿਆਂ ਵਿਧਾਨ ਸਭਾ ਨੂੰ ਜਿਵੇਂ ਕੁੱਕੜਖੇਹ ਉਡਾਉਣ ਦਾ ਅਖਾੜਾ ਬਣਾ ਦਿੱਤਾ ਗਿਆ, ਉਹ ਦੁਖਦਾਇਕ ਤੇ ਸਖ਼ਤ ਨਿਖੇਧੀਯੋਗ ਹੈ।
ਸੰਤ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਵਿਚ ਹੀ ਸਿੱਖ ਧਾਰਮਿਕ ਚਿੰਨ੍ਹਾਂ ਦੀ ਹੋਈ ਬੇਹੁਰਮਤੀ ਨਾਲ ਸਿੱਖਾਂ ਦੇ ਅਕਸ 'ਤੇ ਮਾੜਾ ਅਸਰ ਪਿਆ ਅਤੇ ਵਿਸ਼ਵ 'ਚ ਗਲਤ ਪ੍ਰਭਾਵ ਵੀ ਗਿਆ ਹੈ, ਇਸ ਲਈ ਕੱਲ ਦਾ ਦਿਨ ਲੋਕਤੰਤਰ ਦੇ ਇਤਿਹਾਸ ਵਿਚ ਕਾਲੇ ਅੱਖਰਾਂ ਨਾਲ ਲਿਖਿਆ ਅਤੇ ਯਾਦ ਕੀਤਾ ਜਾਵੇਗਾ।