ਤਕਨੀਕੀ ਪੱਖਾਂ ਪਿੱਛੇ ਲੁਕਣ ਦੀ ਥਾਂ ਮੁੱਖ ਮੰਤਰੀ ਅਸਲੀਅਤ ਦਾ ਸਾਹਮਣਾ ਕਰਨ : ਡਾ. ਚੀਮਾ

03/10/2020 2:26:27 PM

ਚੰਡੀਗੜ੍ਹ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਭਾਰਤ ਦੇ ਆਰਥਿਕ ਸਰਵੇਖਣ ਬਾਰੇ ਦਿੱਤੇ ਬਿਆਨ ਨੂੰ ਉਨ੍ਹਾਂ ਦੀ ਸਰਕਾਰ ਦੀ ਪੋਲ ਸਰਵੇਖਣ ਦੇ ਨਤੀਜਿਆਂ ਕਾਰਨ ਖੁੱਲ੍ਹਣ ਕਾਰਨ ਹੋਈ ਨਮੋਸ਼ੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਤਕਨੀਕੀ ਪੱਖਾਂ ਪਿੱਛੇ ਲੁਕਣ ਦੀ ਥਾਂ ਮੁੱਖ ਮੰਤਰੀ ਨੂੰ ਅਸਲੀਅਤ ਦਾ ਸਾਹਮਣਾ ਕਰਨਾ ਚਾਹੀਦਾ ਹੈ ਅਤੇ ਦੱਸਣਾ ਚਾਹੀਦਾ ਹੈ ਕਿ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਮਾਮਲੇ 'ਚ ਪੰਜਾਬ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਪਿੱਛੇ ਕਿਉਂ ਰਹਿ ਗਿਆ।

ਇਥੇ ਜਾਰੀ ਕੀਤੇ ਇਕ ਬਿਆਨ 'ਚ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਸਰਵੇਖਣ 'ਚ ਦਿਹਾਤੀ ਅਤੇ ਸ਼ਹਿਰੀ ਖੇਤਰਾਂ ਤੋਂ 6497 ਅਤੇ 6877 ਵਿਅਕਤੀਆਂ ਦੇ ਸ਼ਾਮਲ ਹੋਣ 'ਤੇ ਇਸ ਦਾ ਆਕਾਰ 'ਬਹੁਤ ਹੀ ਛੋਟਾ' ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਜਾਂ ਤਾਂ ਮੁੱਖ ਮੰਤਰੀ ਦੇਸ਼ ਭਰ 'ਚ ਆਰਥਿਕ ਸਰਵੇਖਣ 'ਚ ਅਪਣਾਏ ਜਾਂਦੇ ਤਰੀਕਿਆਂ ਤੋਂ ਜਾਣੂ ਨਹੀਂ ਹਨ ਜਾਂ ਫਿਰ ਉਹ ਦੁਬਾਰਾ ਲੋਕਾਂ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਹੇ ਹਨ। ਉਨ੍ਹਾਂ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਕੀ ਉਹ ਇਸ ਤੱਥ ਨੂੰ ਵੀ ਝੁਠਲਾਉਣਗੇ ਕਿ ਸੂਬੇ ਦੇ ਬੇਰੋਜ਼ਗਾਰੀ ਬਿਊਰੋ ਕੋਲ 2.69 ਲੱਖ ਬਿਨੇਕਾਰਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ, ਜਿਸ 'ਚੋਂ 91 ਫੀਸਦੀ ਤਕਨੀਕੀ ਮੁਹਾਰਤ ਵਾਲੇ ਤੇ 85 ਫੀਸਦੀ 10ਵੀਂ ਪਾਸ ਜਾਂ ਵੱਧ ਪੜ੍ਹੇ-ਲਿਖੇ ਹਨ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਹਾਲੇ ਵੀ ਭਾਰਤ ਦੇ ਆਰਥਿਕ ਸਰਵੇਖਣ ਦੇ ਸੈਂਪਲ ਤੋਂ ਸੰਤੁਸ਼ਟ ਨਹੀਂ ਹਨ ਤਾਂ ਉਨ੍ਹਾਂ ਨੂੰ ਉਨ੍ਹਾਂ ਨੌਜਵਾਨਾਂ ਦੀ ਗਿਣਤੀ ਕਰ ਲੈਣੀ ਚਾਹੀਦੀ ਹੈ ਜੋ ਕੱਲ ਪਟਿਆਲਾ 'ਚ ਉਨ੍ਹਾਂ ਦੇ ਮਹਿਲ ਅੱਗੇ ਰੋਜ਼ਗਾਰ ਮੰਗ ਰਹੇ ਸਨ, ਜਦੋਂ ਮੁੱਖ ਮੰਤਰੀ ਦੇ ਹੁਕਮਾਂ 'ਤੇ ਉਨ੍ਹਾਂ 'ਤੇ ਤਸ਼ੱਦਦ ਢਾਹਿਆ ਗਿਆ।

ਡਾ. ਚੀਮਾ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਇਹ ਵੀ ਦੱਸਣ ਕਿ ਜਦੋਂ 14136 ਨੌਜਵਾਨਾਂ ਨੇ ਈ. ਟੀ. ਟੀ., ਟੈੱਟ ਪ੍ਰੀਖਿਆ ਪਾਸ ਕੀਤੀ ਹੈ ਅਤੇ 12000 ਆਸਾਮੀਆਂ ਖਾਲੀ ਹਨ ਤਾਂ ਫਿਰ ਉਨ੍ਹਾਂ ਦੀ ਸਰਕਾਰ ਨੇ ਸਿਰਫ 1664 ਆਸਾਮੀਆਂ ਦਾ ਇਸ਼ਤਿਹਾਰ ਕਿਉਂ ਦਿੱਤਾ? ਉਨ੍ਹਾਂ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਹਾਲੇ ਵੀ ਇਹ ਪ੍ਰਵਾਨ ਕਰ ਲੈਣ ਕਿ ਉਨ੍ਹਾਂ ਦੀ 3 ਸਾਲ ਦੀ ਕਾਰਗੁਜ਼ਾਰੀ ਬਿਲਕੁਲ ਅਸਫਲ ਰਹੀ ਹੈ।

ਇਹ ਵੀ ਪੜ੍ਹੋ : ਟਿਕ-ਟਾਕ 'ਤੇ ਗਰਲਫਰੈਂਡ ਨੂੰ ਇੰਪ੍ਰੈੱਸ ਕਰਨ ਲਈ ਨਹਿਰ 'ਚ ਮਾਰੀ ਛਾਲ, ਗਵਾ ਬੈਠਾ ਜਾਨ     


Anuradha

Content Editor

Related News