ਦਲਿਤ ਬਣੇਗਾ ਕਾਂਗਰਸ ਦਾ ਨਵਾਂ ਸੂਬਾ ਪ੍ਰਧਾਨ!

11/02/2018 12:33:36 PM

ਜਲੰਧਰ (ਵੈੱਬ ਡੈਸਕ)— ਸੂਬਾ ਪ੍ਰਧਾਨ ਬਦਲਣ ਦੀ ਤਿਆਰੀ ਕਰ ਰਹੀ ਕਾਂਗਰਸ ਇਸ ਅਹੁਦੇ 'ਤੇ ਦਲਿਤ ਚਿਹਰੇ ਨੂੰ ਅੱਗੇ ਲਿਆ ਸਕਦੀ ਹੈ। ਰਾਹੁਲ ਗਾਂਧੀ ਨਵੇਂ ਸੂਬਾ ਪ੍ਰਧਾਨ ਦੇ ਨਾਂ ਦਾ ਐਲਾਨ ਜ਼ਲਦ ਕਰ ਸਕਦੇ ਹਨ। ਕਾਂਗਰਸ ਦਲਿਤ ਨੇਤਾ ਨੂੰ ਹੀ ਕਿਉਂ ਇਸ ਅਹੁਦੇ 'ਤੇ ਲੈ ਕੇ ਆਉਣਾ ਚਾਹੁੰਦੀ ਹੈ, ਸਿਆਸੀ ਮਾਹਰ ਇਸ ਦੇ ਕਈ ਕਾਰਨ ਮੰਨਦੇ ਹਨ ਜਿਨ੍ਹਾਂ 'ਚ ਸਭ ਤੋਂ ਵੱਡਾ ਕਾਰਨ ਚੰਨੀ ਦੀ ਛੁੱਟੀ ਹੋਣ ਮੰਨਿਆ ਜਾ ਰਿਹਾ ਹੈ। 
ਚੰਨੀ ਦੀ ਛੁੱਟੀ ਤੇ ਦਲਿਤ ਕਾਰਡ


ਚਰਨਜੀਤ ਸਿੰਘ ਚੰਨੀ ਕੈਪਟਨ ਕੈਬਨਿਟ 'ਚ ਸ਼ਾਮਲ ਦਲਿਤ ਚਿਹਰਾ ਹਨ। ਮੀ ਟੂ ਵਿਵਾਦ ਦੀ ਲਪੇਟ 'ਚ ਆਏ ਚੰਨੀ ਦੀ ਕਾਂਗਰਸ ਹਾਈ ਕਮਾਂਡ ਵਲੋਂ ਕਿਸੇ ਵੇਲੇ ਵੀ ਛੁੱਟੀ ਕੀਤੀ ਜਾ ਸਕਦੀ ਹੈ। ਜਿਸ ਕਾਰਨ ਕੈਬਨਿਟ ਦਲਿਤ ਵਰਗ ਨੂੰ ਦਿੱਤੀ ਗਈ ਨੁਮਾਇੰਦਗੀ ਖੁਸ ਜਾਵੇਗੀ। ਦਲੀਤ ਵਰਗ ਨੂੰ ਖੁਸ਼ ਕਰਨ ਲਈ ਪਾਰਟੀ ਹੁਣ ਪ੍ਰਧਾਨਗੀ ਦਾ ਅਹੁਦਾ ਇਸ ਹੀ ਵਰਗ ਨੂੰ ਦੇਣਾ ਚਾਹੁੰਦੀ ਹੈ।
'ਆਪ' ਦੇ ਪੈਂਤੜੇ ਦਾ ਤੋੜ


ਦੂਜਾ ਕਾਰਨ ਆਮ ਆਦਮੀ ਪਾਰਟੀ ਵਲੋਂ ਖੇਡਿਆ ਗਿਆ ਦਲਿਤ ਕਾਰਡ ਵੀ ਹੈ। 'ਆਪ' ਨੇ ਬੀਤੇ ਦਿਨੀ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਵਜੋਂ ਹਰਪਾਲ ਸਿੰਘ ਚੀਮਾ ਦੀ ਨਿਯੁਕਤੀ ਕੀਤੀ ਸੀ। ਚੀਮਾ ਦਲਿਤ ਵਰਗ ਨਾਲ ਸੰਬੰਧਿਤ ਹਨ ਅਤੇ 'ਆਪ' ਹਾਈ ਕਮਾਂਡ ਨੇ ਵੀ ਚੀਮਾ ਦੀ ਨਿਯੁਕਤੀ ਪਿੱਛੇ ਦਲਿਤ ਵਰਗ ਨੂੰ ਨੁਮਾਇੰਦਗੀ ਦੇਣ ਦਾ ਕਾਰਨ ਦੱਸਿਆ ਸੀ। ਹੁਣ ਇਸ ਹੀ ਰਸਤੇ 'ਤੇ ਕਾਂਗਰਸ ਵੀ ਚੱਲਣਾ ਚਾਹੁੰਦੀ ਹੈ।
ਵੇਰਕਾ ਤੇ ਰਾਹੁਲ ਦੀਆਂ ਨਜ਼ਦੀਕੀਆਂ


ਕਾਂਗਰਸ ਪ੍ਰਧਾਨ ਲਈ ਦਲਿਤ ਚਿਹਰੇ ਨੂੰ ਨੁਮਾਇੰਦੀ ਦਾ ਇਕ ਕਾਰਨ ਡਾ. ਰਾਜ ਕੁਮਾਰ ਵੇਰਕਾ ਵੀ ਹਨ। ਵੇਰਕਾ ਰਾਹੁਲ ਗਾਂਧੀ ਦੇ ਕਰੀਬੀਆਂ 'ਚੋਂ ਇਕ ਮੰਨ੍ਹੇ ਜਾਂਦੇ ਹਨ। ਉਹ ਬੀਤੇ ਕਈ ਸਾਲਾਂ ਤੋਂ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਵਾਇਸ ਚੇਅਰਮੈਨ ਹਨ।
ਦਲਿਤ ਵੋਟ ਬੈਂਕ


ਪੰਜਾਬ 'ਚ ਜੇਕਰ ਦਲਿਤ ਵਰਗ ਦੇ ਵੋਟ ਬੈਂਕ ਦੀ ਗੱਲ ਕੀਤੀ ਜਾਵੇ ਤਾਂ ਇਹ ਤਕਰੀਬਨ 35 ਫੀਸਦੀ ਹੈ। ਕਾਂਗਰਸ ਹਾਈ ਕਮਾਂਡ ਦਾ ਮੰਨਣਾ ਹੈ ਕਿ ਦਲਿਤ ਆਗੂ ਨੂੰ ਨੁਮਾਇੰਦਗੀ ਦੇ ਕੇ ਸਿੱਧੇ ਤੌਰ 'ਤੇ ਇਸ 35 ਫੀਸਦੀ ਵੋਟ ਬੈਂਕ ਨੂੰ ਕੈਸ਼ ਕੀਤਾ ਜਾ ਸਕਦਾ ਹੈ।