ਸੋਸ਼ਲ ਮੀਡੀਆ ''ਚ ਪਾਏ ਵੀਡੀਓ ''ਤੇ ਬੋਲੇ ਦਲਿਤ

06/10/2017 7:34:28 AM

ਫਗਵਾੜਾ, (ਜਲੋਟਾ)- ਭਗਵਾਨ ਵਾਲਮੀਕਿ ਮੰਦਰ ਬੰਗਾ ਰੋਡ ਫਗਵਾੜਾ ਵਿਖੇ ਦਲਿਤ ਸਮਾਜ ਦੇ ਮੋਹਤਬਰ ਵਿਅਕਤੀਆਂ ਦੀ ਵਿਸ਼ੇਸ਼ ਮੀਟਿੰਗ ਹੋਈ। ਜਿਸ 'ਚ ਦਲਿਤ ਸਮਾਜ ਨਾਲ ਸਬੰਧਤ ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਸਿਆਸੀ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਬੁਲਾਰਿਆਂ ਨੇ ਕਿਹਾ ਕਿ ਇਕ ਹਿੰਦੂ ਸੰਗਠਨ ਦੇ ਪ੍ਰਧਾਨ ਵਲੋਂ ਰਿਜ਼ਰਵੇਸ਼ਨ ਖਿਲਾਫ ਤਿੰਨ ਵੱਖ-ਵੱਖ ਵੀਡੀਓ ਸੋਸ਼ਲ ਮੀਡੀਆ 'ਤੇ ਪਾਈਆਂ ਗਈਆਂ ਸਨ, ਉਸ ਸਬੰਧੀ ਐੱਫ. ਆਈ. ਆਰ. ਦਰਜ ਕਰਨ ਲਈ ਐੱਸ. ਐੱਸ. ਪੀ. ਕਪੂਰਥਲਾ ਨੂੰ ਇਕ ਮੰਗ ਪੱਤਰ ਦਿੱਤਾ ਗਿਆ ਸੀ ਪਰ ਹੁਣ ਤਕ ਕਾਰਵਾਈ ਨਹੀਂ ਹੋਈ ਹੈ।
ਸਮੂਹ ਆਗੂਆਂ ਨੇ ਕਿਹਾ ਕਿ ਦਲਿਤ ਸਮਾਜ ਹਰ ਧਰਮ ਦਾ ਸਤਿਕਾਰ ਕਰਦਾ ਹੈ ਤੇ ਕਦੇ ਵੀ ਕਿਸੇ ਖਿਲਾਫ ਕੋਈ ਅਪਸ਼ਬਦਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਪਰ ਕੁਝ ਸ਼ਰਾਰਤੀ ਅਨਸਰ ਦਲਿਤਾਂ ਦੇ ਅਧਿਕਾਰਾਂ ਨੂੰ ਚੁਣੌਤੀ ਪੇਸ਼ ਕਰਕੇ ਮਾਹੌਲ ਵਿਗਾੜਨ ਦੀ ਕੋਸ਼ਿਸ਼ 'ਚ ਰਹਿੰਦੇ ਹਨ। ਇਸ ਲਈ ਉਹ ਚਿਤਾਵਨੀ ਦਿੰਦੇ ਹਨ ਕਿ ਜੇਕਰ ਸੰਬੰਧਤ ਰਾਜਨੇਤਾ ਦੇ ਖਿਲਾਫ ਪਰਚਾ ਦਰਜ ਨਾ ਹੋਇਆ ਤਾਂ 14 ਜੂਨ ਨੂੰ ਦਲਿਤ ਸਮਾਜ ਫਗਵਾੜਾ ਪੁਲਸ ਦਾ ਘਿਰਾਓ ਕਰੇਗਾ। ਉਨ੍ਹਾਂ ਸਮੂਹ ਜਨਰਲ ਸਮਾਜ ਨੂੰ ਵੀ ਅਪੀਲ ਕੀਤੀ ਕਿ ਸਮਾਜ 'ਚ ਪਾੜਾ ਪਾਉਣ ਵਾਲੇ ਅਜਿਹੇ ਅਨਸਰਾਂ ਦਾ ਸਾਥ ਨਾ ਦਿੰਦੇ ਹੋਏ ਭਾਈਚਾਰਕ ਸਾਂਝ ਨੂੰ ਮਜ਼ਬੂਤ ਬਣਾਈ ਰੱਖਣ 'ਚ ਸਹਿਯੋਗ ਦੇਣ।
ਇਸ ਮੀਟਿੰਗ 'ਚ ਜਰਨੈਲ ਨੰਗਲ, ਹਰਭਜਨ ਸੁਮਨ, ਪਵਨ ਸੇਠੀ, ਸਤੀਸ਼ ਸਲਹੋਤਰਾ, ਵਿਕਰਮ ਬਘਾਣੀਆਂ, ਧਰਮਵੀਰ ਸੇਠੀ, ਕ੍ਰਿਸ਼ਨ ਕੁਮਾਰ ਹੀਰੋ, ਰਾਜਪਾਲ ਘਈ, ਮਨੀਸ਼ ਚੌਧਰੀ, ਯਸ਼ ਬਰਨਾ, ਸੁਰੇਸ਼ ਸਲਹੋਤਰਾ, ਸੁਖਦੇਵ ਚੌਕੜੀਆ, ਅਸ਼ਵਨੀ ਬਘਾਣੀਆਂ, ਬਲਵਿੰਦਰ ਬੋਧ, ਪਰਮਿੰਦਰ ਬੋਧ, ਮਹਿੰਦਰ ਥਾਪਰ ਕੌਂਸਲਰ, ਜਤਿੰਦਰ ਮੋਹਨ ਡੁਮੇਲੀ, ਲਖਵਿੰਦਰ ਲੱਖਾ, ਸਚਿਨ ਸਲਹੋਤਰਾ, ਵਰਿੰਦਰ ਕਲਿਆਣ ਆਦਿ ਹਾਜ਼ਰ ਸਨ।