ਕੇਂਦਰ ਨੂੰ ਪੰਜਾਬ ਯੂਨੀਵਰਸਿਟੀ ਹੜੱਪਣ ਨਹੀਂ ਦਿਆਂਗੇ : ਦਲ ਖਾਲਸਾ

06/20/2022 11:22:37 AM

ਜਲੰਧਰ (ਚਾਵਲਾ)-ਦਲ ਖਾਲਸਾ ਨੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਦਿੱਲੀ ਪੰਜਾਬ ਦੇ ਪਾਣੀਆਂ ਨੂੰ ਲੁੱਟਣ, ਉਸ ਦੀ ਰਾਜਧਾਨੀ ਦੇ ਹੱਕ ’ਤੇ ਡਾਕਾ ਮਾਰਨ ਤੋ ਬਾਅਦ ਪੰਜਾਬ ਯੂਨੀਵਰਸਿਟੀ ਨੂੰ ਖੋਹਣ ਦੀ ਤਿਆਰੀਆਂ ਕਰ ਰਹੀ ਹੈ, ਜਿਸ ਦੇ ਸਿੱਟੇ ਇਸ ਖ਼ਿੱਤੇ ਲਈ ਗੰਭੀਰ ਨਿਕਲਣਗੇ। ਜਥੇਬੰਦੀ ਨੇ ਕਿਹਾ ਕਿ ਜੂਨ ’84 ਤੋਂ ਬਾਅਦ ਪੰਜਾਬ ਅਤੇ ਦਿੱਲੀ ਦੇ ਰਿਸ਼ਤਿਆਂ ’ਚ ਪਹਿਲਾਂ ਹੀ ਤਰੇੜ ਪੈ ਚੁੱਕੀ ਹੈ ਅਤੇ ਕੇਂਦਰ ਦੇ ਇਸ ਨਵੇਂ ਹਮਲੇ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ:  ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਵਧੀ ਬੁਲੇਟ ਪਰੂਫ਼ ਗੱਡੀਆਂ ਦੀ ਮੰਗ, ਜਾਣੋ ਕਿੰਨਾ ਆਉਂਦਾ ਹੈ ਖ਼ਰਚਾ

ਦਲ ਖਾਲਸਾ ਨੇ ਪੰਜਾਬ ਯੂਨੀਵਰਸਿਟੀ ਨੂੰ ਅਦਾਲਤੀ ਅਮਲ ਰਾਹੀਂ ਕੇਂਦਰ ਵੱਲੋਂ ਆਪਣੇ ਕੰਟਰੋਲ ਹੇਠ ਲੈਣ ਦੀਆਂ ਚਲ ਰਹੀਆਂ ਕੋਸ਼ਿਸ਼ਾਂ ਵਿਰੁੱਧ ਸਖ਼ਤ ਰੁਖ ਲੈਂਦਿਆਂ ਕਿਹਾ ਕਿ ਪੰਜਾਬ ਦੇ ਲੋਕ ਕੇਂਦਰ ਨੂੰ ਪੰਜਾਬ ਯੂਨੀਵਰਸਿਟੀ ਹੜੱਪਣ ਨਹੀਂ ਦੇਣਗੇ। ਜਥੇਬੰਦੀ ਨੇ ਪੀ. ਯੂ. ਚੰਡੀਗੜ ਦੇ ਵਿਦਿਆਰਥੀਆਂ ਨਾਲ ਇਕਜੁੱਟਤਾ ਦਾ ਇਜ਼ਹਾਰ ਕਰਦਿਆਂ ਕੇਂਦਰ ਵਿਰੁੱਧ ਸਾਂਝਾ ਸੰਘਰਸ਼ ਕਰਨ ਦਾ ਸੱਦਾ ਦਿੱਤਾ ਹੈ।
ਐਤਵਾਰ ਪਾਰਟੀ ਦੀ ਮੀਟਿੰਗ ਉਪਰੰਤ ਬੁਲਾਰੇ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਜੁਡੀਸ਼ਰੀ ਰਾਹੀਂ ਜਾਂ ਸਿੱਧੇ ਤੌਰ ’ਤੇ ਜੇਕਰ ਕੇਂਦਰ ਨੇ ਯੂਨੀਵਰਸਿਟੀ ਨੂੰ ਪੰਜਾਬ ਪਾਸੋਂ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਦਿੱਲੀ ਨੂੰ ਪੰਜਾਬ ਦਾ ਵਿਰੋਧ ਅਤੇ ਗ਼ੁੱਸਾ ਝੱਲਣਾ ਪਵੇਗਾ। ਯੂਥ ਵਿੰਗ ਦੇ ਆਗੂ ਗੁਰਨਾਮ ਸਿੰਘ ਮੂਨਕਾ ਨੇ ਨਰਿੰਦਰ ਮੋਦੀ ਦੀ ਸਰਕਾਰ ਨੂੰ ਫਾਸੀਵਾਦੀ ਦੱਸਦਿਆਂ ਕਿਹਾ ਕਿ ਭਾਜਪਾ ਦਾ ਏਜੰਡਾ ਕੇਂਦਰ ਨੂੰ ਮਜ਼ਬੂਤ ਅਤੇ ਸਟੇਟਾਂ ਨੂੰ ਕਮਜ਼ੋਰ ਕਰਨਾ ਅਤੇ ਵਿੱਦਿਅਕ ਸੰਸਥਾਵਾਂ ਦਾ ਭਗਵਾਕਰਨ ਕਰਨਾ ਹੈ।

ਇਹ ਵੀ ਪੜ੍ਹੋ: ਕਪੂਰਥਲਾ 'ਚ ਵੱਡੀ ਵਾਰਦਾਤ, ਟੈਕਸੀ ਚਾਲਕ ਦਾ ਕਤਲ ਕਰਕੇ ਖੇਤਾਂ ’ਚ ਸੁੱਟੀ ਲਾਸ਼

ਦਿੱਲੀ ਦੀ ਹਕੂਮਤ ’ਤੇ ਵਰ੍ਹਦਿਆਂ ਦਲ ਖਾਲਸਾ ਆਗੂ ਕੰਵਰਪਾਲ ਸਿੰਘ ਨੇ ਕਿਹਾ ਕਿ ਪਿਛਲੇ 70 ਸਾਲਾਂ ਤੋਂ ਪੰਜਾਬ ਦੇ ਪਾਣੀਆਂ ਨੂੰ ਕੇਂਦਰ ਵੱਲੋਂ ਸੱਤਾ ਦੀ ਤਾਕਤ ਨਾਲ ਜ਼ੋਰ-ਜਬਰੀ ਲੁੱਟਿਆ ਤੇ ਖੋਹਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਖੋਹਣ ਦੀ ਨੀਅਤ ਨਾਲ ਕੇਂਦਰ ਉਸ ਦੇ ਪ੍ਰਸ਼ਾਸਨਿਕ ਢਾਂਚੇ ’ਤੇ ਆਪਣੀ ਪਕੜ ਅਤੇ ਜਕੜ ਮਜ਼ਬੂਤ ਕਰ ਚੁੱਕਾ ਹੈ। ਪਰਮਜੀਤ ਸਿੰਘ ਟਾਂਡਾ ਨੇ ਦਸਿਆ ਕਿ ਜਥੇਬੰਦੀ ਵੱਲੋਂ ਗੁਰਦਾਸਪੁਰ ਦੇ ਪਿੰਡ ਸੈਦੋਵਾਲ ਖ਼ੁਰਦ ਵਿਖੇ 25 ਜੂਨ ਨੂੰ ਘੱਲੂਘਾਰਾ ਜੂਨ ’84 ਅਤੇ ਸਿੱਖ ਸੰਘਰਸ਼ ਦੇ ਸ਼ਹੀਦਾਂ ਦੀ ਯਾਦ ਵਿਚ ਸ਼ਹੀਦੀ ਅਤੇ ਆਜ਼ਾਦੀ ਚੇਤਨਾ ਸਮਾਗਮ ਕੀਤਾ ਜਾਵੇਗਾ, ਜਿਸ ਵਿਚ ਪੰਥਕ ਬੁਲਾਰੇ ਪੰਥ ਅਤੇ ਪੰਜਾਬ ਨੂੰ ਮੌਜੂਦਾ ਸਮੇ ਅੰਦਰ ਚੁਣੌਤੀਆਂ ਅਤੇ ਉਸ ਨਾਲ ਨਜਿੱਠਣ ਲਈ ਨੀਤੀ-ਪੈਂਤੜੇ ਬਾਰੇ ਵਿਚਾਰ ਰੱਖਣਗੇ।

ਇਹ ਵੀ ਪੜ੍ਹੋ: 'ਲਾਲ ਪਰੀ' ਦੇ ਦੀਵਾਨਿਆਂ ਲਈ ਬੁਰੀ ਖ਼ਬਰ: ਢੋਲ ਦੀ ਥਾਪ ’ਤੇ ਨਹੀਂ ਟੁੱਟਣਗੇ ‘ਠੇਕੇ’

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri