ਡੇਅਰੀਆਂ ਦਾ ਕਾਰੋਬਾਰ ਕੋਰੋਨਾ ਕਾਰਨ ਸਿਮਟ ਕੇ ਸਿਰਫ 25 ਫੀਸਦੀ ਰਹਿ ਗਿਆ

06/27/2020 7:53:51 AM

ਜਲੰਧਰ, (ਧਵਨ)– ਕੋਰੋਨਾ ਵਾਇਰਸ ਕਾਰਨ ਜਿੱਥੇ ਸਾਰੇ ਉਦਯੋਗ-ਧੰਦੇ ਤੇ ਵਪਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਕੇ ਰਹਿ ਗਏ ਹਨ, ਉਥੇ ਹੀ ਦੂਜੇ ਪਾਸੇ ਇਸਦੀ ਲਪੇਟ ਵਿਚ ਡੇਅਰੀਆਂ ਦਾ ਕਾਰੋਬਾਰ ਵੀ ਆ ਚੁੱਕਾ ਹੈ। ਕੋਰੋਨਾ ਕਾਰਣ ਡੇਅਰੀ ਦਾ ਕੰਮਕਾਜ ਕਰਨ ਵਾਲੇ ਲੋਕਾਂ ਦਾ ਕਾਰੋਬਾਰ ਸਿਮਟ ਕੇ ਸਿਰਫ 25 ਫੀਸਦੀ ਰਹਿ ਗਿਆ ਹੈ। ਡੇਅਰੀਆਂ ਵਿਚ ਪਹਿਲਾਂ ਜਿਥੇ ਰੋਜ਼ਾਨਾ ਦੁੱਧ, ਮੱਖਣ, ਦਹੀਂ, ਦੇਸੀ ਘਿਓ, ਪਨੀਰ ਤੇ ਹੋਰ ਦੁੱਧ ਤੋਂ ਬਣੇ ਉਤਪਾਦਾਂ ਦੀ ਵਿਕਰੀ ਰੱਜ ਕੇ ਹੁੰਦੀ ਸੀ, ਉਥੇ ਹੀ ਲੋਕ ਸਿਰਫ ਦੁੱਧ ਦੀ ਹੀ ਖਰੀਦਦਾਰੀ ਲਈ ਅੱਗੇ ਆ ਰਹੇ ਹਨ।

ਡੇਅਰੀ ਉਦਯੋਗ ਨਾਲ ਸਬੰਧਤ ਜਲੰਧਰ ਡੇਅਰੀ ਐਸੋਸੀਏਸ਼ਨ ਦੇ ਪ੍ਰਧਾਨ ਜਗਦੇਵ ਲਾਲ ਸ਼ਰਮਾ ਨੇ ਦੱਸਿਆ ਕਿ ਪਿੰਡਾਂ ਵਿਚ ਪਹਿਲਾਂ ਦੁੱਧ ਡੇਅਰੀਆਂ ਵਿਚ ਆ ਕੇ ਵਿਕਦਾ ਸੀ ਪਰ ਹੁਣ ਇਹ ਦੁੱਧ ਕੰਪਨੀਆਂ ਨੇ ਆਪਣੇ ਵੱਲ ਖਿੱਚ ਲਿਆ ਹੈ। ਲੋਕਾਂ ਅੰਦਰ ਕੋਰੋਨਾ ਨੂੰ ਲੈ ਕੇ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਲਈ ਵੀ ਲੋਕ ਘਰਾਂ ਤੋਂ ਘੱਟ ਬਾਹਰ ਆ ਕੇ ਖਰੀਦਦਾਰੀ ਕਰ ਰਹੇ ਹਨ। ਡੇਅਰੀਆਂ ਵਿਚ ਆਉਣ ਵਾਲੇ ਲੋਕਾਂ ਦੀ ਗਿਣਤੀ ਕਾਫੀ ਘੱਟ ਚੁੱਕੀ ਹੈ।

ਸ਼ਰਮਾ ਨੇ ਦੱਸਿਆ ਕਿ ਹਾਲਾਤ ਹੁਣ ਅਜਿਹੇ ਬਣ ਚੁੱਕੇ ਹਨ ਕਿ ਡੇਅਰੀਆਂ ਵਿਚ ਕੰਮ ਕਰਨ ਵਾਲੇ 2-3 ਕਰਮਚਾਰੀਆਂ ਦਾ ਖਰਚਾ ਕੱਢਣਾ ਵੀ ਮੁਸ਼ਕਲ ਹੋ ਗਿਆ ਹੈ। ਇਨ੍ਹਾਂ ਕਰਮਚਾਰੀਆਂ ਨੂੰ ਤਨਖਾਹ ਦੇਣ ਦੇ ਲਾਲੇ ਪੈ ਚੁੱਕੇ ਹਨ। ਉਨ੍ਹਾਂ ਕਿਹਾ ਕਿ ਵਾਸਤਵਿਕ ਵਿਚ ਡੇਅਰੀ ਵਿਚ ਆਉਣ ਵਾਲੇ ਲੋਕਾਂ ਦੀ ਗਿਣਤੀ ਕੇਵਲ 25 ਫੀਸਦੀ ਰਹਿ ਗਈ ਹੈ।

ਦੁੱਧ ਉਤਪਾਦਾਂ ਵਿਚ ਕਿਲੋ ਦੇ ਪਿੱਛੇ ਕੇਵਲ 10 ਤੋਂ 20 ਰੁਪਏ ਦੀ ਕਮਾਈ

ਡੇਅਰੀ ਐਸੋਸੀਏਸ਼ਨ ਦਾ ਮੰਨਣਾ ਹੈ ਕਿ ਦੁੱਧ ਤੋਂ ਬਣਨ ਵਾਲੇ ਉਤਪਾਦਾਂ ਵਿਚ ਕੇਵਲ 10 ਤੋਂ 20 ਰੁਪਏ ਪ੍ਰਤੀ ਕਿਲੋ ਦੇ ਪਿੱਛੇ ਕਮਾਈ ਹੋ ਰਹੀ ਹੈ। ਹੁਣ ਗਰਮੀਆਂ ਵਿਚ ਵੈਸੇ ਵੀ ਦੁੱਧ ਦੀ ਸਪਲਾਈ ਘੱਟ ਹੋ ਜਾਂਦੀ ਹੈ, ਜਿਸ ਨਾਲ ਦੁੱਧ ਦੇ ਰੇਟ ਵਧ ਜਾਂਦੇ ਹਨ। ਦੇਸੀ ਘਿਓ ਦੇ ਮਾਮਲੇ ਵਿਚ ਤਾਂ ਕਮਾਈ ਸਿਰਫ 10 ਰੁਪਏ ਪ੍ਰਤੀ ਕਿਲੋ ਤੱਕ ਸਿਮਟ ਕੇ ਰਹਿ ਗਈ ਹੈ। ਅਜਿਹੇ ਹਾਲਾਤ ਵਿਚ ਕਿਸ ਤਰ੍ਹਾਂ ਨਾਲ ਕੰਮਕਾਜ ਚੱਲ ਸਕੇਗਾ। ਡੇਅਰੀ ਐਸੋਸੀਏਸ਼ਨ ਨੇ ਕਿਹਾ ਕਿ ਅਸਲ ਵਿਚ ਜਦ ਤੱਕ ਡੇਅਰੀਆਂ ਨੂੰ ਸਰਕਾਰ ਤੋਂ ਮਦਦ ਨਹੀਂ ਮਿਲਦੀ ਤਦ ਤੱਕ ਉਸਦਾ ਕੰਮਕਾਜ ਚੱਲਣਾ ਮੁਸ਼ਕਲ ਹੀ ਹੋਵੇਗਾ।
ਡੇਅਰੀ ਐਸੋਸੀਏਸ਼ਨ ਦੇ ਮੈਂਬਰ ਜ਼ਿਲਾ ਪ੍ਰਸ਼ਾਸਨ ਨੂੰ ਮਿਲੇ

ਡੇਅਰੀ ਐਸੋਸੀਏਸ਼ਨ ਦੇ ਮੈਂਬਰਾਂ ਨੇ ਜ਼ਿਲਾ ਪ੍ਰਸ਼ਾਸਨ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦੇ ਸਾਹਮਣੇ ਆਪਣੀਆਂ ਸਮੱਸਿਆਵਾਂ ਰੱਖੀਆਂ। ਉਨ੍ਹਾਂ ਕਿਹਾ ਕਿ ਕੋਵਿਡ ਸੰਕਟ ਨੂੰ ਦੇਖਦੇ ਹੋਏ ਛੋਟੀ ਡੇਅਰੀਆਂ ਨੂੰ ਰਾਹਤ ਪੈਕੇਜ ਦਿੱਤਾ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਵਾਸਤਵ ਵਿਚ ਕੇਂਦਰ ਸਰਕਾਰ ਨੇ ਵੱਡੇ ਉਦਯੋਗਾਂ ਲਈ ਪੈਕੇਜ ਤਾਂ ਐਲਾਨ ਕੀਤਾ ਪਰ ਛੋਟੀਆਂ ਡੇਅਰੀਆਂ ਲਈ ਪੈਕੇਜ ਦਾ ਐਲਾਨ ਨਹੀਂ ਕੀਤਾ ਗਿਆ। ਇਨ੍ਹਾਂ ਡੇਅਰੀਆਂ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਉਪਰ ਗੰਭੀਰ ਆਰਥਿਕ ਸੰਕਟ ਆ ਚੁੱਕਾ ਹੈ। ਕਈਆਂ ਦੇ ਤਾਂ ਰੋਜ਼ਗਾਰ ਵੀ ਖੋਹ ਚੁੱਕੇ ਹਨ। ਅਜਿਹੀ ਹਾਲਤ ਵਿਚ ਇਸ ਨੂੰ ਸੰਭਾਲਣ ਲਈ ਡੇਅਰੀਆਂ ਨੂੰ ਰਾਹਤ ਪੈਕੇਜ ਦਾ ਇੰਤਜ਼ਾਰ ਹੈ।
 


Lalita Mam

Content Editor

Related News