ਦਿਨ-ਦਿਹਾੜੇ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ

Friday, Jun 08, 2018 - 05:32 AM (IST)

ਨਵਾਂਗਰਾਓਂ, (ਮੁਨੀਸ਼)- ਭੀੜ-ਭੜੱਕੇ ਵਾਲੀ ਜਨਤਾ ਕਾਲੋਨੀ 'ਚ ਦਿਨ-ਦਿਹਾੜੇ ਮੋਟਰਸਾਈਕਲ ਸਵਾਰ ਨਕਾਬਪੋਸ਼ਾਂ ਨੇ ਗੋਲੀਆਂ ਮਾਰ ਕੇ ਨੌਜਵਾਨ ਦੀ ਹੱਤਿਆ ਕਰ ਦਿੱਤੀ।  ਮਨਰ ਵਾਲਾ ਮੈਡੀ (25) ਜਨਤਾ ਕਾਲੋਨੀ 'ਚ ਇਕ ਦਰੱਖਤ ਹੇਠਾਂ ਤਾਸ਼ ਖੇਡ ਰਿਹਾ ਸੀ ਕਿ ਮੋਟਰਸਾਈਕਲ 'ਤੇ ਆਏ ਮੁਲਜ਼ਮਾਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਮੈਡੀ ਨੂੰ 2 ਗੋਲੀਆਂ ਲੱਗੀਆਂ। ਲੋਕਾਂ ਨੇ ਉਸ ਨੂੰ ਪੀ. ਜੀ. ਆਈ. ਪਹੁੰਚਾਇਆ, ਜਿੱਥੇ ਉਸ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਪੁਲਸ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਉਥੋਂ 4 ਗੋਲੀਆਂ ਦੇ ਖੋਲ ਅਤੇ 3 ਜ਼ਿੰਦਾ ਕਾਰਤੂਸ ਬਰਾਮਦ ਕੀਤੇ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।       
ਦੋਸਤਾਂ ਨਾਲ ਖੇਡ ਰਿਹਾ ਸੀ ਤਾਸ਼
ਮੌਕੇ ਦੇ ਗਵਾਹਾਂ ਅਨੁਸਾਰ ਮੈਡੀ ਆਪਣੇ ਦੋਸਤਾਂ ਨਾਲ ਦੁਪਹਿਰ ਬਾਅਦ ਦਰੱਖਤ ਹੇਠਾਂ ਤਾਸ਼ ਖੇਡ ਰਿਹਾ ਸੀ ਕਿ ਉਸੇ ਦੌਰਾਨ ਕੁਝ ਲੜਕੇ ਮੋਟਰਸਾਈਕਲ 'ਤੇ ਆਏ ਤੇ ਮੈਡੀ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਮੈਡੀ ਨੇ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਰਸਤਾ ਤੰਗ ਹੋਣ ਕਾਰਨ ਉਸ ਨੂੰ ਗੋਲੀਆਂ ਲੱਗ ਗਈਆਂ ਤੇ ਉਹ ਉਥੇ ਹੀ ਡਿੱਗ ਗਿਆ ਤੇ ਮੁਲਜ਼ਮ ਬਾਈਕ 'ਤੇ ਚੰਡੀਗੜ੍ਹ ਪਾਸੇ ਫਰਾਰ ਹੋ ਗਏ।  
ਵਾਰਦਾਤ ਨਾਲ ਸਹਿਮੇ ਲੋਕPunjabKesariਜਨਤਾ ਕਾਲੋਨੀ ਵਿਚ ਨੌਜਵਾਨ ਦੀ ਦਿਨ-ਦਿਹਾੜੇ ਹੱਤਿਆ ਤੋਂ ਬਾਅਦ ਲੋਕ ਸਹਿਮੇ ਹੋਏ ਹਨ। ਪੁਲਸ ਨੇ ਮੁਲਜ਼ਮਾਂ ਨੂੰ ਦਬੋਚਣ ਲਈ ਨਵਾਂਗਰਾਓਂ ਨੂੰ ਸੀਲ ਕਰ ਦਿੱਤਾ ਪਰ ਮੁਲਜ਼ਮ ਹੱਥ ਨਹੀਂ ਆਏ। ਪੁਲਸ ਦੇਰ ਰਾਤ ਤਕ ਨਵਾਂਗਰਾਓਂ 'ਚ ਆਉਣ ਵਾਲਿਆਂ ਦੀ ਚੈਕਿੰਗ ਕਰਦੀ ਰਹੀ। 
ਰੰਜਿਸ਼ ਤਹਿਤ ਕੀਤਾ ਕਤਲ
ਗੋਲੀ ਚੱਲਣ ਦੀ ਸੂਚਨਾ ਮਿਲਣ 'ਤੇ ਐੱਸ. ਐੱਚ. ਓ.  ਭਗਵੰਤ ਸਿੰਘ,  ਡੀ. ਐੱਸ. ਪੀ. ਆਲਮ ਵਿਜੇ, ਸੀ. ਆਈ. ਏ. ਇੰਚਾਰਜ ਤਰਲੋਚਨ ਸਿੰਘ ਮੌਕੇ 'ਤੇ ਪੁੱਜੇ ਤੇ ਘਟਨਾ ਸਥਾਨ ਦੀ ਜਾਂਚ ਕੀਤੀ। ਮ੍ਰਿਤਕ ਦੇ ਚਚੇਰੇ ਭਰਾ ਵਿੱਕੀ ਨੇ ਦੱਸਿਆ ਕਿ ਪੁਲਸ ਕਰਮਚਾਰੀਆਂ ਦੀ ਇਕ ਟੀਮ ਪੀ. ਜੀ. ਆਈ. ਪਹੁੰਚੀ ਤੇ ਜ਼ਖ਼ਮੀ ਮੈਡੀ ਦੇ ਬਿਆਨ ਦਰਜ ਕੀਤੇ। ਇਸ ਤੋਂ ਬਾਅਦ ਉਸ ਨੇ ਦਮ ਤੋੜ ਦਿੱਤਾ। ਪੁਲਸ ਨੇ ਦੱਸਿਆ ਕਿ ਹੁਣ ਤਕ ਮਾਮਲਾ ਰੰਜਿਸ਼ ਦਾ ਲੱਗ ਰਿਹਾ ਹੈ। ਮੈਡੀ ਦੀ ਕਈ ਲੋਕਾਂ ਨਾਲ ਲੜਾਈ ਹੋਈ ਸੀ ਤੇ ਉਸ ਖਿਲਾਫ ਕਈ ਕੇਸ ਵੀ ਦਰਜ ਸਨ। 


Related News