ਡੀ. ਸੀ. ਦਫਤਰ ਕਰਮਚਾਰੀਆਂ ਨੇ ਕਾਲੇ ਬਿੱਲੇ ਲਗਾ ਕੇ ਕੀਤਾ ਰੋਸ ਪ੍ਰਦਰਸ਼ਨ

09/06/2017 6:58:53 AM

ਕਪੂਰਥਲਾ, (ਮਲਹੋਤਰਾ)- ਪੰਜਾਬ ਰਾਜ ਡੀ. ਸੀ. ਦਫਤਰ ਕਰਮਚਾਰੀ ਯੂਨੀਅਨ ਵਲੋਂ 17 ਅਗਸਤ ਨੂੰ ਲਏ ਗਏ ਫੈਸਲੇ ਅਨੁਸਾਰ ਸਰਕਾਰ ਵਲੋਂ ਮੰਗਾਂ ਨਾ ਮੰਨਣ ਦੇ ਰੋਸ ਵਜੋਂ ਮੰਗਲਵਾਰ ਨੂੰ ਜ਼ਿਲਾ ਡੀ. ਸੀ ਦਫਤਰ ਕਮਰਚਾਰੀ ਯੂਨੀਅਨ ਕਪੂਰਥਲਾ ਦੇ ਪ੍ਰਧਾਨ ਨਰਿੰਦਰ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਦਫਤਰ ਡਿਪਟੀ ਕਮਿਸ਼ਨਰ ਕਪੂਰਥਲਾ, ਵਧੀਕ ਡਿਪਟੀ ਕਮਿਸ਼ਨਰ ਕਪੂਰਥਲਾ, ਫਗਵਾੜਾ, ਐੱਸ. ਡੀ. ਐੱਮ. ਦਫਤਰ ਕਪੂਰਥਲਾ, ਫਗਵਾੜਾ, ਸੁਲਤਾਨਪੁਰ ਲੋਧੀ ਤੇ ਭੁਲੱਥ, ਦਫਤਰ ਤਹਿਸੀਲਦਾਰ, ਨਾਇਬ ਤਹਿਸੀਲਦਾਰ ਭੁਲੱਥ ਫਗਵਾੜਾ, ਸੁਲਤਾਨਪੁਰ ਲੋਧੀ, ਤਲਵੰਡੀ ਚੌਧਰੀਆਂ, ਢਿੱਲਵਾਂ 'ਚ ਕੰਮ ਕਰਦੇ ਸਮੂਹ ਕਰਮਚਾਰੀਆਂ ਵਲੋਂ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਸਰਕਾਰ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ। 
ਇਸ ਮੌਕੇ 'ਤੇ ਜ਼ਿਲਾ ਪ੍ਰਧਾਨ ਨਰਿੰਦਰ ਸਿੰਘ ਚੀਮਾ ਨੇ ਕਿਹਾ ਕਿ ਡੀ. ਸੀ. ਦਫਤਰਾਂ ਵਿਚ ਸਟਾਫ ਦੀ ਘਾਟ ਹੈ ਪਰ ਪੰਜਾਬ ਸਰਕਾਰ ਵਲੋਂ ਨਿਰਧਾਰਿਤ ਨਾਰਮਜ਼ 1995 ਮੁਤਾਬਿਕ ਅਸਾਮੀਆਂ ਨਹੀਂ ਦਿੱਤੀਆਂ ਜਾ ਰਹੀਆਂ। 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ, 6ਵੇਂ ਤਨਖਾਹ ਕਮਿਸ਼ਨ ਭੱਤੇ ਦੀਆਂ ਕਿਸ਼ਤਾਂ ਦੀ ਤੁਰੰਤ ਨਗਦ ਅਦਾਇਗੀ ਕਰਨਾ, ਸੁਪਰਡੈਂਟ ਮਾਲ ਤੋਂ ਤਹਿਸੀਲਦਾਰ ਪਦ ਉੱਨਤ, ਸੀਨੀਅਰ ਸਹਾਇਕ ਤੋਂ ਨਾਇਬ ਤਹਿਸੀਲਦਾਰ ਪਦ ਉੱਨਤੀ ਲਈ 5 ਸਾਲ ਦੀ ਸ਼ਰਤ ਘਟਾ ਕੇ 2 ਸਾਲ ਦਾ ਨੋਟੀਫਿਕੇਸ਼ਨ ਨਾ ਕਰਨਾ ਆਦਿ ਮੰਗਾਂ ਨੂੰ ਨਾ ਮੰਨਣ ਦੇ ਰੋਸ ਵਜੋਂ ਇਹ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਹੈ।
ਚੀਮਾ ਨੇ ਕਿਹਾ ਕਿ 6 ਸਤੰਬਰ ਨੂੰ ਗੇਟ ਰੈਲੀਆਂ ਕਰਕੇ ਸਰਕਾਰ ਖਿਲਾਫ ਰੋਸ ਮੁਜ਼ਾਹਰੇ ਕੀਤੇ ਜਾਣਗੇ ਅਤੇ ਮੁਲਾਜ਼ਮ ਵਿਰੋਧੀ ਨੋਟੀਫਿਕੇਸ਼ਨਾਂ ਅਤੇ ਪੱਤਰਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਕਰਮਚਾਰੀਆਂ ਦੀ ਤਨਖਾਹ 6 ਸਤੰਬਰ ਤਕ ਜਾਰੀ ਨਾ ਕੀਤੀ ਤਾਂ 7 ਸਤੰਬਰ ਤੋਂ ਦਫਤਰੀ ਕੰਮ ਬੰਦ ਕਰਕੇ ਸਰਕਾਰ ਦੇ ਖਿਲਾਫ ਰੋਸ ਮੁਜ਼ਾਹਰਾ ਕੀਤਾ ਜਾਵੇਗਾ।