ਡੀ. ਸੀ. ਐੱਮ. ਕਿਰਤੀਆਂ ਨੇ ਪ੍ਰਬੰਧਕਾਂ ਵਿਰੁੱਧ ਜਤਾਇਆ ਰੋਸ

03/16/2018 11:38:17 PM

ਰੂਪਨਗਰ, (ਵਿਜੇ)- ਡੀ.ਸੀ.ਐੱਮ. ਫੈਕਟਰੀ ਦੇ ਕਿਰਤੀਆਂ ਵੱਲੋਂ ਫੈਕਟਰੀ ਪ੍ਰਬੰਧਕਾਂ ਦੇ ਵਿਰੁੱਧ ਯੂਨੀਅਨ ਪ੍ਰਧਾਨ ਰਵਿੰਦਰ ਰਾਣਾ ਦੀ ਪ੍ਰਧਾਨਗੀ 'ਚ ਮੀਟਿੰਗ ਪ੍ਰੇਮ ਨਗਰ 'ਚ ਕੀਤੀ ਗਈ।
ਕਿਰਤੀਆਂ ਨੂੰ ਸੰਬੋਧਨ ਕਰਦੇ ਹੋਏ ਰਵਿੰਦਰ ਰਾਣਾ ਨੇ ਕਿਹਾ ਕਿ ਪ੍ਰਬੰਧਕ ਕਿਰਤੀਆਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਸਬੰਧੀ ਬੀਤੇ ਦੋ ਸਾਲ ਤੋਂ ਟਾਲ-ਮਟੋਲ ਕਰ ਰਹੇ ਹਨ। ਪ੍ਰਬੰਧਕ ਕਿਰਤ ਨੇਤਾਵਾਂ ਨਾਲ ਗੱਲਬਾਤ ਦੀ ਬਜਾਏ ਮਸਲੇ ਨੂੰ ਉਲਝਾਉਣ 'ਚ ਲੱਗੇ ਹਨ। ਉਨ੍ਹਾਂ ਕਿਹਾ ਕਿ 21 ਦਸੰਬਰ 2017 ਨੂੰ ਹੋਏ ਸਮਝੌਤੇ ਨੂੰ ਲੈ ਕੇ ਵਿਭਾਗ ਅਤੇ ਪ੍ਰਸ਼ਾਸਨ ਤਿੰਨ ਮਹੀਨੇ ਬਾਤ ਜਾਣ 'ਤੇ ਵੀ ਲਾਗੂ ਨਹੀਂ ਕਰ ਰਿਹਾ। ਜਦੋਂ ਕਿ 35 ਸਸਪੈਂਡ ਕੀਤੇ ਗਏ ਕਿਰਤੀਆਂ ਨੂੰ 15-20 ਦਿਨਾਂ 'ਚ ਕੰਮ 'ਤੇ ਲਏ ਜਾਣ ਦਾ ਕਰਾਰ ਹੋਇਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਲੇਬਰ ਵਿਭਾਗ ਫੈਕਟਰੀ ਪ੍ਰਬੰਧਕਾਂ ਦੀ ਹਮਾਇਤ 'ਚ ਜੁਟਿਆ ਹੈ ਜਦੋਂ ਕਿ ਪ੍ਰਸ਼ਾਸਨ ਕਿਰਤੀਆਂ ਦੀਆਂ ਸਮੱਸਿਆਵਾਂ ਹੱਲ ਕਰਵਾਉਣ ਦੀ ਬਜਾਏ ਫੈਕਟਰੀ ਦੇ ਗੇਟ 'ਤੇ ਪੁਲਸ ਮੁਲਾਜ਼ਮਾਂ ਦੀ ਗਿਣਤੀ ਵਧਾ ਰਿਹਾ ਹੈ, ਜਿਸ ਕਾਰਨ ਮੁਲਾਜ਼ਮਾਂ 'ਚ ਡਰ ਦਾ ਮਾਹੌਲ ਹੈ। 
ਬੇਸਿਕ ਟ੍ਰੇਨਿੰਗ ਸੈਂਟਰ ਦੇ ਵਿਦਿਆਰਥੀਆਂ ਨੂੰ ਪ੍ਰਬੰਧਕਾਂ ਦੁਆਰਾ ਸ਼ਿਫਟਾਂ 'ਚ ਬੁਲਾ ਕੇ ਪ੍ਰੋਡਕਸ਼ਨ ਦਾ ਕੰਮ ਲਿਆ ਜਾ ਰਿਹਾ ਅਤੇ ਵਿਦਿਆਰਥੀਆਂ ਨੂੰ ਇਸ ਦਾ ਕੋਈ ਪ੍ਰੋਡਕਸ਼ਨ ਲਾਭ ਨਹੀਂ ਦਿੱਤਾ ਜਾ ਰਿਹਾ। ਇਸ ਦੌਰਾਨ ਵਿਦਿਆਰਥੀਆਂ ਦੀਆਂ ਜਮਾਤਾਂ ਵੀ ਨਹੀਂ ਲਾਈਆਂ ਜਾਂਦੀਆਂ। ਜਿਸ ਨੂੰ ਲੈ ਕੇ ਲੇਬਰ ਵਿਭਾਗ ਅਤੇ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਜਾ ਚੁੱਕਾ ਹੈ। ਉਨ੍ਹਾਂ ਉੱਚ ਅਧਿਕਾਰੀਆਂ ਤੋਂ ਇਸ ਮਾਮਲੇ 'ਚ ਸਹਿਯੋਗ ਦੀ ਮੰਗ ਕੀਤੀ। 
ਇਸ ਮੌਕੇ ਮੁਲਾਜ਼ਮ ਆਗੂ ਗੁਰਚਰਨ ਸਿੰਘ, ਮਨਜੀਤ ਚੀਮਾ, ਜਸਪਾਲ ਸਿੰਘ ਮਾਜਰੀ, ਰਾਜੇਸ਼ ਚੋਪੜਾ, ਰਾਜ ਬਹਾਦਰ, ਰਿਸ਼ੂ ਕੁਮਾਰ ਤੇ ਸੁਖਵੀਰ ਨੇ ਕਿਹਾ ਕਿ ਜੇਕਰ ਪ੍ਰਬੰਧਕਾਂ ਵੱਲੋਂ ਕਿਰਤੀਆਂ ਦੀਆਂ ਮੰਗਾਂ ਅਤੇ ਸਮੱਸਿਆਵਾਂ ਦਾ ਹੱਲ ਨਾ ਕੀਤਾ ਗਿਆ ਅਤੇ ਸਸਪੈਂਡ ਕੀਤੇ 35 ਕਿਰਤੀਆਂ ਨੂੰ ਵਾਪਿਸ ਕੰਮ 'ਤੇ ਨਾ ਬੁਲਾਇਆ ਗਿਆ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।