ਸਿਲੰਡਰ ਨੂੰ ਲੱਗੀ ਅੱਗ, ਵੱਡਾ ਹਾਦਸਾ ਹੋਣੋ ਟਲਿਆ (ਤਸਵੀਰਾਂ)

10/17/2017 12:23:40 PM

ਜਗਰਾਓਂ (ਜਸਬੀਰ ਸ਼ੇਤਰਾ) : ਸੋਮਵਾਰ ਦੁਪਹਿਰੇ ਇਥੇ ਇਕ ਗੈਸ ਸਿਲੰਡਰ ਨੂੰ ਅੱਗ ਲੱਗ ਗਈ ਪਰ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ। ਲੋਕਾਂ ਨੇ ਸੂਝ-ਬੂਝ ਨਾਲ ਅੱਗ ਲੱਗੇ ਸਿਲੰਡਰ ਨੂੰ ਮਿੱਟੀ ’ਚ ਦੱਬ ਦਿੱਤਾ। ਫਾਇਰ ਬ੍ਰਿਗੇਡ ਵੀ ਮੌਕੇ ’ਤੇ ਸੱਦ ਲਈ ਗਈ ਅਤੇ ਕੁਝ ਹੀ ਮਿੰਟਾਂ ’ਚ ਗੈਸ ਏਜੰਸੀ ਦੇ ਮੁਲਾਜ਼ਮ ਵੀ ਪਹੁੰਚ ਗਏ। ਇਨ੍ਹਾਂ ਸਾਰਿਆਂ ਨੇ ਲੋਕਾਂ ਦੀ ਮਦਦ ਨਾਲ ਸਿਲੰਡਰ ਫਟਣ ਤੋਂ ਬਚਾਅ ਲਿਆ। ਵੇਰਵਿਆਂ ਅਨੁਸਾਰ ਇਥੋਂ ਦੇ ਅਗਵਾੜ ਲਧਾਈ ’ਚ ਚੁੰਗੀ ਨੰਬਰ 7 ਦੇ ਇਲਾਕੇ ’ਚ ਸਥਿਤ ਇਕ ਘਰ ’ਚ ਗੈਸ ਸਿਲੰਡਰ ਨੂੰ ਅਚਾਨਕ ਅੱਗ ਲੱਗ ਗਈ, ਜਿਸ ਘਰ ’ਚ ਇਹ ਹਾਦਸਾ ਹੋਇਆ ਉਸ ਦੇ ਪਰਿਵਾਰ ਮੈਂਬਰਾਂ ਅਨੁਸਾਰ ਜਿਵੇਂ ਹੀ ਚਾਹ ਗਰਮ ਕਰਨ ਲਈ ਅੱਗ ਲਗਾਈ ਤਾਂ ਅੱਗ ਸਿਲੰਡਰ ਨੂੰ ਪੈ ਗਈ। ਘਰ ਦੀਆਂ ਔਰਤਾਂ ਸਿਲੰਡਰ ਨੂੰ ਅੱਗ ਲੱਗਣ ਤੋਂ ਘਬਰਾ ਗਈਆਂ ਪ੍ਰੰਤੂ ਘਰ ਦੇ ਮਾਲਕ ਰਿੰਕੂ ਗਿੱਲ ਨੇ ਅਜਿਹੀ ਸਥਿਤੀ ’ਚ ਬਹਾਦਰੀ ਨਾਲ ਅੱਗ ਲੱਗੇ ਸਿਲੰਡਰ ਨੂੰ ਘਰ ਤੋਂ ਬਾਹਰ ਲਿਆਂਦਾ। ਉਸ ਸਮੇਂ ਫਾਇਰ ਬ੍ਰਿਗੇਡ ਨੂੰ ਵੀ ਸੂਚਨਾ ਦੇ ਦਿੱਤੀ ਗਈ, ਜਿਸ ਨੇ ਮਿੰਟਾਂ ’ਚ ਹੀ ਪਹੁੰਚ ਕੇ ਅੱਗ ’ਤੇ ਕਾਬੂ ਪਾ ਲਿਆ।
ਸੁਰੱਖਿਆ ਵਜੋਂ ਸਿਲੰਡਰ ਨੂੰ ਗਲੀ ’ਚ ਮਿੱਟੀ ਪੁੱਟ ਕੇ ਦੱਬ ਦਿੱਤਾ ਗਿਆ ਤਾਂ ਜੋ ਵੱਡੇ ਨੁਕਸਾਨ ਤੋਂ ਬਚਾਅ ਹੋ ਸਕੇ। ਸਮਾਜ ਸੇਵੀ ਉਦਮੀ ਨੌਜਵਾਨ ਸੁਖ ਜਗਰਾਓਂ ਨੇ ਐਮਰਜੈਂਸੀ ਨੰਬਰ 100 ਅਤੇ 101 ਵਾਰ-ਵਾਰ ਡਾਇਲ ਕੀਤਾ ਪਰ ਇਹ ਨਹੀਂ ਮਿਲਿਆ, ਜਿਸ ਕਰਕੇ ਮੁਹੱਲਾ ਨਿਵਾਸੀ ਟੀਟੂ ਗਿੱਲ ਖੁਦ ਮਿਉਂਸਪਲ ਕਮੇਟੀ ਗਿਆ ਤੇ ਫਾਇਰ ਬ੍ਰਿਗੇਡ ਦੀ ਗੱਡੀ ਲਿਆਂਦੀ। ਇਨ੍ਹਾਂ ਲੋਕਾਂ ਦਾ ਕਹਿਣਾ ਸੀ ਕਿ ਅਜਿਹੀ ਅਣਗਹਿਲੀ ਤੇ ਲਾਹਪ੍ਰਵਾਹੀ ਕਾਰਨ ਜੇਕਰ ਕੋਈ ਵੱਡਾ ਹਾਦਸਾ ਵਾਪਰ ਜਾਵੇ ਤਾਂ ਜ਼ਿੰਮੇਵਾਰੀ ਕਿਸ ਦੀ ਹੋਵੇਗੀ? ਦੂਜੇ ਪਾਸੇ ਮੌਕੇ ’ਤੇ ਪਹੁੰਚੇ ਗੈਸ ਏਜੰਸੀ ਦੇ ਪੱਪੂ ਯਾਦਵ ਤੇ ਦਿਨੇਸ਼ ਨੇ ਦੱਸਿਆ ਕਿ ਅੱਗ ਰੈਗੂਲੇਟਰ ’ਚ ਖਰਾਬੀ ਕਰਕੇ ਲੱਗੀ। ਪੱਪੂ ਯਾਦਵ ਨੇ ਕਿਹਾ ਕਿ ਸੁਰੱਖਿਆ ਦੇ ਲਿਹਾਜ਼ ਤੋਂ ਚਾਹੀਦਾ ਹੈ ਕਿ ਗੈਸ ਦੀ ਵਰਤੋਂ ਤੋਂ ਫੌਰੀ ਬਾਅਦ ਰੈਗੂਲੇਟਰ ਤੋਂ ਗੈਸ ਸਪਲਾਈ ਬੰਦ ਕੀਤੀ ਜਾਵੇ।